ਅੰਮ੍ਰਿਤ ਵੇਲਾ ਪੱਛੋਂ ਦੀ ਰਸਭਿੰਨੀ ਪੌਣ ਰੁਮਕ ਰਹੀ ਸੀ, ਅਸਮਾਨ ਤੇ ਹਲਕੇ-ਹਲਕੇ ਸਲੇਟੀ ਰੰਗ ਦੇ ਬੱਦਲ ਛਾਏ ਹੋਏ ਸਨ। ਪੰਛੀ ਆਪਣੀ ਰਿਜ਼ਕ ਤਾਂਘ ਪੂਰੀ ਕਰਨ ਲਈ ਆਲ੍ਹਣਿਆਂ 'ਚ ਅੰਗੜਾਈ ਲੈਣ ਲੱਗੇ ਸਨ। ਬਾਬਾ ਭਾਗ ਸਿੰਘ ਗਲੀ 'ਚੋਂ ਆਪਣੀ ਅੰਗੂਰਾਂ ਦੇ ਰਸ ਵਰਗੀ ਆਵਾਜ਼ ਵਿਚ ਗੁਰਬਾਣੀ ਦੇ ਸ਼ਬਦ ਪੜ੍ਹਦਾ ਆਪਣੇ ਹਿੱਸੇ ਆਈ ਜ਼ਿੰਦਗੀ ਦੇ ਕੁਝ ਪਲ ਉਸ ਡਾਹਢੇ ਦੇ ਲੇਖੇ ਲਾਉਣ ਲਈ ਲੰਘ ਰਿਹਾ ਸੀ। ਬੋਹੜ ਦੇ ਰੁੱਖ 'ਤੇ ਬੈਠਾ ਕੁਦਰਤ ਨਾਲ ਇਕ-ਮਿਕ ਹੋਇਆ ਬੋਲਦਾ 'ਮੋਰ' ਲੋਈ ਪਾਟਣ ਦਾ ਸੰਕੇਤ ਦੇ ਰਿਹਾ ਸੀ।
ਬਾਬਾ ਭਾਗ ਸਿੰਘ ਅੱਜ ਪੂਰਾ ਖ਼ੁਸ਼ ਸੀ, ਕਿਉਂਕਿ ਸਵੇਰ ਅੰਮ੍ਰਿਤ ਵੇਲੇ ਉਠ-ਉਠ ਕੇ ਕੀਤੀ ਸੇਵਾ ਨੂੰ ਅੱਜ ਪੂਰੀ ਤਰ੍ਹਾਂ ਮੇਵਾ ਲੱਗਿਆ ਸੀ, ਕਿਉਂ ਜੋ ਤਿੰਨ ਲੜਕੀਆਂ ਦੇ ਬਾਅਦ ਜਨਮਿਆ ਹਰਜੀਤ ਕੱਚੇ ਢਾਰੇ 'ਚੋਂ ਉੱਠ ਚੰਗੀ ਪੜ੍ਹਾਈ ਕਰਕੇ ਸਭ ਤੋਂ ਮੋਹਰੀ ਨੰਬਰਾਂ ਵਿਚ ਆ ਕੇ ਮੈਥ ਮਾਸਟਰ ਲੱਗ ਚੁੱਕਿਆ ਸੀ। ਹਰਜੀਤ ਦੇ ਜਨਮ ਦੇ ਸ਼ੁਭ ਦਿਨ ਤੋਂ ਹੀ ਭਾਗ ਸਿੰਘ ਨੇ ਪਿੰਡ ਵਿਚਲੀ ਸ਼ਮਸ਼ਾਨਘਾਟ 'ਤੇ ਮਨੁੱਖ ਦੀ ਅਜ਼ਲਾਂ ਤੋਂ ਦਰੱਖਤਾਂ ਨਾਲ ਮਿੱਤਰਤਾ ਅਤੇ 'ਇਕ ਰੁੱਖ ਸੌ ਸੁੱਖ' ਦੇ ਸੁਨਹਿਰੀ ਇਤਿਹਾਸ ਦੇ ਅਰਥਾਂ ਨੂੰ ਸਮਝਦਿਆਂ ਤ੍ਰਿਵੈਣੀ ਲਾਈ ਸੀ, ਭਾਵ (ਨਿੰਮ, ਬੋਹੜ ਤੇ ਪਿੱਪਲ) ਜੋ ਹੁਣ ਪੂਰੇ ਜੁਆਨ ਹੋ ਵਧੀਆ ਛਾਂਦਾਰ ਬਣ ਗਏ ਸੀ। ਸ਼ਾਮ ਨੂੰ ਪੰਛੀਆਂ ਦੀਆਂ ਚਹਿਚਾਉਣ ਦੀਆਂ ਸੰਗੀਤਮਈ ਆਵਾਜ਼ਾਂ ਸਭ ਨੂੰ ਮੰਤਰਮੁਗਧ ਕਰ ਦਿੰਦੀਆਂ ਸਨ। ਗਰਮੀਆਂ ਦੇ ਦਿਨਾਂ ਵਿਚ ਤਾਂ ਦੁਪਹਿਰ ਤੋਂ ਸ਼ਾਮ ਤੱਕ ਨੌਜਵਾਨਾਂ ਅਤੇ ਭੋਲੇ-ਭਾਲੇ ਖੇਡਦੇ ਬੱਚਿਆਂ ਦਾ ਮੇਲਾ ਹੀ ਲੱਗਾ ਰਹਿੰਦਾ। ਤਾਸ਼ ਖੇਡਣ ਵਾਲਿਆਂ ਲਈ ਬੋਹੜ ਤੇ ਪਿੱਪਲ ਦੀ ਸੀਤਲ ਛਾਂ ਤਾਂ ਜਿਵੇਂ ਸਵਰਗ ਹੀ ਹੋਵੇ। ਪਿੰਡ ਤੋਂ ਥੋੜ੍ਹੀ ਦੂਰ ਹੋਣ ਕਰਕੇ ਜੋ ਮਰਜ਼ੀ ਬੋਲੀ ਜਾਂਦੇ, ਸਭ ਇਕ-ਦੂਜੇ ਵਿਚ ਰਲੇ ਰਹਿੰਦੇ। ਤਾਸ਼ ਖੇਡਦੇ ਤ੍ਰਿਵੈਣੀ ਦੀ ਠੰਢੀ ਛਾਵੇਂ ਭੁੱਖ-ਤ੍ਰੇਹ ਸਭ ਨੂੰ ਭੁੱਲੀ ਰਹਿੰਦੀ। ਭਾਗ ਸਿੰਘ ਕਦੇ-ਕਦੇ ਲਾਏ ਰੁੱਖਾਂ ਨੂੰ ਨੀਝ ਲੈ ਕੇ ਵੇਖਦਾ ਕਿਉਂਕਿ ਉਸ ਦਾ ਸਲੱਗ ਪੁੱਤਰ ਹਰਜੀਤ ਸਿੰਘ ਅਤੇ ਲਾਏ ਰੁੱਖ ਦੋਵੇਂ ਜਿਊਂਦੇ ਸਵਰਗ ਹੀ ਤਾਂ ਬਣ ਗਏ ਸਨ। ਦਰੱਖਤ ਜਿਉਂ-ਜਿਉਂ ਪੁਰਾਣਾ ਹੋਵੇਗਾ, ਓਨੀ ਹੀ ਉਸ ਦੀ ਛਾਂ ਵਿਚ ਸੀਤਲਤਾ ਅਤੇ ਅੱਖਾਂ ਨੂੰ ਤਰਾਵਤ ਬਖ਼ਸ਼ਣ ਵਾਲੀ ਹਰਿਆਲੀ ਹੋਵੇਗੀ। ਹੁਣ ਭਾਗ ਸਿੰਘ ਸੁਵਖਤੇ ਗੁਰਦੁਆਰਿਓਂ ਮੱਥਾ ਟੇਕ ਸਿੱਧਾ ਸ਼ਮਸ਼ਾਨਘਾਟ ਆ ਖ਼ੁਸ਼ੀ ਵਿਚ ਉੱਚੀ-ਉੱਚੀ ਸ਼ਬਦ ਲਾਉਂਦਾ ਤੇ ਉਥੇ ਲੱਗੇ ਹੋਰ ਛੋਟੇ ਪੌਦਿਆਂ ਨੂੰ ਪਾਣੀ ਦਿੰਦਾ ਜਿਵੇਂ ਉਹਦਾ ਦੁਨੀਆ ਉਤੇ ਆਉਣ ਦਾ ਮਕਸਦ ਪੂਰਾ ਹੋ ਗਿਆ ਹੋਵੇ।
