ਜਲੰਧਰ, 19 ਜੁਲਾਈ (ਸ਼ਿਵ)- ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਤੇ ਸਾਬਕਾ ਭਾਜਪਾ ਪ੍ਰਧਾਨ ਕ੍ਰਿਸ਼ਨ ਦੇਵ ਭੰਡਾਰੀ ਦੀ ਅਗਵਾਈ 'ਚ ਅੱਜ ਭਾਜਪਾ ਆਗੂਆਂ ਨੇ ਡੀ.ਸੀ. ਹਿਮਾਂਸ਼ੂ ਅਗਰਵਾਲ ਨੂੰ ਮਿਲ ਕੇ ਵਾਰਡ ਨੰਬਰ 77 ਵਿਚ ਕੇਂਦਰ ਵਲੋਂ ਆਯੂਸ਼ ਮਾਨ ਯੋਜਨਾ ਤਹਿਤ ਖੋਲ੍ਹੇ ਜਾ ਰਹੇ ਅਰੋਗਿਆ ਕੇਂਦਰ ਦੇ ਨਿਰਮਾਣ ਨੂੰ ਲੈ ਕੇ ਇਲਾਕੇ ਦੇ ਕੁੱਝ ਲੋਕ ਰੁਕਾਵਟਾਂ ਪਾ ਰਹੇ ਹਨ ਜਦਕਿ ਅਮਰ ਗਾਰਡਨ ਦਾ ਸਾਰੇ ਇਲਾਕਾ ਵਾਸੀਆਂ ਨੇ ਹਸਤਾਖ਼ਰ ਕਰਕੇ ਇਸ ਦੀ ਸਹਿਮਤੀ ਦੇ ਦਿੱਤੀ ਹੈ | ਉਨ੍ਹਾਂ ਨੇ ਡੀ. ਸੀ. ਨੂੰ ਸ਼ਿਕਾਇਤ ਕੀਤੀ ਕਿ ਇਸ ਮਸਲੇ 'ਤੇ ਜਲਦੀ ਕੰਮ ਕਰਵਾਇਆ ਜਾਵੇ | ਕੇ.ਡੀ. ਭੰਡਾਰੀ ਦਾ ਕਹਿਣਾ ਸੀ ਕਿ ਇਸ ਮਾਮਲੇ 'ਤੇ ਉਨ੍ਹਾਂ ਨੇ ਸਿਵਲ ਸਰਜਨ ਦੇ ਧਿਆਨ ਵਿਚ ਵੀ ਸਾਰੀ ਜਾਣਕਾਰੀ ਲਿਆਂਦੀ ਹੈ | ਡੀ. ਸੀ. ਹਿਮਾਂਸ਼ੂ ਅਗਰਵਾਲ ਨੇ ਇਸ ਮਾਮਲੇ ਵਿਚ ਸਿਵਲ ਸਰਜਨ ਨੂੰ ਕੰਮ ਤੇਜ਼ ਕਰਨ ਦੀ ਹਦਾਇਤ ਦਿੱਤੀ | ਇਸ ਤੋਂ ਇਲਾਵਾ ਕ੍ਰਿਸ਼ਨ ਦੇਵ ਭੰਡਾਰੀ ਨੇ ਸ੍ਰੀ ਅਗਰਵਾਲ ਨੂੰ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੇ ਹਲਕੇ ਵਿਚ 196 ਦੇ ਕਰੀਬ ਬੂਥਾਂ 'ਤੇ ਬਣੀਆਂ ਵੋਟਰ ਸੂਚੀਆਂ ਦੀ ਜਾਂਚ ਕਰਕੇ ਉਨ੍ਹਾਂ ਤੋਂ ਕੱਟਣ ਵਾਲੀਆਂ ਵੋਟਾਂ ਨੂੰ ਕੱਟ ਕੇ ਵੋਟਰ ਸੂਚੀ ਦੁਬਾਰਾ ਬਣਾਈ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਇਸ ਵੋਟਰ ਸੂਚੀ ਦੀ ਦੁਬਾਰਾ ਸਮੀਖਿਆ ਕੀਤੀ ਜਾਵੇ ਤਾਂ ਹਜ਼ਾਰਾਂ ਵੋਟਾਂ ਕੱਟੀਆਂ ਜਾਣਗੀਆਂ ਕਿਉਂਕਿ ਇਨ੍ਹਾਂ ਵਿਚ ਕਈ ਲੋਕ ਦੂਜੀਆਂ ਥਾਵਾਂ 'ਤੇ ਚਲੇ ਗਏ ਹਨ ਜਦਕਿ ਕਈ ਮਿ੍ਤਕ ਲੋਕਾਂ ਦੀਆਂ ਵੀ ਵੋਟਾਂ ਹੋ ਸਕਦੀਆਂ ਹਨ | ਇਸ ਮੌਕੇ ਅਮਰਜੀਤ ਸਿੰਘ ਅਮਰੀ, ਭਗਵੰਤ ਪ੍ਰਭਾਕਰ, ਗੁਰਜੀਤ ਸਿੰਘ ਮਰਵਾਹਾ, ਦੀਪਕ ਪ੍ਰਧਾਨ, ਜਸਵਿੰਦਰ ਸਿੰਘ ਧੋਗੜੀ, ਰਜਿੰਦਰ ਸਹਿਗਲ, ਜਸਵਿੰਦਰ ਸਿੰਘ ਸਭਰਵਾਲ, ਆਸ਼ੀਸ਼ ਸਹਿਗਲ ਤੇ ਹੋਰ ਹਾਜ਼ਰ ਸਨ |