ਜਲੰਧਰ, 20 ਜੁਲਾਈ (ਡਾ.ਜਤਿੰਦਰ ਸਾਬੀ)- ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋ ਕਰਵਾਏ ਜਾ ਰਹੇ ਅੰਡਰ 19 ਸਾਲ ਲੜਕੇ ਵਰਗ ਦੇ ਸੈਮੀਫਾਈਨਲ ਮੁਕਾਬਲੇ 'ਚੋਂ ਜਲੰਧਰ ਨੇ ਪਟਿਆਲਾ ਨੂੰ 11 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਥਾਂ ਬਣਾਈ ਹੈ | ਮੁੱਲਾਪੁਰ ਦੇ ਨਿਊ ਚੰਡੀਗੜ੍ਹ ਵਿਖੇ ਖੇਡੇ ਗਏ ਇਸ ਮੈਚ ਵਿਚੋਂ ਜਲੰਧਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਨਿਰਧਾਰਿਤ 50 ਓਵਰਾਂ 'ਚ 8 ਵਿਕਟਾਂ ਗੁਆ ਕੇ 219 ਦੌੜਾਂ ਬਣਾਈਆਂ ਤੇ ਇਸ ਵਿਚ ਅਰਜਨ ਰਾਜਪੂਤ ਨੇ 53 ਦੌੜਾਂ, ਸ਼ਿਵੇਨ ਸੇਠ ਨੇ 33 ਦੌੜਾਂ, ਅਨੂਪ ਸ਼ਰਮਾਂ ਨੇ 26 ਦੌੜਾਂ ਤੇ ਰਾਜਵੀਰ ਜੈਸਵਾਲ ਨੇ ਅਜੇਤੂ 16 ਦੌੜਾਂ ਦਾ ਅਹਿਮ ਯੋਗਦਾਨ ਪਾਇਆ | ਇਸ ਦੇ ਜਬਾਬ ਵਿਚ ਪਟਿਆਲਾ ਦੀ ਟੀਮ ਨੇ ਜਿੱਤ ਲਈ ਕਾਫੀ ਜ਼ੋਰ ਲਗਾਇਆ ਪਰ ਅਸਫਲ ਰਹੇ | ਜਲੰਧਰ ਵੱਲੋਂ ਅਰਜਨ ਤੇ ਰੋਹਿਤ ਨੇ 2-2 ਵਿਕਟਾਂ ਹਾਸਲ ਕੀਤੀਆਂ | ਇਸ ਸ਼ਾਨਦਾਰ ਜਿੱਤ 'ਤੇ ਪੀ.ਸੀ.ਏ. ਦੇ ਅਪੈਕਸ ਕੌਂਸਲ ਮੈਬਰ ਅਰਮਿੰਦਰ ਸਿੰਘ, ਜੇ.ਡੀ.ਸੀ.ਏ. ਦੇ ਪ੍ਰਧਾਨ ਸੰਜੀਵ ਕੁਮਾਰ, ਰਾਜਨ ਚੋਪੜਾ, ਰਿਸ਼ੀ ਰਾਜ ਨੇ ਜੇਤੂ ਟੀਮ ਦੇ ਖਿਡਾਰੀਆਂ ਤੇ ਕੋਚ ਰਾਜ ਕੁਮਾਰ ਨੂੰ ਵਧਾਈ ਦਿੱਤੀ ਹੈ ਤੇ ਫਾਈਨਲ ਮੈਚ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਜੋ 21 ਜੁਲਾਈ ਨੂੰ ਖੇਡਿਆ ਜਾਵੇਗਾ |