ਬਾਬਾ ਭਾਗ ਸਿੰਘ ਦਾ ਸੁਭਾਅ ਥੋੜ੍ਹਾ ਅੱਖੜ ਵੀ ਸੀ। ਹੁਣ ਉਹ ਆਪਣੀ ਸਫੈਦ 'ਬੀਬੀ ਦਾਹੜੀ' ਸਵਾਰ ਕੇ ਗਲ ਸੁਨਹਿਰੀ ਮਾਲਾ ਤੇ ਸਫੈਦ ਕੁੜਤਾ-ਪਜਾਮਾ ਪਾ ਕੇ ਹੱਥ ਕੋਕੇ ਜੜ੍ਹਿਆ ਖੂੰਡਾ ਫੜ ਪਿੰਡ ਦੀਆਂ ਗਲੀਆਂ ਵਿਚ ਸਿਰ ਉੱਚਾ ਕਰ ਲੰਘਦਾ। ਲੰਘਦਾ ਵੀ ਕਿਉਂ ਨਾ ਹਰਜੀਤ ਤੋਂ ਵੱਡੀਆਂ ਤਿੰਨ ਲੜਕੀਆਂ ਦੇ ਵਿਆਹ ਕਰਕੇ ਅਤੇ ਸਾਰੀ ਉਮਰ ਨੰਗੇ ਧੜ ਕੀਤੀ ਕਮਾਈ ਨੂੰ ਹੀ ਤਾਂ ਬੂਰ ਪਿਆ ਸੀ। ਕਬੀਲਦਾਰੀ ਦੀਆਂ ਖਾਧੀਆਂ ਰਗੜਾਂ ਨਾਲ ਉਹ ਸੁਘੜ ਸਿਆਣਾ ਬਜ਼ੁਰਗ ਬਣ ਗਿਆ ਸੀ। ਉਸ ਨੂੰ ਹੁਣ ਘਰ ਦਾ ਮੋਹ ਘੱਟ ਹੀ ਆਉਂਦਾ। ਉਹ ਜ਼ਿਆਦਾਤਰ ਸ਼ਮਸ਼ਾਨਘਾਟ ਹੀ ਰਹਿੰਦਾ। ਜੇ ਕੋਈ ਪੁੱਛਦਾ ਤਾਂ ਉਹ ਖੁਸ਼ ਹੋਇਆ ਹੱਸ ਕੇ ਆਖਦਾ ਮਰ ਕੇ ਵੀ ਤਾਂ ਇਥੇ ਹੀ ਆਉਣਾ ਹੈ, ਉਥੇ ਲਾਏ ਫੁੱਲ-ਬੂਟਿਆਂ ਨੂੰ ਪਾਣੀ ਦਿੰਦੇ ਨੂੰ ਉਸ ਨੂੰ ਦਿਨ ਬੀਤਦੇ ਗਏ ਅਤੇ ਸ਼ਾਮ ਹੁੰਦੀ ਦਾ ਪਤਾ ਹੀ ਨਾ ਲਗਦਾ। ਉਥੇ ਲੱਗੇ ਪੌਦਿਆਂ ਨੂੰ ਉਹ ਆਪਣੇ ਧੀਆਂ-ਪੁੱਤਰ ਹੀ ਸਮਝਦਾ, ਉਹ ਦੁਨੀਆ ਤੋਂ ਨਿਰਲੇਪ ਹੀ ਹੋ ਗਿਆ ਸੀ। ਪਿੰਡ ਵਿਚ ਜੇਕਰ ਕਿਸੇ ਦੀ ਮੌਤ ਹੋ ਜਾਂਦੀ ਤਾਂ ਲੋਕ ਜ਼ਿਆਦਾਤਰ ਬੋਹੜ ਤੇ ਪਿੱਪਲ ਥੱਲੇ ਹੀ ਬਹਿੰਦੇ। ਸਾਰੀ ਕਾਇਨਾਤ ਦੇ ਡੂੰਘੇ ਅਰਥ ਫਰੋਲਦਾ ਅਤੇ ਇਨਸਾਨੀਅਤ ਦੀ ਸੇਵਾ ਕਰਦਾ ਉਹ ਕੋਈ ਰਿਸ਼ੀ-ਮੁਨੀ ਹੀ ਤਾਂ ਲਗਦਾ ਸੀ। ਬੋਹੜ ਉੱਪਰ ਚੀਂ-ਚੀਂ ਕਰਦੇ ਪੰਛੀ ਇੰਜ ਪ੍ਰਤੀਤ ਹੁੰਦੇ ਜਿਵੇਂ ਉਸ ਡਾਹਢੇ ਦਾ ਰਿਣ ਉਤਾਰ ਰਹੇ ਹੋਣ। ਪਰ ਕਹਿੰਦੇ ਨੇ ਜ਼ੋਰਾਵਰ ਵਕਤ ਕਦੇ ਇਕ ਸਾਰ ਨਹੀਂ ਚਲਦਾ। ਇਹ ਤਾਂ ਆਪਣੀ ਹੀ ਮਸਤ ਚਾਲ ਚਲਦਾ ਆਪਣੇ-ਆਪ ਨੂੰ ਮਹਾਨ ਅਤੇ ਤਾਕਤਵਰ ਸਮਝਦਾ ਹੈ।
ਇਕ ਸਵੇਰ ਪਿੰਡ ਦੀ ਪੰਚਾਇਤ ਤੇ ਸੂਝਵਾਨ ਬੰਦੇ ਅਤੇ ਨਵੀਂ ਬਣੀ ਕਲੱਬ ਦੇ ਮੈਂਬਰ ਸਮਸ਼ਾਨਘਾਟ ਵਿਚ ਆਏ ਤਾਂ ਇੰਜ ਲੱਗਿਆ ਜਿਵੇਂ ਰੁੱਖ ਬੋਲ ਨਾ ਸਕਦੇ ਭਾਵੇਂ ਬੰਦਿਆਂ ਦੇ ਦੁੱਖ ਦੱਸਦੇ, ਝੁਕ ਕੇ ਉਨ੍ਹਾਂ ਦਾ ਸਵਾਗਤ ਪਏ ਕਰਦੇ ਹੋਣ। ਸਲਾਹ ਮਸ਼ਵਰੇ ਹੋਣ ਲੱਗੇ ਕਿ ਸ਼ਮਸ਼ਾਨਘਾਟ ਦਾ ਨਵੀਨੀਕਰਨ ਕੀਤਾ ਜਾਵੇ। ਕੰਕਰੀਟ ਦੀਆਂ ਕੁਰਸੀਆਂ ਲਿਆ ਕੇ ਇਕ ਖੁੱਲ੍ਹਾ ਸ਼ੈੱਡ ਬਣਾਇਆ ਜਾਵੇ ਤਾਂ ਕਿ ਗਰਮੀ ਅਤੇ ਮੀਂਹ ਕਣੀ 'ਚ ਮਰਗ ਸਮੇਂ ਬੈਠਣ ਲਈ ਕੋਈ ਮੁਸ਼ਕਿਲ ਨਾ ਆਵੇ ਕਿਉਂਕਿ ਮੌਸਮ ਕਦੇ ਇਕਸਾਰ ਨਹੀਂ ਰਹਿੰਦਾ। ਗੱਲ ਅਜੇ ਚੱਲ ਹੀ ਰਹੀ ਸੀ ਕਿ 'ਕੀੜੀ ਮਾਰਾਂ ਦਾ ਜੈਲਾ ਆਖੇ ਪੰਚੈਤੇ ਸ਼ੈੱਡ ਆਪਾਂ ਲੈਂਟਰ ਤੇ ਪਾਵਾਂਗੇ' ਏਨੇ ਵਿਚ ਸਾਰੇ ਹੱਸ ਪਏ। ਜਿੰਨੇ ਮੂੰਹ ਓਨੀਆਂ ਹੀ ਗੱਲਾਂ ਹੋਈ ਜਾਣ। ਸਰਪੰਚ ਨੇ ਕੋਲ ਹੀ ਬੈਠੇ ਭਾਗ ਸਿੰਘ ਨੂੰ ਕਿਹਾ, 'ਭਾਗ ਸਿਆਂ ਤੂੰ ਵੀ ਕੋਈ ਰਾਇ ਦੇ ਆਪਣੀ, ਅਕਸਰ ਨੂੰ ਤੇਰਾ ਵੀ ਸ਼ਮਸ਼ਾਨਘਾਟ 'ਤੇ ਹੱਕ ਹੈ।' ਬਾਬਾ ਭਾਗ ਸਿੰਘ ਬੋਲਿਆ, 'ਜੀ ਪੰਚਾਇਤ ਤਾਂ ਰੱਬ ਦਾ ਰੂਪ ਹੁੰਦੀ ਹੈ। ਬਸ ਇਸੇ ਤਰ੍ਹਾਂ ਹੀ ਸ਼ੈੱਡ ਬਣਾਉਣ ਦੇ ਨਕਸ਼ੇ ਸਮਸ਼ਾਨਘਾਟ ਦੀ ਖੁੱਲ੍ਹੀ ਜਗ੍ਹਾ 'ਤੇ ਬਣਦੇ ਰਹੇ।' ਕੋਲ ਹੀ ਖੜ੍ਹੇ ਬੋਹੜ ਅਤੇ ਪਿੱਪਲ ਦੇ ਪੱਤਿਆਂ ਨੇ ਜਿਵੇਂ ਸਾਹ ਰੋਕ ਲਏ ਹੋਣ ਅਤੇ ਉਸ ਉੱਪਰ ਬੈਠੇ ਪੰਛੀਆਂ ਦੀ ਡਾਰ ਫੁਰਰ ਕਰਕੇ ਉੱਡ ਗਈ। ਜਿਵੇਂ ਉਨ੍ਹਾਂ ਸੁਣ ਲਿਆ ਹੋਵੇ ਕਿ ਇਹ ਰੁੱਖ ਹੁਣ ਸਾਡੇ ਨਹੀਂ ਰਹਿਣੇ।' ਮਤਾ ਪਾਸ ਕਰ ਦਿੱਤਾ ਗਿਆ ਕਿ ਰੁੱਖ ਪੁੱਟ ਕੇ ਲੰਮਾ ਸ਼ੈੱਡ ਬਣਾਇਆ ਜਾਵੇ। ਸਰਪੰਚ ਦੀ ਸੁਰ ਨਾਲ ਸੁਰ ਮਿਲਾਉਂਦੇ ਉਸ ਦੇ ਰਖੇਲ 'ਭੈਂਗੇ ਮੈਂਬਰ ਭਾਗੂ ਨੇ ਕਿਹਾ ਹਾਂ ਜੀ ਵੈਸੇ ਵੀ ਬਗਲੇ ਬਗੈਰਾ ਬਿੱਠਾ ਨਾਲ ਬਹੁਤ ਗੰਦ ਪਾਉਂਦੇ ਨੇ। ਪਿੰਡ ਦੇ ਭੋਲੇ-ਭਾਲੇ ਲੋਕ ਸਰਪੰਚ ਦੀਆਂ ਗੁੱਝੀਆਂ ਰਮਜ਼ਾਂ ਨੂੰ ਸਮਝ ਨਾ ਸਕੇ ਕਿਉਂਕਿ ਸਰਪੰਚ ਨੇ ਚੁਸਤੀ ਨਾਲ ਚੌਂਹ ਬੰਦਿਆਂ ਦੀ ਸਹਿਮਤੀ ਅਤੇ ਭੈਂਗੇ ਮੈਂਬਰ ਭਾਗੂ ਦੀ ਸਹਿਮਤੀ ਨਾਲ ਸ਼ਮਸ਼ਾਨਘਾਟ ਵਿਚ ਮਿੱਟੀ ਪਵਾਉਣ ਦੇ ਵੱਡੇ-ਵੱਡੇ ਬਿੱਲ ਪਾਸ ਕਰਵਾ ਕੇ ਵੱਡੀ ਰਕਮ ਹੜੱਪ ਲਈ ਸੀ। ਹੁਣ ਲੋਕ ਦਿਖਾਵੇ ਲਈ ਇਹ ਸ਼ੈੱਡ ਦਾ ਬਣਾਉਣਾ ਅਤੇ ਅੰਦਰ ਖਾਤੇ ਲਾਏ ਰੁੱਖਾਂ ਨੂੰ ਪੁੱਟ ਕੇ ਰਕਮ ਹਜ਼ਮ ਕਰਨਾ ਸੀ। ਉਸ ਵੇਲੇ ਬੰਦੇ ਸਰਪੰਚ ਦੇ ਜਲੋਹ ਜਿਹੇ ਕਰਵੱਤ ਨਾ ਸਮਝ ਸਕੇ ਤਾਂ ਹੀ ਤਾਂ ਘੋਚੀ ਬਿੱਲੇ ਨੇ ਦੂਰ ਬੈਠਿਆਂ ਅੱਖਾਂ ਲਾਲ ਕਰਕੇ ਆਪਣੀ ਵਿਦਰੋਹ ਭਰੀ ਆਵਾਜ਼ ਵਿਚ ਕਿਹਾ ਸੀ, 'ਪਿੰਡ ਦੀਆਂ ਲਾਈਟਾਂ ਦੇ ਪੈਸੇ ਖਾ ਕੇ ਤਾਂ ਰੱਜਿਆ ਨੀਂ ਹੁਣ ਦਰੱਖਤਾਂ ਦੇ ਹੱਡ ਖਾ ਕੇ ਰੱਜੂ।' ਸਰਪੰਚ ਘੋਚੀ ਬਿੱਲੇ ਦੀ ਬਗ਼ਾਵਤੀ ਸੁਰ ਨੂੰ ਚੰਗੀ ਤਰ੍ਹਾਂ ਤਾੜ, ਗੁੱਸੇ ਨੂੰ ਪਾਣੀ ਵਾਂਗ ਪੀ ਗਿਆ। ਉਹ ਅਗਾਊਂ ਪੰਚਾਇਤੀ ਚੋਣਾਂ ਨਜ਼ਦੀਕ ਹੋਣ ਕਰਕੇ ਮੌਕਾ ਸਾਂਭ ਗਿਆ।
ਫਿਰ ਕੀ ਸੀ, ਮਸਾਣਾਂ ਦੀ ਚੁੱਪ ਵਰਗਾ ਫ਼ੈਸਲਾ ਉਸ ਨੂੰ ਅੰਦਰੋਂ ਚੀਰ ਗਿਆ। ਵਿਦਰੋਹ ਤੇ ਰੋਹ ਦੇ ਜਜ਼ਬਾਤ ਸਮੇਂ ਨੂੰ ਲੂੰਹਦੇ ਉਸ ਦੇ ਤਨ-ਮਨ ਨੂੰ ਮਿੱਟੀ ਸਮਾਨ ਕਰ ਗਏ। ਉਸ ਦਾ ਦਗਦਗ ਕਰਦਾ ਚਿਹਰਾ ਬਦਹਵਾਸ ਹੋ ਗਿਆ, ਜਿਵੇਂ ਉਸ ਦੇ ਕਿਸੇ ਅੰਗ ਨੂੰ ਕੱਟੇ ਜਾਣ ਦਾ ਹੁਕਮ ਹੀ ਹੋ ਗਿਆ ਸੀ। ਉਸ ਦੀਆਂ ਅੱਖਾਂ ਵਿਚੋਂ ਹੰਝੂਆਂ ਦਾ ਦਰਿਆ ਵਹਿ ਤੁਰਿਆ। ਉਸ ਨੂੰ ਅੰਬਰ ਪਾਟਦਾ, ਜ਼ਮੀਨ ਖਿਸਕਦੀ ਲੱਗੀ, ਜਿਵੇਂ ਸਵੇਰੇ ਹੀ ਘੁੱਪ ਹਨੇਰਾ ਪੈ ਗਿਆ ਹੋਵੇ। ਆਪਣੇ ਹੱਥੀਂ ਲਾਏ ਰੁੱਖਾਂ ਨੂੰ ਪੁੱਟਣ ਦਾ ਵਿਰੋਧ ਤਾਂ ਉਸ ਨੇ ਬਹੁਤ ਕੀਤਾ ਪਰ ਲੋਕ ਚੜ੍ਹਦੇ ਨੂੰ ਸਲਾਮ ਕਰਨਾ ਆਪਣਾ ਫ਼ਰਜ਼ ਸਮਝਦੇ ਨੇ। ਬੋਲਦਾ ਤੇ ਅੱਥਰੂ ਵਹਾਉਂਦਾ ਬਾਬਾ ਭਾਗ ਸਿੰਘ ਘਰ ਨੂੰ ਜਾ ਰਿਹਾ ਸੀ। ਕੁਝ ਹੀ ਦਿਨਾਂ ਬਾਅਦ ਨਾਲ ਦੇ ਪਿੰਡ ਦੇ ਬਖਸ਼ੀਸ਼ ਲੱਕੜਹਾਰੇ ਨੇ ਬੋਲੀ ਦੇ ਕੇ ਦਰੱਖਤ ਖਰੀਦ ਲਏ ਤੇ ਪੁੱਟਣ ਲਈ ਮਜ਼ਦੂਰ ਆ ਗਏ। ਕੁਝ ਹੀ ਦਿਨਾਂ ਵਿਚ ਰੁੱਖ ਜੜ੍ਹਾਂ ਤੋਂ ਕੱਟ ਢੇਰ ਕਰ ਦਿੱਤੇ। ਬਾਲ ਵਰੇਸ ਅਤੇ ਸੂਝਵਾਨ ਬੰਦੇ ਇਹ ਸਭ ਕੁਝ ਦੇਖਦੇ ਰਹੇ। ਪੁੱਟੇ ਗਏ ਰੁੱਖਾਂ ਨੂੰ ਵਾਹਨ ਵਿਚ ਲੱਦ ਕੇ ਲਿਜਾਇਆ ਜਾ ਰਿਹਾ ਸੀ।
ਬਾਬਾ ਭਾਗ ਸਿੰਘ ਦਾ ਪੁੱਤਰ ਵੀ ਅੱਜ ਪਹਿਲੇ ਦਿਨ ਸਕੂਲ ਪੜ੍ਹਾਉਣ ਜਾਣ ਲਈ ਆਪਣੇ ਐਨ.ਵੀ. ਵੈਸਪੇ 'ਤੇ ਰੈਬਿਨ ਦੀ ਕਾਲੀ ਐਨਕ ਲਾ, ਹੋ ਚੁੱਕੇ ਸਭ ਕੁਝ ਤੋਂ ਨਾਵਾਕਿਫ, ਰੁੱਖਾਂ ਨਾਲ ਲੱਦੇ ਵਾਹਨ ਕੋਲ ਦੀ ਲੰਘਿਆ ਤਾਂ ਬਾਬਾ ਭਾਗ ਸਿੰਘ ਕਦੇ ਆਪਣੇ ਲੜਕੇ ਅਤੇ ਵਾਹਨ 'ਚ ਲੱਦੇ ਰੁੱਖਾਂ ਨੂੰ ਵੇਖਦਾ ਖੁਸ਼ੀ ਅਤੇ ਗਮੀ ਦੇ ਅੱਥਰੂ ਵਹਾ ਰਿਹਾ ਸੀ, ਅੱਜ ਉਸ ਨੂੰ ਸਭ ਤੋਂ ਵੱਡੀ ਖੁਸ਼ੀ ਵਿਚ ਵੀ ਘਾਟ ਰੜਕ ਰਹੀ ਸੀ।
-ਪਿੰਡ ਤੇ ਡਾ. ਦੱਧਾਹੂਰ, ਤਹਿ. ਰਾਏਕੋਟ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 98156-88236