ਠੰਢ ਵਧਣ ਕਰਕੇ ਨਿਗਮ ਵਲੋਂ ਨਵੀਆਂ ਸੜਕਾਂ ਬਣਾਉਣ ਦਾ ਕੰਮ ਬੰਦ
ਅਜੀਤ ਡੈਸਕ
03-12-2025
ਜਲੰਧਰ, 2 ਦਸੰਬਰ (ਸ਼ਿਵ)-ਠੰਢ ਵਧਣ ਕਰਕੇ ਨਗਰ ਨਿਗਮ ਨੇ ਹੁਣ ਨਵੀਆਂ ਸੜਕਾਂ ਬਣਾਉਣ ਦਾ ਕੰਮ ਬੰਦ ਕਰ ਦਿੱਤਾ ਹੈ ਕਿਉਂਕਿ ਠੰਢ ਵਧਣ ਕਰਕੇ ਲੁੱਕ ਬਜਰੀ ਮਿਕਸ ਕਰਨ ਦੇ ਪਲਾਂਟ 'ਚ ਕੰਮ ਬੰਦ ਹੋ ਜਾਂਦਾ ਹੈ ਤੇ ਇਸ ਮੌਸਮ 'ਚ ਵੀ ਸੜਕ 'ਚ ਮਜ਼ਬੂਤੀ ਨਹੀਂ ਰਹਿੰਦੀ ਹੈ | ਨਿਗਮ ਦੇ ਬੀ. ਐਂਡ. ਆਰ. ਵਿਭਾਗ ਦਾ ਕਹਿਣਾ ਸੀ ਕਿ ਪੱਛਮੀ ਹਲਕੇ ਵਿਚ ਮੁੱਖ ਸੜਕਾਂ ਨੂੰ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਤੇ ਇਸ ਲਈ ਕੁੱਝ ਸੜਕਾਂ ਰਹਿ ਗਈਆਂ ਹਨ ਜਿੱਥੇ ਕਿ ਲੁੱਕ ਬਜਰੀ ਪਾਈ ਜਾਣੀ ਹੈ | ਇਨ੍ਹਾਂ ਵਿਚ ਅਜੇ ਮੈਂਬਰੋ ਚੌਕ ਦੇ ਕੋਲ ਲੁੱਕ ਬਜਰੀ ਪਾਉਣ ਦਾ ਕੰਮ ਹੁਣ ਮਾਰਚ 'ਚ ਕੀਤਾ ਜਾਵੇਗਾ | ਪੱਛਮੀ ਹਲਕੇ ਦੀਆਂ ਸੜਕਾਂ ਦਾ ਕੰਮ ਦੇਖ ਰਹੇ ਬੀ. ਐਂਡ. ਆਰ. ਦੇ ਐੱਸ. ਈ. ਇੰਜ. ਰਜਨੀਸ਼ ਡੋਗਰਾ ਦਾ ਕਹਿਣਾ ਸੀ ਕਿ ਸ੍ਰੀ ਗੁਰੂ ਰਵਿਦਾਸ ਚੌਕ ਵਿਚ ਲੱੁਕ ਬਜਰੀ ਦੀ ਪਰਤ ਪਾ ਦਿੱਤੀ ਗਈ ਸੀ | ਉਧਰ ਕਾਂਗਰਸ ਦੇ ਕੌਂਸਲਰ ਪਵਨ ਕੁਮਾਰ ਵਲੋਂ ਨਿਗਮ ਹਾਊਸ ਦੀ ਮੀਟਿੰਗ 'ਚ ਮਾਡਲ ਟਾਊਨ ਸ਼ਮਸ਼ਾਨਘਾਟ ਤੋਂ ਲੈ ਕੇ ਸਟੇਡੀਅਮ ਤੱਕ ਸੜਕ ਨਾ ਬਣਾਉਣ ਦਾ ਮਸਲਾ ਉਠਾਇਆ ਸੀ ਕਿ ਦੋ ਸਾਲ ਤੋਂ ਉਕਤ ਸੜਕ ਸਿਰਫ਼ ਸੰਘਾ ਚੌਕ ਤੱਕ ਹੀ ਬਣਾਈ ਗਈ ਹੈ | ਮੇਅਰ ਵਨੀਤ ਧੀਰ ਦੀ ਹਦਾਇਤ 'ਤੇ ਠੇਕੇਦਾਰ ਨੂੰ ਚਿਤਾਵਨੀ ਜਾਰੀ ਕੀਤੀ ਗਈ ਸੀ ਕਿ ਜੇਕਰ ਉਕਤ ਸੜਕ ਦਾ ਕੰਮ ਪੂਰਾ ਨਹੀਂ ਕੀਤਾ ਗਿਆ ਤਾਂ ਇਸ ਮਾਮਲੇ ਵਿਚ ਕਾਰਵਾਈ ਕੀਤੀ ਜਾਵੇਗੀ | ਅੱਜ ਉਸ ਜਗਾ ਸੰਘਾ ਚੌਕ ਤੋਂ ਲੈ ਕੇ ਕੁੱਕੀ ਢਾਬ ਤੱਕ ਸੜਕ ਬਣਾਉਣ ਦਾ ਕੰਮ ਪੂਰਾ ਕਰ ਦਿੱਤਾ ਗਿਆ | ਇੰਜ. ਰਜਨੀਸ਼ ਡੋਗਰਾ ਦਾ ਕਹਿਣਾ ਸੀ ਕਿ ਠੰਢ ਕਰਕੇ ਹੁਣ 600 ਮੀਟਰ ਦੇ ਕਰੀਬ ਰਹਿ ਗਈ ਸੜਕ ਬਣਾਉਣ ਦਾ ਕੰਮ ਗਰਮੀਆਂ ਵਿਚ ਕੀਤਾ ਜਾਵੇਗਾ | ਸੜਕਾਂ ਬਣਾਉਣ ਦਾ ਕੰਮ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ |