ਜਲੰਧਰ, 18 ਜੁਲਾਈ (ਜਸਪਾਲ ਸਿੰਘ)-ਥਾਣਾ ਆਦਮਪੁਰ ਅਧੀਨ ਆਉਂਦੇ ਪਿੰਡ ਪਧਿਆਣਾ ਨਿਵਾਸੀ ਭੈਣ-ਭਰਾ ਨੇ ਪਿੰਡ ਦੇ ਹੀ ਕੁੱਝ ਵਿਅਕਤੀਆਂ 'ਤੇ ਹਮਲਾ ਕਰਕੇ ਮਾਰਕੁੱਟ ਕਰਨ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ | ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਸੁਰਜੀਤ ਸਿੰਘ ਪੁੱਤਰ ਰਛਪਾਲ ਸਿੰਘ ਨੇ ਦੱਸਿਆ ਕਿ ਸੀਵਰੇਜ ਜਾਮ ਰਹਿਣ ਕਾਰਨ ਉਨ੍ਹਾਂ ਦੇ ਘਰ ਦੇ ਬਾਹਰ ਗੰਦਾ ਪਾਣੀ ਖੜ੍ਹਾ ਰਹਿੰਦਾ ਸੀ, ਜਿਸ ਸੰਬੰਧੀ ਉਨ੍ਹਾਂ ਵਲੋਂ ਪੰਚਾਇਤ ਨੂੰ ਵਾਰ-ਵਾਰ ਸ਼ਿਕਾਇਤ ਕਰਕੇ ਗੰਦੇ ਪਾਣੀ ਦੀ ਨਿਕਾਸੀ ਦੀ ਮੰਗ ਕੀਤੀ ਗਈ | ਸੀਵਰੇਜ ਦੀ ਸਮੱਸਿਆ ਦੇ ਹੱਲ ਸੰਬੰਧੀ ਆਵਾਜ਼ ਉਠਾਉਣ ਦੀ ਰੰਜਿਸ਼ ਤਹਿਤ ਹੀ ਉਨ੍ਹਾਂ ਉੱਪਰ ਹਮਲਾ ਕੀਤਾ ਗਿਆ | ਹਮਲਾਵਰਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ 'ਤੇ ਹਮਲਾ ਕੀਤਾ ਗਿਆ | ਇਸ ਦੌਰਾਨ ਛੁਡਾਉਣ ਆਈ ਉਸ ਦੀ ਭੈਣ ਨਾਲ ਵੀ ਹਮਲਾਵਰਾਂ ਵਲੋਂ ਮਾਰਕੁੱਟ ਕੀਤੀ ਗਈ | ਸੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਉੱਪਰ ਹਮਲਾ ਸਿਆਸੀ ਸ਼ਹਿ 'ਤੇ ਕਰਵਾਇਆ ਗਿਆ ਹੈ ਤੇ ਪੁਲਿਸ ਵੀ ਸਿਆਸੀ ਦਬਾਅ ਹੇਠ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕਰ ਰਹੀ | ਉਨ੍ਹਾਂ ਦੋਸ਼ ਲਗਾਇਆ ਕਿ ਪਿੰਡ ਦੀ ਸਰਪੰਚ ਤੇ ਉਸ ਦੇ ਪਤੀ ਵਲੋਂ ਆਪਣੇ ਸਾਥੀਆਂ ਦੇ ਨਾਲ ਰੰਜਿਸ਼ ਤਹਿਤ ਉਨ੍ਹਾਂ ਨਾਲ ਮਾਰਕੁੱਟ ਕੀਤੀ ਗਈ | ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ | ਉੱਧਰ ਦੂਸਰੇ ਪਾਸੇ ਸਰਪੰਚ ਦੇ ਪਤੀ ਬਲਜੀਤ ਸਿੰਘ ਨੇ ਸੁਰਜੀਤ ਸਿੰਘ ਵਲੋਂ ਲਗਾਏ ਦੋਸ਼ਾਂ ਨੂੰ ਝੂਠੇ ਤੇ ਪੂਰੀ ਤਰ੍ਹਾਂ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਸੰਬੰਧ ਨਹੀਂ ਹੈ | ਉਨ੍ਹਾਂ ਕਿਹਾ ਕਿ ਉਲਟਾ ਜਦੋਂ ਉਹ ਸੀਵਰੇਜ ਸਾਫ ਕਰਵਾਉਣ ਗਏ ਤਾਂ ਸੁਰਜੀਤ ਸਿੰਘ ਨੇ ਉਨ੍ਹਾਂ ਨਾਲ ਝਗੜਨਾ ਸ਼ੁਰੂ ਕਰ ਦਿੱਤਾ ਪਰ ਇਸ ਦੇ ਬਾਵਜੂਦ ਉਹ ਸੁਰਜੀਤ ਸਿੰਘ ਨਾਲ ਉਲਝਣ ਦੀ ਥਾਂ ਅੱਡੇ 'ਤੇ ਆ ਗਏ | ਬਾਅਦ 'ਚ ਉਨ੍ਹਾਂ ਦੀ ਕੁੱਝ ਹੋਰ ਵਿਅਕਤੀਆਂ ਨਾਲ ਕੀ ਗੱਲ ਹੋਈ, ਉਸ ਬਾਰੇ ਵੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ |