28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਗ਼ਜ਼ਲ

ਅਜੀਤ ਡੈਸਕ 20-07-2025

ਸਾਡੇ ਲਈ ਸਭ ਰੁੱਤਾਂ ਠਰੀਆਂ ਠਰੀਆਂ ਨੇ।
ਚੀਸ ਕਲੇਜੇ, ਅੱਖੀਆਂ ਭਰੀਆਂ ਭਰੀਆਂ ਨੇ।

ਮਾਣ ਰਹੇ ਇੱਕਲਾਪਾ ਸਾਉਣ ਮਹੀਨੇ ਵੀ,
ਸੁਣਿਆ, ਰਾਤ ਘਟਾਵਾਂ ਵਰ੍ਹੀਆਂ ਵਰ੍ਹੀਆਂ ਨੇ।

ਕੰਤ ਜਿਨ੍ਹਾਂ ਦੇ ਕੋਲ ਸੁਖੀ ਵਿਚ ਕੱਚਿਆਂ ਦੇ,
ਬਿਨ ਮਾਹੀ ਮਹਿਲੀਂ ਵੀ ਡਰੀਆਂ ਡਰੀਆਂ ਨੇ।

ਤਿੜਕੇ ਘੜੇ ਦੇ ਪਾਣੀ ਵਾਂਗੂੰ ਮੁੱਕ ਰਹੀ ,
ਖ਼ਾਬ ਅਧੂਰੇ, ਸੱਧਰਾਂ ਮਰੀਆਂ ਮਰੀਆਂ ਨੇ।

ਚਿੰਤਾ ਦੀਆਂ ਲਕੀਰਾਂ ਵੇਖ ਕੇ ਚਿਹਰੇ 'ਤੇ ,
ਸ਼ੀਸ਼ੇ ਨੇ ਕਹਿ ਦਿੱਤੀਆਂ ਖਰੀਆਂ ਖਰੀਆਂ ਨੇ।

ਨਹੀਂ ਹੰਢਾਇਆ ਚੁੰਨੀ ਜਾਂ ਫੁੱਲਕਾਰੀ ਨੂੰ,
ਵਿਚ ਸੰਦੂਕਾਂ ਪਈਆਂ ਗਰੀਆਂ ਗਰੀਆਂ ਨੇ।

ਜਦ ਤੱਕ ਰੁੱਖ ਦੀ ਪਕੜ ਹੈ ਆਪਣੀ ਮਿੱਟੀ 'ਤੇ,
ਉਸ ਦੇ ਪੱਤੇ, ਲਗਰਾਂ ਹਰੀਆਂ ਹਰੀਆਂ ਨੇ।

ਢਲ਼ੀ ਜਵਾਨੀ ਮੇਰੀ ਸਮੇਂ ਤੋਂ ਪਹਿਲਾਂ ਹੀ,
ਹਾਣ ਦੀਆਂ ਤਾਂ ਅੱਜ ਵੀ ਪਰੀਆਂ ਪਰੀਆਂ ਨੇ।

ਕਦੇ ਸੇਖਵਾਂ ਬਦਲੂ ਰੁਖ਼ ਹਵਾਵਾਂ ਦਾ,
ਏਹੀ ਸੋਚ ਤਨਹਾਈਆਂ ਜਰੀਆਂ ਜਰੀਆਂ ਨੇ।
j}

 

ਸਾਉਣ ਮਹੀਨਾ ਪੀਂਘਾਂ ਪਈਆਂ ਕਿਣ-ਮਿਣ, ਕਿਣ-ਮਿਣ ਹੋਵੇ।
ਕੰਤ ਗਿਆ ਪਰਦੇਸੀ ਜਿਸਦਾ ਬੁੱਕਲ ਦੇ ਵਿਚ ਰੋਵੇ।
ਪੈਣ ਛਰਾਟੇ ਰੁੱਖਾਂ ਉਤੇ ਜਰ ਪੱਤਿਆਂ ਦੀ ਧੋਵੇ,
ਕੋਠਾ ਛੜਿਆਂ ਦਾ ਤਿਪ-ਤਿਪ ਕਰਕੇ ਚੋਵੇ,
ਕੋਠਾ ਛੜਿਆਂ ਦਾ ਤਿੱਪ-ਤਿੱਪ...।

