ਜਲੰਧਰ, 2 ਦਸੰਬਰ (ਸ਼ਿਵ)-ਨਗਰ ਨਿਗਮ 'ਚ ਬੰਟੂ ਸੱਭਰਵਾਲ ਸਮਰਥਕ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਜਿੱਥੇ ਕੂੜਾ ਚੁੱਕਣ ਸਮੇਤ ਹੋਰ ਕੰਮ ਬੰਦ ਰੱਖੇ ਗਏ ਸਗੋਂ ਅੱਜ ਨਿਗਮ ਕਰਮਚਾਰੀਆਂ ਵਲੋਂ ਸ੍ਰੀ ਰਾਮ ਚੌਕ ਵਿਚ ਪੁਤਲਾ ਫ਼ੂਕ ਪ੍ਰਦਰਸ਼ਨ ਕੀਤਾ ਗਿਆ | ਨਿਗਮ ਯੂਨੀਅਨ ਕਈ ਦਿਨਾਂ ਤੋਂ ਜਲੰਧਰ 'ਚ 143 ਕਰੋੜ ਵਿਚ ਕੂੜਾ ਪ੍ਰਬੰਧਨ ਦਾ ਕੰਮ ਠੇਕੇ 'ਤੇ ਦੇਣ ਅਤੇ 1196 ਮੁਲਾਜ਼ਮਾਂ ਦੀ ਭਰਤੀ ਨਾ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਹੈ | ਨਿਗਮ ਯੂਨੀਅਨ ਵਲੋਂ ਕੰਮ ਬੰਦ ਕਰਨ ਕਰਕੇ ਨਿਗਮ ਦੇ ਦੋਵੇਂ ਗੇਟ ਬੰਦ ਕਰ ਦਿੱਤੇ ਗਏ ਸਨ ਤਾਂ ਉੱਥੇ ਕਈ ਮੁਲਾਜ਼ਮ ਖਿੜਕੀਆਂ ਟੱਪ ਕੇ ਬਾਹਰ ਆਏ ਕਿਉਂਕਿ ਯੂਨੀਅਨ ਵਲੋਂ ਮੁੱਖ ਗੇਟ ਬੰਦ ਹੋਣ ਕਰਕੇ ਕਈ ਕਰਮਚਾਰੀ ਅੰਦਰ ਰਹਿ ਗਏ ਤੇ ਉਨ੍ਹਾਂ ਨੂੰ ਖਿੜਕੀਆਂ ਟੱਪ ਕੇ ਬਾਹਰ ਆਉਣਾ ਪਿਆ , ਜਦੋਂ ਕਈ ਕਰਮਚਾਰੀ ਖਿੜਕੀਆਂ ਰਾਹੀਂ ਬਾਹਰ ਆ ਰਹੇ ਸਨ ਤਾਂ ਕਈ ਕਰਮਚਾਰੀ ਡਿੱਗਦੇ-ਡਿੱਗਦੇ ਬਚੇ | ਉਧਰ ਹੜਤਾਲੀ ਨਿਗਮ ਕਰਮਚਾਰੀਆਂ ਵਲੋਂ ਕੰਮ ਬੰਦ ਰੱਖਣ ਤੋਂ ਇਲਾਵਾ ਸ੍ਰੀ ਰਾਮ ਚੌਕ ਵਿਚ ਸਰਕਾਰ ਖ਼ਿਲਾਫ਼ ਪੁਤਲਾ ਫ਼ੂਕ ਪ੍ਰਦਰਸ਼ਨ ਕੀਤਾ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ | ਕਰਮਚਾਰੀਆਂ ਦਾ ਕਹਿਣਾ ਸੀ ਕਿ ਜਿੰਨੀ ਦੇਰ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ | ਯੂਨੀਅਨ ਪ੍ਰਧਾਨ ਬੰਟੂ ਸਭਰਵਾਲ ਦਾ ਕਹਿਣਾ ਸੀ ਕਿ ਯੂਨੀਅਨ ਵਲੋਂ ਬੁੱਧਵਾਰ ਨੂੰ ਵੀ ਪ੍ਰਦਰਸ਼ਨ ਕੀਤਾ ਜਾਵੇਗਾ | ਉਧਰ ਨਿਗਮ ਪ੍ਰਸ਼ਾਸਨ ਵਲੋਂ ਅੱਜ ਕਰਮਚਾਰੀਆਂ ਦੇ ਹੜਤਾਲ 'ਤੇ ਹੋਣ ਕਰਕੇ ਕਈ ਗੱਡੀਆਂ ਨੂੰ ਤੇਲ ਨਹੀਂ ਦਿੱਤਾ ਗਿਆ | ਸ਼ਹਿਰ 'ਚ ਕੂੜਾ ਚੁੱਕਣ ਦਾ ਕੰਮ ਪ੍ਰਭਾਵਿਤ ਰਿਹਾ | ਜਿਸ ਕਰਕੇ ਕਈ ਡੰਪਾਂ 'ਤੇ ਕੂੜੇ ਦੇ ਢੇਰ ਲੱਗ ਗਏ |
ਨਿਗਮ ਯੂਨੀਅਨ ਦੀ ਹੜਤਾਲ ਕਰਕੇ ਪ੍ਰਭਾਵਿਤ ਰਿਹਾ ਕੂੜਾ ਚੁੱਕਣ ਦਾ ਕੰਮ
ਅਜੀਤ ਡੈਸਕ
03-12-2025