ਸ਼ਾਹਕੋਟ, 2 ਨਵੰਬਰ (ਦਲਜੀਤ ਸਿੰਘ ਸਚਦੇਵਾ)-'ਦੋਆਬਾ ਹੈੱਡਲਾਈਨਜ਼' ਨਕੋਦਰ ਵਲੋਂ ਮਿਤੀ 7 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 7:30 ਵਜੇ ਸ਼ਾਹਕੋਟ ਵਿਖੇ ਮਿੰਨੀ ਮੈਰਾਥਨ ਦੌੜ ਦਾ ਆਯੋਜਨ ਕੀਤਾ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ 'ਦੋਆਬਾ ਹੈੱਡਲਾਈਨਜ਼' ਦੇ ਮੁੱਖ ਸੰਪਾਦਕ ਤੇ ਮੈਰਾਥਨ ਦੇ ਮੁੱਖ ਪ੍ਰਬੰਧਕ ਰਾਮ ਸਿੰਘ ਔਲਖ ਅਤੇ ਸਮਾਜ ਸੇਵਕ ਰਾਮ ਗੁਪਤਾ ਨੇ ਦੱਸਿਆ ਇਸ ਦੌੜ ਵਾਸਤੇ ਦੌੜਾਕਾਂ ਨੂੰ ਟੋਕਨ ਸਵੇਰੇ 6 ਤੋਂ 7 ਵਜੇ ਤੱਕ ਦਿੱਤੇ ਜਾਣਗੇ | ਇਹ ਦੌੜ ਪਬਲਿਕ ਸਕੂਲ ਸ਼ਾਹਕੋਟ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਵਾਪਸ ਸਕੂਲ ਵਿਖੇ ਸਮਾਪਤ ਹੋਵੇਗੀ | ਇਸ ਦੌੜ ਨੂੰ ਹਰੀ ਝੰਡੀ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ, ਸ਼ੁਭੀ ਆਂਗਰਾ ਐੱਸ.ਡੀ.ਐੱਮ ਸ਼ਾਹਕੋਟ ਤੇ ਓਾਕਾਰ ਸਿੰਘ ਬਰਾੜ ਡੀ.ਐੱਸ.ਪੀ ਸ਼ਾਹਕੋਟ ਵਲੋਂ ਦਿੱਤੀ ਜਾਵੇਗੀ | ਲੜਕੇ ਤੇ ਲੜਕੀਆਂ ਦੇ ਗਰੁੱਪ ਵਿੱਚ ਪਹਿਲੇ, ਦੂਜੇ ਅਤੇ ਤੀਜੇ ਨੰਬਰ 'ਤੇ ਆਉਣ ਵਾਲੇ ਬੱਚਿਆਂ ਨੂੰ ਆਕਰਸ਼ਕ ਇਨਾਮ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਇਸ ਮਿੰਨੀ ਮੈਰਾਥਨ ਵਿਚ ਸ਼ਾਮਿਲ ਹੋਣ ਲਈ ਇਲਾਕੇ ਦੇ ਵੱਖ-ਵੱਖ ਸਰਕਾਰੀ ਤੇ ਨਿੱਜੀ ਸਕੂਲਾਂ ਤੋਂ ਇਲਾਵਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਸੱਦੇ ਪੱਤਰ ਦਿੱਤੇ ਗਏ ਹਨ | ਇਸ ਮਿੰਨੀ ਮੈਰਾਥਨ ਸੰਬੰਧੀ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ |