ਜਲੰਧਰ, 19 ਜੁਲਾਈ (ਜਸਪਾਲ ਸਿੰਘ)- ਕੰਨਿਆ ਮਹਾਂਵਿਦਿਆਲਿਆ (ਖੁਦਮੁਖਤਿਆਰ) ਨੇ ਆਪਣੇ 140ਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਇੱਕ ਪਵਿੱਤਰ ਹਵਨ ਸਮਾਰੋਹ ਨਾਲ ਕੀਤੀ | ਸਮਾਰੋਹ ਕਾਲਜ ਕੈਂਪਸ ਵਿੱਚ ਹਾਲ ਹੀ ਵਿੱਚ ਸਥਾਪਿਤ ਕੇ.ਐਮ.ਵੀ. ਟੈਕਨੀਕਲ ਕੈਂਪਸ ਵਿੱਚ ਕਰਵਾਇਆ ਗਿਆ | ਇਸ ਮੌਕੇ ਆਰੀਆ ਸਿੱਖਿਆ ਮੰਡਲ ਦੇ ਪ੍ਰਧਾਨ ਸ੍ਰੀ ਚੰਦਰ ਮੋਹਨ, ਕੇ.ਐਮ.ਵੀ. ਪ੍ਰਬੰਧਕੀ ਕਮੇਟੀ ਦੇ ਮੈਂਬਰ ਡਾ. ਸਤਪਾਲ ਗੁਪਤਾ ਅਤੇ ਡਾ. ਦੀਪਾਲੀ ਲੂਥਰਾ ਮੌਜੂਦ ਸਨ | ਸੰਸਥਾ ਦੀ ਸੁਨਹਿਰੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਇਹ ਹਵਨ ਵੈਦਿਕ ਵਿਧੀ-ਵਿਧਾਨ ਅਨੁਸਾਰ ਸੰਪੰਨ ਹੋਇਆ ਜਿਸ ਵਿੱਚ ਪਿ੍ੰਸੀਪਲ ਪ੍ਰੋ. (ਡਾ.) ਅਤੀਮਾ ਸ਼ਰਮਾ ਦਿਵੇਦੀ, ਫੈਕਲਟੀ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ | ਸ੍ਰੀ ਚੰਦਰ ਮੋਹਨ ਨੇ ਸਾਰੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀ ਸ਼ੁਰੂਆਤ ਲਈ ਸ਼ੱੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਕੰਨਿਆ ਮਹਾ ਵਿਦਿਆਲਿਆ ਨੇ ਆਪਣੇ 140 ਸਾਲਾਂ ਦੇ ਲੰਬੇ ਇਤਿਹਾਸ ਵਿੱਚ ਜਿੱਥੇ ਇੱਕ ਪਾਸੇ ਆਪਣੀਆਂ ਪਰੰਪਰਾਵਾਂ ਨੂੰ ਸੰਭਾਲਿਆ ਹੈ ਉੱਥੇ ਹੀ ਦੂਜੇ ਪਾਸੇ ਸਿੱਖਿਆ ਦੇ ਖੇਤਰ ਵਿੱਚ ਨਿਰੰਤਰ ਆਧੁਨਿਕਤਾ ਨੂੰ ਵੀ ਅਪਣਾਇਆ ਹੈ | ਪਿ੍ੰਸੀਪਲ ਪ੍ਰੋ. ਡਾ. ਅਤੀਮਾ ਸ਼ਰਮਾ ਦਿਵੇਦੀ ਨੇ ਸਾਰੇ ਨਵੇਂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੂੰ ਸਮਰਪਣ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ |