ਜਲੰਧਰ, 20 ਜੁਲਾਈ (ਐੱਮ. ਐੱਸ. ਲੋਹੀਆ) - ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ਼ ਬਲਾਈਾਡਨੈੱਸ ਅਧੀਨ ਸ਼ੁੱਕਰਵਾਰ ਨੂੰ ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਪ੍ਰਧਾਨਗੀ 'ਚ ਈ.ਐਸ.ਆਈ. ਹਸਪਤਾਲ, ਜਲੰਧਰ ਵਿਖੇ ਮਾਸਟਰ ਟਰੇਨਰਾਂ ਦੀ ਵਿਸ਼ੇਸ਼ ਟਰੇਨਿੰਗ ਕਰਵਾਈ ਗਈ, ਜਿਸ ਦੌਰਾਨ ਡਾ. ਗੁਰਪ੍ਰੀਤ ਕੌਰ ਐਸ.ਐਮ.ਓ. ਆਈ ਮੋਬਾਈਲ ਯੂਨਿਟ ਦੀ ਦੇਖ-ਰੇਖ 'ਚ ਹੋਈ ਇਸ ਟਰੇਨਿੰਗ 'ਚ ਸਰਕਾਰੀ ਸਕੂਲਾਂ ਦੇ ਚੁਣੇ ਹੋਏ ਅਧਿਆਪਕਾਂ ਨੂੰ ਓਪਥੈਲਮਿਕ ਅਫ਼ਸਰ ਵਿਸ਼ਾਲ ਖੰਨਾ ਵਲੋਂ ਵਿਜ਼ੂਅਲ ਸਕ੍ਰੀਨਿੰਗ ਦੀ ਟਰੇਨਿੰਗ ਦਿੱਤੀ ਗਈ, ਜੋ ਹੁਣ ਜ਼ਿਲ੍ਹੇ ਭਰ ਦੇ ਹੋਰ ਵਿਗਆਨ ਅਧਿਆਪਕਾਂ ਨੂੰ ਸਿੱਖਿਅਤ ਕਰਨਗੇ | ਇਸ ਮੌਕੇ ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਮਾਸਟਰ ਟਰੇਨਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਖਾਂ ਦੀ ਰੌਸ਼ਨੀ ਹਰ ਬੱਚੇ ਦਾ ਮੂਲ ਅਧਿਕਾਰ ਹੈ ਤੇ ਇਸ ਨੂੰ ਸੁਰੱਖਿਅਤ ਰੱਖਣਾ ਸਾਡੇ ਸਾਰੇ ਸਮਾਜਿਕ ਤੇ ਵਿੱਦਿਅਕ ਸੰਸਥਾਵਾਂ ਦੀ ਵੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਬੱਚਿਆਂ 'ਚ ਅੱਖਾਂ ਦੀਆਂ ਸਮੱਸਿਆਵਾਂ ਦੀ ਪਛਾਣ ਜਿੰਨੀ ਜਲਦੀ ਹੋਵੇ, ਉਨ੍ਹਾਂ ਦੀ ਰੋਕਥਾਮ ਤੇ ਇਲਾਜ ਓਨੇ ਹੀ ਬਿਹਤਰ ਹੋ ਸਕਦੇ ਹਨ | ਉਨ੍ਹਾਂ ਵਧੇਰੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ, ਖ਼ਾਸ ਕਰਕੇ ਵਿਗਆਨ ਅਧਿਆਪਕ, ਜਿਹੜੇ ਰੋਜ਼ਾਨਾ ਬੱਚਿਆਂ ਨਾਲ ਸਿੱਧਾ ਸੰਪਰਕ 'ਚ ਰਹਿੰਦੇ ਹਨ, ਉਹ ਵਿਜ਼ੂਅਲ ਸਕ੍ਰੀਨਿੰਗ 'ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ | ਇਹ ਟ੍ਰੇਨਿੰਗ ਉਨ੍ਹਾਂ ਨੂੰ ਅੱਖਾਂ ਦੀਆਂ ਆਮ ਸਮੱਸਿਆਵਾਂ ਦੀ ਪਛਾਣ ਕਰਨ 'ਚ ਸਹਾਇਤਾ ਕਰੇਗੀ | ਇਸ ਮੌਕੇ ਮੈਡੀਕਲ ਸੁਪਰਡੈਂਟ (ਈ.ਐੱਸ.ਆਈ. ਹਸਪਤਾਲ) ਡਾ. ਵੰਦਨਾ ਸੱਗੜ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਐਸ.ਐਮ.ਓ. ਡਾ. ਅਰੁਣ ਵਰਮਾ, ਐਸ.ਐਮ.ਓ. ਡਾ. ਗਗਨਦੀਪ ਸਿੰਘ, ਦੀਪਕ ਚੋਪੜਾ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ ਅਤੇ ਸ੍ਰੀਮਤੀ ਅਮਰਜੀਤ ਕੌਰ ਵੀ ਹਾਜ਼ਰ ਸਨ |