ਜਲੰਧਰ, 20 ਨਵੰਬਰ (ਐੱਮ. ਐੱਸ. ਲੋਹੀਆ)-ਬਹੁਜਨ ਸਮਾਜ ਪਾਰਟੀ (ਬੀ.ਐੱਸ.ਪੀ.) ਦੇ ਲੀਗਲ ਸੈੱਲ ਦੇ ਐਡਵੋਕੇਟ ਦੀਪਕ ਤੇ ਜ਼ਿਲ੍ਹਾ ਜਲੰਧਰ ਦੇ ਕੋਆਰਡੀਨੇਟਰ ਕਮਲ ਬਾਦਸ਼ਾਹਪੁਰ ਨੇ ਪੱਤਰਕਾਰ ਸੰਮੇਲਨ ਕਰਕੇ ਜ਼ਿਲ੍ਹਾ ਜਲੰਧਰ ਦਿਹਾਤੀ ਪੁਲਿਸ 'ਤੇ ਦੋਸ਼ ਲਗਾਏ ਹਨ ਕਿ ਪੁਲਿਸ ਨੇ ਰਾਜਨੀਤਿਕ ਦਬਾਅ ਹੇਠ ਬੀ.ਐੱਸ.ਪੀ. ਦੇ ਆਗੂਆਂ, ਵਰਕਰਾਂ ਅਤੇ ਨਸ਼ੇ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਨਾਜਾਇਜ਼ ਮੁਕੱਦਮਾ ਦਰਜ ਕੀਤਾ ਹੈ | ਉਨ੍ਹਾਂ ਕਿਹਾ ਕਿ ਰਾਜਨੀਤਿਕ ਧੱਕੇਸ਼ਾਹੀ ਦੀ ਹੱਦ ਤਾਂ ਇਹ ਹੋ ਗਈ ਕਿ, ਡੀ.ਜੀ.ਪੀ. ਦੀਆਂ ਹਿਦਾਇਤਾਂ 'ਤੇ ਐੱਸ.ਐੱਸ.ਪੀ. ਹੁਸ਼ਿਆਰਪੁਰ ਵਲੋਂ ਕਰਵਾਈ ਗਈ ਜਾਂਚ ਤੋਂ ਬਾਅਦ ਮੁਕੱਦਮਾ ਰੱਦ ਕਰਨ ਦੀਆਂ ਹਦਾਇਤਾਂ ਕੀਤੇ ਜਾਣ ਦੇ ਬਾਵਜੂਦ ਥਾਣਾ ਮਕਸੂਦਾਂ ਦੇ ਮੁਖੀ ਨੇ ਇਸ ਸੰਬੰਧੀ ਅਦਾਲਤ 'ਚ ਚਲਾਨ ਪੇਸ਼ ਕਰ ਦਿੱਤਾ | ਐਡਵੋਕੇਟ ਦੀਪਕ ਨੇ ਜਾਣਕਾਰੀ ਦਿੱਤੀ ਕਿ 23 ਜੁਲਾਈ 2023 ਨੂੰ ਪਠਾਨਕੋਟ ਰੋਡ ਸਥਿਤ ਨੂਰਪੁਰ ਅੱਡੇ 'ਤੇ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ 'ਚ ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਵੀ ਸ਼ਾਮਿਲ ਸੀ | ਲੋਕਾਂ ਵਲੋਂ ਥਾਣਾ ਖੇਤਰ 'ਚ ਫੈਲੇ ਨਸ਼ੇ ਤੇ ਉਸ ਕਾਰਨ ਹੋ ਰਹੀਆਂ ਮੌਤਾਂ ਦੇ ਮੁੱਦੇ 'ਤੇ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ ਗਿਆ, ਇਸ ਦੌਰਾਨ ਕੋਈ ਹਾਈਵੇਅ ਜਾਮ ਨਹੀਂ ਕੀਤਾ ਗਿਆ, ਜਿਸ ਦੀ ਵੀਡੀਓਗ੍ਰਾਫ਼ੀ ਵੀ ਮੌਜੂਦ ਹੈ, ਪਰ ਉਸ ਸਮੇਂ ਦੇ ਥਾਣਾ ਮਕਸੂਦਾਂ ਮੁਖੀ ਵਲੋਂ ਆਪਣੇ ਮੁਲਾਜ਼ਮਾਂ ਤੋਂ ਖੁਦ ਹੀ ਹਾਈਵੇਅ 'ਤੇ ਚਲਦੇ ਟ੍ਰੈਫ਼ਿਕ ਨੂੰ ਜਾਮ ਕਰਵਾ ਕੇ ਪ੍ਰਦਰਸ਼ਨ ਕਰਨ ਵਾਲੇ ਲੋਕਾਂ 'ਤੇ ਹਾਈਵੇ ਜਾਮ ਕਰਨ ਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਣ ਦਾ ਇਕ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਗਿਆ, ਜੋ ਨਾਮ ਸਹਿਤ 13 ਅਤੇ 152 ਅਣਪਛਾਤੇ ਵਿਅਕਤੀਆਂ 'ਤੇ ਕੀਤਾ ਗਿਆ ਸੀ | ਇਸ ਦੇ ਖਿਲਾਫ਼ ਉਹ ਡੀ.ਜੀ.ਪੀ. ਪੰਜਾਬ ਨੂੰ ਮਿਲੇ ਤੇ ਉਨ੍ਹਾਂ 11 ਸਤੰਬਰ 2024 ਨੂੰ ਇਸਦੀ ਜਾਂਚ ਐੱਸ.ਐੱਸ.ਪੀ. ਹੁਸ਼ਿਆਰਪੁਰ ਨੂੰ ਭੇਜੀ, ਜਿਸ ਤੋਂ ਬਾਅਦ ਐੱਸ.ਪੀ. (ਸਥਾਨਕ) ਵਲੋਂ ਪੁਲਿਸ ਅਧਿਕਾਰੀਆਂ ਤੇ ਪ੍ਰਦਰਸ਼ਨਕਾਰੀ ਦੋਵਾਂ ਧਿਰਾਂ ਦੇ ਬਿਆਨ ਲੈ ਕੇ ਕੀਤੀ ਆਪਣੀ ਜਾਂਚ ਤੋਂ ਬਾਅਦ ਇਹ ਮੁਕੱਦਮਾ ਰੱਦ ਕਰਨ ਦੀ ਸਿਫ਼ਾਰਿਸ਼ ਕੀਤੀ ਗਈ | ਇਸ ਤੋਂ ਬਾਅਦ ਜਲੰਧਰ ਦਿਹਾਤੀ ਦੇ ਐੱਸ.ਐੱਸ.ਪੀ. ਨੂੰ ਇਸ ਦੀ ਅਖਰਾਜ ਰਿਪੋਰਟ ਕੋਰਟ 'ਚ ਪੇਸ਼ ਕਰਨ ਲਈ ਕਿਹਾ ਗਿਆ, ਪਰ ਇਸਦੇ ਬਾਵਜੂਦ ਮੌਜੂਦਾ ਥਾਣਾ ਮਕਸੂਦਾਂ ਮੁਖੀ ਨੇ ਖੁਦ ਹੀ ਪਹਿਲੇ ਥਾਣਾ ਮੁਖੀ ਦੇ ਇਕਤਰਫ਼ਾ ਬਿਆਨ ਲੈ ਕੇ ਆਪਣੇ ਤੌਰ 'ਤੇ ਇਹ ਰਿਪੋਰਟ ਬਣਾ ਦਿੱਤੀ ਅਤੇ ਇਸਦਾ ਚਲਾਨ 2 ਸਤੰਬਰ 2025 ਨੂੰ ਅਦਾਲਤ 'ਚ ਪੇਸ਼ ਕਰਵਾ ਦਿੱਤਾ | ਉਨ੍ਹਾਂ ਡੀ.ਜੀ.ਪੀ. ਪੰਜਾਬ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਦਾ ਇਨਸਾਫ਼ ਕਰਨ ਤੇ ਉਕਤ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ | ਇਸ ਮੌਕੇ ਐਡਵੋਕੇਟ ਐੱਚ.ਡੀ. ਸਾਂਪਲਾ, ਐਡਵੋਕੇਟ ਜਸਵਿੰਦਰ ਪਾਲ, ਬਸਪਾ ਆਗੂ ਬਾਬੂ ਮੁਨੀ ਲਾਲ, ਬਸਪਾ ਆਗੂ ਪਾਲੀ ਹੁਸੈਨਪੁਰ, ਬਸਪਾ ਆਗੂ ਬਿੰਦਰ ਹੁਸੈਨਪੁਰ ਤੇ ਬਸਪਾ ਆਗੂ ਰਾਕੇਸ਼ ਕੇਸ਼ਾ ਆਦਿ ਮÏਜੂਦ ਸਨ |