ਕਿਸ਼ਨਗੜ੍ਹ, 18 ਜੁਲਾਈ (ਹੁਸਨ ਲਾਲ) - ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਅਧੀਨ ਆਉਂਦੇ ਪਿੰਡ ਨੌਗੱਜਾ ਵਿਖੇ ਬੀਤੀ ਰਾਤ ਨੂੰ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਕਿਸਾਨ ਦੇ ਡੇਰੇ 'ਤੇ ਰਹਿ ਰਹੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਡ ਟੁੱਕ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕੀਤੇ ਜਾਣ ਦੀ ਖਬਰ ਹੈ | ਜਾਣਕਾਰੀ ਦਿੰਦੇ ਹੋਏ ਕਿਸਾਨ ਮਨਮੋਹਨ ਸਿੰਘ ਨਾਗਰਾ ਵਾਸੀ ਨੌਗੱਜਾ ਨੇ ਦੱਸਿਆ ਕਿ ਉਸ ਦਾ ਡੇਰਾ ਪਿੰਡ ਦੇ ਬਾਹਰ ਬਾਹਰ ਹੈ ਉੱਥੇ ਉਹਨਾਂ ਇੱਕ ਪ੍ਰਵਾਸੀ ਮਜ਼ਦੂਰ ਦਿਨੇਸ਼ ਕੁਮਾਰ ਪੁੱਤਰ ਸੰਤ ਰਾਮ ਮੌਰੀਆ ਯੂ.ਪੀ. ਜੋ ਪਿਛਲੇ ਪੰਜ ਛੇ ਸਾਲ ਤੋਂ ਉਸ ਦੇ ਕੋਲ ਰਹਿ ਰਿਹਾ ਹੈ ਤੇ ਖੇਤੀਬਾੜੀ ਦਾ ਕੰਮ ਕਰਦਾ ਹੈ | ਉਹ ਵੀਰਵਾਰ ਰਾਤ ਕਰੀਬ 9.30 ਵਜੇ ਜਦ ਰੋਟੀ ਖਾ ਰਿਹਾ ਸੀ ਤਾਂ ਉਸਦੇ ਡੇਰੇ 'ਤੇ ਮੋਟਰਸਾਈਕਲ ਉੱਪਰ ਤਿੰਨ ਵਿਅਕਤੀ ਆਏ | ਉਹਨਾਂ 'ਚੋਂ ਇੱਕ ਬਾਹਰ ਮੋਟਰਸਾਈਕਲ 'ਤੇ ਹੀ ਖੜਾ ਰਿਹਾ ਤੇ ਦੋ ਅੰਦਰ ਆ ਗਏ ਜਿਹਨਾਂ ਕੋਲ ਤੇਜ਼ਧਾਰ ਹਥਿਆਰ ਸਨ | ਪ੍ਰਵਾਸੀ ਮਜ਼ਦੂਰ ਦਿਨੇਸ਼ ਕੁਮਾਰ ਖਾਣਾ ਖਾ ਰਿਹਾ ਸੀ | ਉਹਨਾਂ ਨੇ ਬਿਨਾਂ ਕੋਈ ਗੱਲ ਕੀਤੇ ਹੀ ਹਮਲਾਵਰਾਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੇ ਮੂੰਹ, ਲੱਤਾਂ ਤੇ ਹੋਰ ਸਰੀਰ ਦੇ ਅੰਗਾਂ 'ਤੇ ਵੱਡੇ-ਵੱਡੇ ਟੱਕ ਲੱਗ ਗਏ ਤੇ ਉਹ ਉਸ ਨੂੰ ਗੰਭੀਰ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਗਏ | ਉਹਨਾਂ ਦੇ ਜਾਣ ਤੋਂ ਬਾਅਦ ਦਿਨੇਸ਼ ਕੁਮਾਰ ਨੇ ਮਨਮੋਹਨ ਸਿੰਘ ਨੂੰ ਫੋਨ ਕੀਤਾ ਤੇ ਉਹ ਉਸ ਨੂੰ ਜਲੰਧਰ ਦੇ ਇੱਕ ਹਸਪਤਾਲ ਵਿੱਚ ਲੈ ਗਏ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ | ਇਸ ਘਟਨਾ ਦੀ ਸੂਚਨਾ ਪੁਲਸ ਚੌਂਕੀ ਕਿਸ਼ਨਗੜ੍ਹ ਵਿੱਚ ਦਿੱਤੀ ਗਈ |