ਤੀਆਂ ਖੇਡਣ ਆਈਆਂ ਕੁੜੀਆਂ ਕਰਕੇ ਖ਼ੂਬ ਤਿਆਰੀ।
ਸ਼ਾਮੋ ਆ ਗਈ, ਨਾਮ੍ਹੋਂ ਆ ਗਈ, ਆ ਗਈ ਰਾਮ ਪਿਆਰੀ।
ਗੇੜੇ ਦੇ ਕੇ ਪਾਉਣ ਬੋਲੀਆਂ ਸੱਭੇ ਵਾਰੋ-ਵਾਰੀ,
ਪੀਂਘ ਚੜ੍ਹਾਉਂਦੀ ਦੀ ਉੱਡ ਗਈ ਜੇ ਫੁਲਕਾਰੀ
ਪੀਂਘ ਚੜ੍ਹਾਉਂਦੀ ਦੀ ਉੱਡ ਗਈ...।

ਬੱਦਲ ਆਏ ਗੜ ਗੜ ਕਰਦੇ ਹਵਾ ਪੁਰੇ ਦੀ ਚੱਲੇ।
ਛੁਪ ਕੇ ਗਿੱਧਾ ਵੇਖਣ ਦੇ ਲਈ ਥਾਂ ਛੜਿਆਂ ਨੇ ਮੱਲੇ।
ਰਾਜ ਦੁਲਾਰੀ ਪਿੜ ਵਿਚ ਆਈ, ਹੋ ਗਈ ਬੱਲੇ ਬੱਲੇ,
ਹੁਣ ਤਾਂ ਬਸ ਕਰ ਨੀ, ਸੂਰਜ ਲਹਿ ਗਿਆ ਥੱਲੇ
ਹੁਣ ਤਾਂ ਬਸ ਕਰ ਨੀ ਸੂਰਜ...।

ਸਾਉਣ ਮਹੀਨਾ ਦਿਨ ਗਿੱਧਿਆਂ ਦੇ ਸੱਭੇ ਸਖੀਆਂ ਆਈਆਂ।
ਉੱਚੀ ਪਿੱਪਲੀ ਪੀਂਘਾਂ ਝੂਟਣ ਵੱਡੇ ਘਰਾਂ ਦੀਆਂ ਜਾਈਆਂ।
ਹੁੰਮ ਹੁਮਾ ਕੇ ਸ਼ਾਮ ਘਟਾਵਾਂ ਨੀਲੇ ਅੰਬਰੀਂ ਛਾਈਆਂ,
ਰੁੜ੍ਹ ਗਈ ਸੱਸ ਮੇਰੀ ਸਹੁਰਾ ਦਵੇ ਦੁਹਾਈਆਂ
ਰੁੜ੍ਹ ਗਈ ਸੱਸ ਮੇਰੀ ਸਹੁਰਾ...।

ਰਿੱਝੇ ਖੀਰ ਪਤੀਲੇ ਅੰਦਰ ਤਵੇ ਦੇ ਉਤੇ ਪੂੜਾ।
ਪੂੜੇ ਖਾ ਕੇ ਚੱਲੀਆਂ ਮੇਲੇ, ਮੇਲੇ ਵਿਚ ਪੰਗੂੜਾ।
ਵਿਚ ਪੰਗੂੜੇ ਨਾਰ ਬੈਠ ਗਈ, ਦੂਰੋਂ ਲਿਛਕੇ ਚੂੜਾ,
ਕੰਤੋ ਨੱਚਦੀ ਦਾ ਖੁੱਲ੍ਹ ਗਿਆ ਜਲੇਬੀ ਜੂੜਾ
ਕੰਤੋ ਨੱਚਦੀ ਦਾ ਖੁੱਲ੍ਹ ਗਿਆ...।

ਚੜ੍ਹਦੀ ਗੁੱਠੋਂ ਬੱਦਲ ਆਏ ਕਰ ਗਏ ਪਾਣੀ ਪਾਣੀ।
ਝੱਟ 'ਸੇਖਵਾਂ' ਨੇ ਮੇਰੇ 'ਤੇ ਨੀਲੀ ਛਤਰੀ ਤਾਣੀ।
ਗਿੱਲਾ ਵਿਹੜਾ ਜਾਏ ਤਿਲਕਦੀ, ਜੁੱਤੀ ਖਸਮਾਂ ਖਾਣੀ,
ਡਿਗੇ ਘੜੱਮ ਕਰਕੇ, ਮੇਰੇ ਜੇਠ ਜੇਠਾਣੀ
ਡਿਗੇ ਧੜੱਮ ਕਰਕੇ ਮੇਰੇ...।

-ਮੋਬਾਈਲ : 98184-89010

ਪਿਛਲੀ ਖ਼ਬਰ ਸੁੱਚੇ ਸਾਹਾਂ ਦੇ ਪਰਛਾਵੇਂ ਅਗਲੀ ਖ਼ਬਰ ਗੀਤ ਸਾਵਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।