ਜਲੰਧਰ, 18 ਜੁਲਾਈ (ਸ਼ਿਵ)- ਮੇਅਰ ਵਨੀਤ ਧੀਰ, ਉੱਤਰੀ ਹਲਕੇ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਦਿਨੇਸ਼ ਢਲ ਤੇ ਹੋਰ ਨਿਗਮ ਅਫ਼ਸਰਾਂ ਵਲੋਂ ਲੰਮਾ ਪਿੰਡ ਚੌਕ ਦੇ ਕੋਲ ਨਿਗਮ ਦੇ ਡਿਸਪੋਜ਼ਲ ਵਾਲੀ ਜਗ੍ਹਾ ਦਾ ਮੌਕਾ ਦੇਖਿਆ ਗਿਆ ਜਿੱਥੇ ਕਿ ਬਰਸਾਤੀ ਪਾਣੀ ਦੇ ਨਿਕਾਸੀ ਦਾ ਕੰਮ ਤੇਜ਼ੀ ਨਾਲ ਕਰਨ ਦਾ ਫ਼ੈਸਲਾ ਲਿਆ ਗਿਆ | ਇਸ ਮੌਕੇ ਓ. ਐਂਡ. ਐਮ. ਮਾਮਲਿਆਂ ਦੇ ਮਾਹਿਰ ਇੰਜ. ਸਤਿੰਦਰ ਮਹਾਜਨ ਵੀ ਮੌਜੂਦ ਸਨ | ਮੇਅਰ ਵਨੀਤ ਧੀਰ ਇਸ ਤੋਂ ਬਾਅਦ ਟਰਾਂਸਪੋਰਟ ਨਗਰ ਸਥਿਤ ਨਿਗਮ ਦਾ ਡਿਸਪੋਜ਼ਲ ਦੇਖਣ ਲਈ ਗਏ ਜਿੱਥੇ ਕਿ ਕੁੱਝ ਲੋਕਾਂ ਵਲੋਂ ਨਿਗਮ ਦੀ ਜ਼ਮੀਨ 'ਤੇ ਕਬਜ਼ਾ ਕਰ ਲਏ ਜਾਣ ਕਰਕੇ ਪਾਣੀ ਨਿਕਾਸੀ ਦਾ ਕੰਮ ਪ੍ਰਭਾਵਿਤ ਹੁੰਦਾ ਰਿਹਾ ਹੈ | ਇਸ ਜਗ੍ਹਾ 'ਤੇ ਰੇਤ ਤੇ ਬਜਰੀ ਵੀ ਪਈ ਸੀ ਜਿਸ ਕਰਕੇ ਡਿਸਪੋਜ਼ਲ ਦਾ ਕੰਮ ਪ੍ਰਭਾਵਿਤ ਹੁੰਦਾ ਰਿਹਾ ਹੈ ਤੇ ਅੱਗੇ ਪੈਂਦੇ ਨਿਊ ਹਰਗੋਬਿੰਦ ਨਗਰ ਅਤੇ ਹੋਰ ਇਲਾਕਿਆਂ 'ਚ ਸੀਵਰੇਜ ਬੰਦ ਹੋਣ ਦੀ ਸਮੱਸਿਆ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਹੈ | ਦੱਸਿਆ ਜਾਂਦਾ ਹੈ ਕਿ ਮੇਅਰ ਵਨੀਤ ਧੀਰ ਇਸ ਜਗ੍ਹਾ ਲਈ ਹਦਾਇਤਾਂ ਦੇ ਕੇ ਚਲੇ ਗਏ |