ਸ਼ਾਹਕੋਟ, 19 ਜੁਲਾਈ (ਬਾਂਸਲ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਪਰਗਟ ਸਿੰਘ ਵਲੋਂ ਵਿਧਾਨ ਸਭਾ ਵਿਚ ਬੋਲਦਿਆਂ ਇੰਕਸ਼ਾਫ ਕੀਤਾ ਗਿਆ ਹੈ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਕੁੱਝ ਕਾਂਗਰਸੀ ਆਗੂਆਂ ਵਲੋਂ ਬੇਅਦਬੀ ਦੇ ਮਾਮਲੇ 'ਤੇ ਸਿਆਸਤ ਕੀਤੀ ਗਈ ਹੈ ਜਿਸ ਨਾਲ ਇਸ ਮਾਮਲੇ ਵਿਚ ਚੱਲ ਰਹੀ ਜਾਂਚ ਵੀ ਪ੍ਰਭਾਵਿਤ ਹੋਈ ਹੈ | ਐਡਵੋਕੇਟ ਕੋਹਾੜ ਨੇ ਕਿਹਾ ਕਿ ਸ.ਪਰਗਟ ਸਿੰਘ ਵੱਲੋਂ ਕੀਤਾ ਗਿਆ ਇਹ ਖ਼ੁਲਾਸਾ ਗੰਭੀਰ ਮਾਮਲਾ ਹੈ ਤੇ ਹੁਣ ਉਨ੍ਹਾਂ ਨੂੰ ਉਹਨਾਂ ਆਗੂਆਂ ਦੇ ਨਾਂਅ ਵੀ ਨਸ਼ਰ ਕਰਨੇ ਚਾਹੀਦੇ ਹਨ ਤਾਂ ਕਿ ਸੂਬੇ ਦੇ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਕਿਹੜੇ ਆਗੂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ ਇਸ ਗੰਭੀਰ ਮਾਮਲੇ 'ਤੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਰਹੇ ਹਨ | ਉਨ੍ਹਾਂ ਕਿਹਾ ਕਿ ਅਸਲ ਵਿਚ ਬੇਅਦਬੀ ਮਾਮਲੇ 'ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵੇਂ ਹੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਕੋਝੀ ਰਾਜਨੀਤੀ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਦੇ ਨਾਂਅ 'ਤੇ ਆਪ ਤੇ ਕਾਂਗਰਸ ਨੇ ਹਮੇਸ਼ਾਂ ਰਾਜਨੀਤੀ ਹੀ ਕੀਤੀ ਹੈ ਤੇ ਇਨ੍ਹਾਂ 'ਚੋਂ ਕਿਸੇ ਵੀ ਧਿਰ ਨੇ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਦਾ ਯਤਨ ਨਹੀਂ ਕੀਤਾ | ਐਡਵੋਕੇਟ ਕੋਹਾੜ ਨੇ ਵਿਧਾਇਕ ਪਰਗਟ ਸਿੰਘ ਵਲੋਂ ਕੀਤੇ ਇੰਕਸ਼ਾਫ ਪ੍ਰਤੀ ਕਾਂਗਰਸ ਹਾਈਕਮਾਨ ਦੀ ਚੁੱਪ 'ਤੇ ਸਵਾਲ ਖੜ੍ਹੇ ਕਰਦਿਆਂ ਇਕ ਵਾਰ ਫਿਰ ਕਿਹਾ ਕਿ ਕਾਂਗਰਸ ਪਾਰਟੀ ਨੂੰ ਬੇਅਦਬੀ ਮਾਮਲੇ 'ਤੇ ਸਿਆਸਤ ਕਰਨ ਵਾਲੇ ਆਗੂਆਂ ਦੇ ਨਾਂਅ ਜਨਤਕ ਕਰਨੇ ਚਾਹੀਦੇ ਹਨ |