ਜਲੰਧਰ, 2 ਦਸੰਬਰ (ਚੰਦੀਪ ਭੱਲਾ)-ਪਿਛਲੇ 18 ਸਾਲਾਂ ਤੋਂ ਪੰਜਾਬ ਭਰ 'ਚ ਸੇਵਾਵਾਂ ਦੇ ਰਹੇ ਫ਼ਰਦ ਕੇਂਦਰ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਾਲੇ ਬਿੱਲੇ ਲਗਾ ਕੇ ਰੋਸ ਜ਼ਾਹਿਰ ਕੀਤਾ | ਅੱਜ ਫਿਲੌਰ, ਨੂਰਮਹਿਲ, ਲੋਹੀਆ ਸਮੇਤ ਪੰਜਾਬ ਭਰ ਦੇ ਕਰਮਚਾਰੀਆਂ ਨੇ ਕਾਲੇ ਬਿੱਲੇ ਲਗਾ ਕੇ ਆਪਣਾ ਰੋਸ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ ਤੇ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਛੇਤੀ ਤੋਂ ਛੇਤੀ ਪੂਰਾ ਕਰੇ | ਕਰਮਚਾਰੀਆਂ ਨੇ ਕਿਹਾ ਕਿ ਫ਼ਰਦ ਕਰਮਚਾਰੀਆਂ ਵਲੋਂ ਡਿਜੀਟਲ ਜਮ੍ਹਾਂਬੰਦੀਆਂ ਤਿਆਰ ਕਰਨਾ, ਇੰਤਕਾਲ ਦਰਜ ਕਰਨਾ, ਪੀ.ਐਮ ਕਿਸਾਨ ਯੋਜਨਾ, ਕਰਜ਼ਾ ਮੁਆਫ਼ੀ ਐਂਟਰੀ, ਰਿਕਾਰਡ ਦਰਜ ਕਰਨਾ ਸਮੇਤ ਹੋਰ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾ ਰਹੇ ਹਨ | ਕੋਰੋਨਾ ਕਾਲ ਦੌਰਾਨ ਵੀ ਕਰਮਚਾਰੀਆਂ ਨੇ ਅੱਗੇ ਹੋ ਕੇ ਸਾਰੇ ਕੰਮ ਕੀਤੇ ਸਨ ਪਰ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਹੈ ਜਿਸ ਕਰਕੇ ਸਾਰੇ ਕਰਮਚਾਰੀਆਂ 'ਚ ਕਾਫ਼ੀ ਰੋਸ ਹੈ | ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਕਰਮਚਾਰੀਆਂ ਦੀਆਂ ਇਹ ਮੰਗਾਂ ਛੇਤੀ ਤੋਂ ਛੇਤੀ ਪੂਰੀਆਂ ਕੀਤੀਆਂ ਜਾਣ |