27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਨਿੱਤ ਨਵੇਂ ਵਿਵਾਦਾਂ ਕਰਕੇ ਨਿਗਮ ਦੇ ਵਿਕਾਸ ਕੰਮਾਂ 'ਤੇ ਪੈ ਰਿਹੈ ਅਸਰ

ਅਜੀਤ ਡੈਸਕ 03-12-2025
ਜਲੰਧਰ, 2 ਦਸੰਬਰ (ਸ਼ਿਵ ਸ਼ਰਮਾ)- ਨਗਰ ਨਿਗਮ 'ਚ ਕਈ ਵਿਕਾਸ ਕੰਮਾਂ ਵਿਚ ਵਿਵਾਦ ਉੱਠਣ ਕਰਕੇ ਇਨ੍ਹਾਂ ਦਾ ਅਸਰ ਕੰਮਾਂ 'ਤੇ ਪੈ ਰਿਹਾ ਹੈ ਜਿਸ ਕਰਕੇ ਕਈ ਵਿਕਾਸ ਦੇ ਕੰਮਾਂ ਦੇ ਦੁਬਾਰਾ ਟੈਂਡਰ ਪ੍ਰਕਿਰਿਆ ਸ਼ੁਰੂ ਕਰਨ ਨਾਲ ਕੰਮ ਕਰਵਾਉਣ ਨੂੰ ਹੋਰ ਸਮਾਂ ਲੱਗ ਰਿਹਾ ਹੈ | ਮੇਅਰ ਵਨੀਤ ਧੀਰ ਵਲੋਂ ਜਿੱਥੇ ਸ਼ਹਿਰ ਵਿਚ ਤੇਜ਼ੀ ਨਾਲ ਵਿਕਾਸ ਦੇ ਕੰਮ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਟੈਂਡਰ ਪ੍ਰਕਿਰਿਆ 'ਚ ਨਿੱਤ ਨਵੇਂ ਵਿਵਾਦ ਉੱਠ ਰਹੇ ਹਨ | ਇਨ੍ਹਾਂ ਵਿਚ ਪੱਛਮੀ ਵਿਧਾਨ ਸਭਾ ਹਲਕੇ 'ਚ ਸਭ ਤੋਂ ਪਹਿਲਾਂ ਟੈਂਡਰਾਂ ਵਿਚ ਪੂਲ ਕਰਨ ਦਾ ਮਾਮਲਾ ਕਾਫ਼ੀ ਚਰਚਾ ਵਿਚ ਰਿਹਾ ਸੀ ਤਾਂ ਬਾਅਦ ਵਿਚ ਇਹ ਟੈਂਡਰ ਰੱਦ ਕਰਨੇ ਪਏ ਸੀ | ਨਿਗਮ ਵਲੋਂ ਦੁਬਾਰਾ ਟੈਂਡਰ ਪ੍ਰਕਿਰਿਆ ਸ਼ੁਰੂ ਕਰਨ ਕਰਕੇ ਵਿਕਾਸ ਦੇ ਕੰਮ ਦੇਰੀ ਨਾਲ ਸ਼ੁਰੂ ਹੋਣ ਲੱਗ ਪਏ ਹਨ | ਬਾਅਦ 'ਚ ਨਿਗਮ ਵਿਚ ਕੱਚੇ ਜੇ. ਈਜ਼ ਵਲੋਂ ਕਰਵਾਏ ਜਾਂਦੇ ਕੰਮਾਂ ਅਤੇ ਕੁਝ ਦੇ ਰਿਸ਼ਤੇਦਾਰਾਂ ਵਲੋਂ ਟੈਂਡਰ ਪ੍ਰਕਿਰਿਆ ਵਿਚ ਸ਼ਾਮਿਲ ਹੋਣ ਨਾਲ ਇਸ ਦਾ ਕਾਫ਼ੀ ਅਸਰ ਪਿਆ ਤੇ ਇਸ ਤਰ੍ਹਾਂ ਦੇ ਕਰਵਾਏ ਗਏ ਕਰੋੜਾਂ ਦੇ ਕੰਮ ਸ਼ੱਕ ਦੇ ਘੇਰੇ 'ਚ ਆ ਗਏ ਸੀ ਤੇ ਇਸੇ ਤਰ੍ਹਾਂ ਨਾਲ ਮੇਅਰ ਨੇ ਵਿਵਾਦ ਵਧਦਾ ਦੇਖ ਕੇ ਰਿਸ਼ਤੇਦਾਰ ਦੀ ਕੰਪਨੀ ਦੇ ਟੈਂਡਰ ਰੱਦ ਕੀਤੇ ਸੀ ਪਰ ਇਹ ਮਾਮਲਾ ਪੰਜਾਬ ਸਰਕਾਰ ਕੋਲ ਪੁੱਜ ਗਿਆ | ਜਦੋਂ ਇਹ ਮਾਮਲਾ ਪੰਜਾਬ ਸਰਕਾਰ ਪਾਸ ਪੁੱਜ ਗਿਆ ਸੀ ਤਾਂ ਸਰਕਾਰ ਨੇ ਸਮੁੱਚੇ ਮਾਮਲੇ ਦੀ ਰਿਪੋਰਟ ਭੇਜਣ ਲਈ ਕਿਹਾ ਸੀ | ਜਦੋਂ ਕਈਆਂ ਦੇ ਰਿਸ਼ਤੇਦਾਰਾਂ ਵਲੋਂ ਕੰਮ ਲੈਣ ਦੇ ਮਾਮਲੇ ਦੀ ਸ਼ਿਕਾਇਤ ਸਰਕਾਰ ਕੋਲ ਪੁੱਜੀ ਸੀ ਤਾਂ ਨਿਗਮ ਨੇ ਸਰਕਾਰ ਦੀ ਇੱਕ ਚਿੱਠੀ 'ਤੇ ਤਾਂ ਰਿਪੋਰਟ ਨਹੀਂ ਭੇਜੀ ਪਰ ਸਰਕਾਰ ਨੇ ਬੀਤੇ ਦਿਨੀਂ ਦੁਬਾਰਾ ਇਸ ਮਾਮਲੇ ਵਿਚ ਰਿਪੋਰਟ ਭੇਜਣ ਦੀ ਤਿਆਰੀ ਕੀਤੀ ਸੀ ਪਰ ਇਸ ਤੋਂ ਪਹਿਲਾਂ ਰਿਸ਼ਤੇਦਾਰ ਦੀ ਕੰਪਨੀ ਦੇ ਟੈਂਡਰ ਪ੍ਰਕਿਰਿਆ 'ਚ ਸ਼ਾਮਿਲ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਕੱਚੇ ਜੇ. ਈ. ਤੋਂ ਵਿੱਤੀ ਅਧਿਕਾਰ ਵਾਪਸ ਲੈ ਲਏ ਸੀ ਜਿਸ ਕਰਕੇ ਹੁਣ ਉਹ ਵਿਕਾਸ ਕੰਮਾਂ ਦੇ ਬਿੱਲ ਪਾਸ ਨਹੀਂ ਕਰਵਾ ਸਕਣਗੇ | ਉਂਜ ਅਫ਼ਸਰਾਂ ਵਲੋਂ ਪਹਿਲਾਂ ਇਨ੍ਹਾਂ ਮਾਮਲਿਆਂ 'ਤੇ ਨਜ਼ਰ ਨਹੀਂ ਰੱਖੀ ਗਈ | ਕੱਚੇ ਜੇ. ਈਜ. ਵਲੋਂ ਕਰਵਾਏ ਗਏ ਕੰਮਾਂ ਦਾ ਮਾਮਲਾ ਅਜੇ ਠੰਢਾ ਨਹੀਂ ਪਿਆ ਸੀ ਕਿ ਸੁਪਰ ਸਕਸ਼ਨ ਮਸ਼ੀਨ ਨਾਲ ਸੀਵਰਾਂ ਦੀ ਸਫ਼ਾਈ ਕਰਨ ਵਾਲੇ ਟੈਂਡਰ 'ਚ ਫੇਰਬਦਲ ਕਰਨ ਦੇ ਮਾਮਲੇ ਦੀ ਸਥਾਨਕ ਸਰਕਾਰਾਂ ਦੇ ਚੀਫ਼ ਵਿਜੀਲੈਂਸ ਅਫ਼ਸਰ ਵਲੋਂ ਰਿਕਾਰਡ ਤਲਬ ਕਰਨ ਤੋਂ ਬਾਅਦ ਕਈਆਂ ਦੀ ਨੀਂਦ ਉੱਡ ਗਈ ਹੈ | ਦੱਸਿਆ ਜਾਂਦਾ ਹੈ ਕਿ ਟੈਂਡਰ ਬਾਰੇ ਜੇਕਰ ਪੰਜਾਬ ਸਰਕਾਰ ਦੇ ਚੀਫ਼ ਇੰਜੀਨੀਅਰ ਨੇ ਨਿਯਮ ਬਣਾਏ ਸੀ ਤਾਂ ਵਿਭਾਗੀ ਅਫ਼ਸਰ ਕਿਸ ਤਰ੍ਹਾਂ ਨਾਲ ਟੈਂਡਰਾਂ ਦੇ ਨਿਯਮਾਂ ਵਿਚ ਬਦਲਾਅ ਕਰ ਸਕਦੇ ਹਨ | ਇਸ ਮਾਮਲੇ 'ਚ ਚੀਫ਼ ਵਿਜੀਲੈਂਸ ਅਫ਼ਸਰ ਵਲੋਂ ਜਿਸ ਤਰ੍ਹਾਂ ਨਾਲ ਇਹ ਰਿਪੋਰਟ ਤਲਬ ਕੀਤੀ ਗਈ ਹੈ ਤੇ ਇਸ 'ਚ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਸੂਬਾ ਸਰਕਾਰ ਇਨ੍ਹਾਂ ਮਾਮਲਿਆਂ 'ਚ ਹੇਰ-ਫੇਰ ਨੂੰ ਬਰਦਾਸ਼ਤ ਨਹੀਂ ਕਰੇਗੀ ਤਾਂ ਜੇਕਰ ਇਸ ਮਾਮਲੇ ਦੀ ਸਟੇਟ ਵਿਜੀਲੈਂਸ ਵਲੋਂ ਜਾਂਚ ਸ਼ੁਰੂ ਕਰ ਲਈ ਜਾਂਦੀ ਹੈ ਤਾਂ ਕਈ ਲੋਕ ਪੇ੍ਰਸ਼ਾਨੀ ਵਿਚ ਪੈ ਸਕਦੇ ਹਨ | ਉਂਜ ਇਸ ਤੋਂ ਪਹਿਲਾਂ ਚਰਚਿਤ ਮਾਮਲੇ ਦੀ ਵਿਜੀਲੈਂਸ ਬਿਊਰੋ ਵਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਵੀ ਨਿਗਮ ਵਲੋਂ 66 ਫੁੱਟੀ ਰੋਡ ਦੀਆਂ ਕਈ ਕਾਲੋਨੀਆਂ ਤੋਂ ਪਾਣੀ ਤੇ ਸੀਵਰੇਜ ਦੇ ਬਿੱਲ ਵਸੂਲਣ ਲਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ ਹੈ ਜਦਕਿ ਨਿਗਮ ਨੂੰ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਕਰੋੜਾਂ ਰੁਪਏ ਦੇ ਫ਼ੰਡਾਂ ਦੀ ਲੋੜ ਹੈ | ਚੀਫ਼ ਵਿਜੀਲੈਂਸ ਅਫ਼ਸਰ ਲੰਬੇ ਸਮੇਂ ਤੋਂ ਨਾਜਾਇਜ਼ ਉਸਾਰੀਆਂ ਤੇ ਕਾਲੋਨੀਆਂ ਦੀਆਂ ਸ਼ਿਕਾਇਤਾਂ ਦੀ ਜਾਂਚ ਕਰ ਰਿਹਾ ਹੈ ਪਰ ਅਜੇ ਇਸ ਦੇ ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ |
ਪਿਛਲੀ ਖ਼ਬਰ ਫ਼ਰਦ ਕੇਂਦਰ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਜਤਾਇਆ ਰੋਸ ਅਗਲੀ ਖ਼ਬਰ ਕੈਨੇਡਾ ਦੀ ਸਾਬਕਾ ਐਮ. ਪੀ. ਰੂਬੀ ਢਾਲਾ ਵਲੋਂ ਨਾਰੀ ਨਿਕੇਤਨ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।