25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਆਰ. ਐਮ. ਪੀ. ਆਈ. ਦੇ ਆਗੂ ਸਾਥੀ ਸੇਵਾ ਸਿੰਘ ਦੁਸਾਂਝ ਕਲਾਂ ਦਾ ਦਿਹਾਂਤ

ਅਜੀਤ ਡੈਸਕ 19-07-2025
ਜਲੰਧਰ, 18 ਜੁਲਾਈ (ਜਸਪਾਲ ਸਿੰਘ)- ਪੰਜਾਬ ਦੇ ਦੁਆਬਾ ਖਿੱਤੇ ਦੇ ਇਤਿਹਾਸਕ ਪਿੰਡ ਦੁਸਾਂਝ ਕਲਾਂ ਦੇ ਜੰਮਪਲ ਕਾਮਰੇਡ ਸੇਵਾ ਸਿੰਘ ਦੁਸਾਂਝ ਕਲਾਂ ਦਾ ਦਿਹਾਂਤ ਹੋ ਗਿਆ | ਇਸ ਵੇਲੇ ਉਹ ਆਪਣੇ ਪਰਿਵਾਰ ਸਮੇਤ ਵੈਨਕੁਵਰ ਕੈਨੇਡਾ ਵਿਖੇ ਰਹਿ ਰਹੇ ਸਨ | 1970 ਵਿਚ ਸੀ.ਪੀ.ਆਈ. (ਐਮ) ਦੇ ਮੈਂਬਰ ਬਣੇ ਸਾਥੀ ਸੇਵਾ ਸਿੰਘ ਦੁਸਾਂਝ ਕਲਾਂ ਨੇ ਆਪਣੇ ਜੀਵਨ ਦੇ ਸਿਆਸੀ ਪੰਧ ਦਾ ਵਧੇਰੇ ਸਮਾਂ ਪਾਰਟੀ ਦੇ ਪਸਾਰ ਦੇ ਲੇਖੇ ਲਾਇਆ ਸੀ | 93 ਸਾਲਾਂ ਦੀ ਲੰਮੀ ਉਮਰ (1932-2025) ਭੋਗ ਕੇ ਸੰਸਾਰ ਤੋਂ ਵਿਦਾ ਹੋਣ ਵਾਲੇ ਕਾਮਰੇਡ ਸੇਵਾ ਸਿੰਘ ਦੇ ਪਿਤਾ ਸ. ਮਹਿੰਗਾ ਸਿੰਘ ਉੱਘੇ ਸੁਤੰਤਰਤਾ ਸੰਗਰਾਮੀ ਤੇ ਪੁਰਾਣੀ ਪੀੜ੍ਹੀ ਦੇ ਕੁਰਬਾਨੀ ਵਾਲੇ ਅਕਾਲੀ ਆਗੂਆਂ 'ਚੋਂ ਸਨ | ਆਪ ਨੇ ਲੰਮਾ ਸਮਾਂ ਪਿੰਡ ਦੇ ਸਰਪੰਚ ਵਜੋਂ ਮਿਸਾਲੀ ਕਾਰਜ ਕਰਦਿਆਂ ਹਕੀਕੀ ਕਮਿਊਨਿਸਟਾਂ ਵਾਲੇ ਉੱਚੇ-ਸੁੱਚੇ ਕਿਰਦਾਰ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ ਸੀ | ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਮੈਂਬਰ ਸਾਥੀ ਗੁਰਦਰਸ਼ਨ ਬੀਕਾ, ਜੋ ਮਰਹੂਮ ਕਾਮਰੇਡ ਸੇਵਾ ਸਿੰਘ ਦੁਸਾਂਝ ਕਲਾਂ ਦੀ ਮਿਜਾਜ ਪੁਰਸ਼ੀ ਲਈ ਕੈਨੇਡਾ ਗਏ ਹੋਏ ਹਨ, ਨੇ ਵਿਛੜੇ ਸਾਥੀ ਦੇ ਦਿਹਾਂਤ 'ਤੇ ਅਫਸੋਸ ਜ਼ਾਹਿਰ ਕਰਦਿਆਂ ਉਨ੍ਹਾਂ ਦੀਆਂ ਬੇ-ਮਿਸਾਲ ਘਾਲਣਾਵਾਂ ਤੋਂ ਪ੍ਰੇਰਣਾ ਲੈਣ ਤੇ ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲਣ ਦੀ ਅਪੀਲ ਕੀਤੀ ਹੈ | ਪਾਰਟੀ ਦੀ ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ, ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ, ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਕੁਲਵੰਤ ਸਿੰਘ ਸੰਧੂ, ਜਲੰਧਰ-ਕਪੂਰਥਲਾ ਜ਼ਿਲ੍ਹਾ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਦਰਸ਼ਨ ਨਾਹਰ ਤੇ ਜਸਵਿੰਦਰ ਸਿੰਘ ਢੇਸੀ, ਦੁਸਾਂਝ ਕਲਾਂ ਪਿੰਡ ਦੇ ਫਰਜੰਦ ਸੁਸ਼ੀਲ ਦੁਸਾਂਝ, ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਸਾਥੀ ਸੇਵਾ ਸਿੰਘ ਦੁਸਾਂਝ ਕਲਾਂ ਦੇ ਅਸਹਿ ਵਿਛੋੜੇ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ | ਸੇਵਾ ਸਿੰਘ ਦੁਸਾਂਝ ਕਲਾਂ ਦਾ ਅੰਤਿਮ ਸੰਸਕਾਰ ਐਤਵਾਰ 20 ਜੁਲਾਈ ਨੂੰ ਕੈਨੇਡਾ ਵਿਖੇ ਹੋਵੇਗਾ |
ਪਿਛਲੀ ਖ਼ਬਰ ਐਲ. ਪੀ. ਯੂ. ਵਿਖੇ 'ਕੈਪਜੇਮਿਨੀ ਕੋਡ ਐਕਸਪੀਰੀਅੰਸ ਲੈਬ' ਦਾ ਉਦਘਾਟਨ ਅਗਲੀ ਖ਼ਬਰ ਪਧਿਆਣਾ ਨਿਵਾਸੀ ਭੈਣ-ਭਰਾ ਨੇ ਲਾਏ ਪਿੰਡ ਦੇ ਹੀ ਵਿਅਕਤੀਆਂ 'ਤੇ ਹਮਲਾ ਕਰਨ ਦੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।