ਮਲੋਟ, 15 ਜੁਲਾਈ (ਅਜਮੇਰ ਸਿੰਘ ਬਰਾੜ)-ਕਿਸਾਨਾਂ ਦੀ ਵੀ ਕਿਤੇ ਨਾ ਕਿਤੇ ਇੱਛਾ ਹੈ ਕਿ ਉਹ ਫ਼ਸਲੀ ਵਿਭਿੰਨਤਾ ਵੱਲ ਆਉਣ ਪਰ ਕੁਦਰਤ ਸ਼ਾਇਦ ਇਸ ਦਾ ਸਾਥ ਨਹੀਂ ਦੇ ਰਹੀ | ਮਾਲਵੇ ਵਿਚ ਕਾਫ਼ੀ ਸਾਲਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਝੋਨੇ ਅਤੇ ਕਣਕ ਤੋਂ ਇਲਾਵਾ ਹੁਣ ਮਾਲਵੇ ਦੀ ਜੱਦੀ ਫ਼ਸਲ ਸਮਝੀ ਜਾਣ ਵਾਲੀ ਵੱਡੀ ਆਰਥਿਕ ਲਾਭ ਦੇਣ ਵਾਲੀ ਮੁੱਖ ਫ਼ਸਲ ਨਰਮਾ ਵੀ ਕਿਸਾਨਾਂ ਦੇ ਹੱਥੋਂ ਲਗਪਗ ਨਿਕਲ ਚੁੱਕਾ ਹੈ ਤੇ ਕਿਸਾਨਾਂ ਕੋਲ ਝੋਨਾ ਤੇ ਕਣਕ ਹੀ ਰਵਾਇਤੀ ਫ਼ਸਲਾਂ ਰਹਿ ਗਈਆਂ ਹਨ | ਕਿਸਾਨਾਂ ਨੇ ਫਸਲ ਵਿਭਿੰਨਤਾ ਨੂੰ ਅਪਣਾਉਂਦਿਆਂ ਮੂੰਗੀ ਦੀ ਫਸਲ ਵੱਲ ਨੂੰ ਕੀਤਾ ਸੀ ਪਰ ਮਲੋਟ ਅਤੇ ਹੋਰ ਆਸ ਪਾਸ ਦੇ ਪਿੰਡਾਂ ਵਿਚ ਕੱਲ ਲਗਪਗ ਸਾਰਾ ਦਿਨ ਪਏ ਮੀਂਹ ਤੇ ਅੱਜ ਫਿਰ ਦੁਪਹਿਰੋਂ ਬਾਅਦ ਪੈ ਰਹੇ ਮੀਂਹ ਕਰਕੇ ਮੂੰਗੀ ਦੀ ਫ਼ਸਲ ਕਿਸਾਨਾਂ ਦੇ ਹੱਥੋਂ ਕਿ ਵਾਰੀ ਨਿਕਲ ਗਈ ਹੈ | ਪੈ ਰਹੇ ਮੀਂਹ ਕਰਕੇ ਜਿੱਥੇ ਝੋਨੇ ਦੀ ਫਸਲ ਨੂੰ ਭਰਪੂਰ ਲਾਹਾ ਮਿਲ ਰਿਹਾ ਹੈ ਉਥੇ ਜੇਕਰ ਇਹ ਮੀਂਹ ਨਾ ਰੁਕਿਆ ਤਾਂ ਨਰਮੇ ਦੀ ਫ਼ਸਲ ਵੀ ਪ੍ਰਭਾਵਿਤ ਹੋਣ ਲੱਗੀ ਹੈ ਅਤੇ ਉਧਰ ਮੂੰਗੀ ਦੀ ਫਸਲ ਤਾਂ ਇਸ ਮੀਂਹ ਨੇ ਇਸ ਹੱਦ ਤੱਕ ਖਰਾਬ ਕਰ ਦਿੱਤੀ ਕਿ ਇਹ ਫਸਲ ਵਿਚੋਂ ਹੁਣ ਕੋਈ ਝਾੜ ਹੋਣ ਦੀ ਉਮੀਦ ਨਹੀਂ ਕਿਉਂਕਿ ਕਿਸਾਨਾਂ ਨੇ ਇਕ ਦੋ ਦਿਨਾਂ ਵਿਚ ਇਸ ਮੂੰਗੀ ਨੂੰ ਵੱਢਣਾ ਸੀ ਕੱਟਣਾ ਸੀ ਅਤੇ ਮੰਡੀ ਵਿਚ ਵੇਚਣ ਲਈ ਲਿਉਣਾ ਸੀ ਪਰ ਐਨ ਮੌਕੇ 'ਤੇ ਆਏ ਮੀਂਹ ਨੇ ਤਿਆਰ ਬਰ ਤਿਆਰ ਮੂੰਗੀ ਦੀ ਫਸਲ ਨੂੰ ਖੇਤ ਜੋਗਰਾ ਹੀ ਕਰ ਦਿੱਤਾ ਕਿਉਂਕਿ ਮੂੰਗੀ ਦੀ ਫਸਲ ਇਸ ਕਦਰ ਭਿੱਜ ਗਈ ਹੈ ਕਿ ਮੂੰਗੀ ਦੀ ਫਸਲ ਘਰ ਵਿਚ ਆਉਂਦੀ ਨਹੀਂ ਦਿਸਦੀ | ਕਿਸਾਨਾਂ ਨੇ ਵੀ ਕਿਹਾ ਕਿ ਉਨ੍ਹਾਂ ਨੇ ਬੜੇ ਚਾਅ ਅਤੇ ਉਮੀਦਾਂ ਨਾਲ ਪਿਛਲੇ ਕੁਝ ਸਾਲਾਂ ਤੋਂ ਮੂੰਗੀ ਦੀ ਫ਼ਸਲ ਵੱਲ ਮੁੱਖ ਕੀਤਾ ਸੀ ਪਰ ਕਿਸਾਨਾਂ ਦੇ ਹੱਥ ਖਾਲੀ ਰਹਿ ਜਾਂਦੇ ਹਨ | ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਤੋਂ ਇਲਾਵਾ ਪਿੰਡ ਵਿਰਕ ਖੇੜਾ ਦੇ ਉਘੇ ਕਿਸਾਨ ਗੁਰਲਾਲ ਸਿੰਘ ਕੰਗ ਨੇ ਵੀ ਕਿਹਾ ਕਿ ਮੂੰਗੀ ਦੀ ਫ਼ਸਲ ਤਾਂ ਕਿਸਾਨਾਂ ਦੇ ਹੱਥੋਂ ਗਈ ਕਿਉਂਕਿ ਬਹੁਤ ਜ਼ਿਆਦਾ ਮੀਂਹ ਕਰਕੇ ਉਸਦੇ ਫ਼ਸਲ ਦੇ ਵਿਚ ਜੋ ਦਾਣਾ ਤਿਆਰ ਹੋਇਆ ਸੀ ਉਹ ਖੇਤ ਵਿਚ ਹੀ ਰਹਿ ਗਿਆ ਅਤੇ ਫਸਲ, ਪੱਤੇ, ਜੜਾਂ, ਦਾਣੇ ਸਭ ਇਕ ਹੋ ਗਏ |