23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਐਕਟਿਵਾ 'ਤੇ ਜਾ ਰਹੇ ਕਾਰੋਬਾਰੀ ਨੂੰ ਪੁਲਿਸ ਵਾਲੇ ਬਣ ਕੇ ਘੇਰਿਆ, 10 ਲੱਖ ਦੇ ਗਹਿਣੇ ਲੁੱਟੇ

ਅਜੀਤ ਡੈਸਕ 17-07-2025
ਜਲੰਧਰ, 16 ਜੁਲਾਈ (ਐੱਮ. ਐੱਸ. ਲੋਹੀਆ) - ਪੁਲਿਸ ਵਾਲੇ ਬਣ ਕੇ ਐਕਟਿਵਾ 'ਤੇ ਜਾ ਰਹੇ ਇਕ ਕਾਰੋਬਾਰੀ ਨੂੰ ਘੇਰਨ ਤੋਂ ਬਾਅਦ 4 ਵਿਅਕਤੀਆਂ ਨੇ ਉਸਦੇ ਪਾਈਆਂ 4 ਸੋਨੇ ਦੀਆਂ ਮੁੰਦਰੀਆਂ, ਇਕ ਚੇਨੀ ਤੇ ਇਕ ਸੋਨੇ ਦਾ ਕੜਾ ਲੁੱਟ ਲਿਆ | ਪੀੜਤ ਵਲੋਂ ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਸੰਜੀਵ ਅਗਰਵਾਲ (59) ਵਾਸੀ ਸ਼ਿਵ ਵਿਹਾਰ ਚੀਮਾ ਚੌਕ ਜਲੰਧਰ ਨੇ ਜਾਣਕਾਰੀ ਦਿੱਤੀ ਕਿ ਰੇਰੂ ਪਿੰਡ ਨੇੜੇ ਪਠਾਨਕੋਟ ਰੋਡ 'ਤੇ ਉਸ ਦਾ ਬਰਫ਼ ਦਾ ਕਾਰਖਾਨਾ ਹੈ ਤੇ ਉਹ ਦੁੱਧ ਦਾ ਵਪਾਰੀ ਵੀ ਹੈ | ਅੱਜ ਦੁਪਹਿਰ ਸਮੇਂ ਉਹ ਆਪਣੇ ਘਰ ਤੋਂ ਐਕਟਿਵਾ 'ਤੇ ਕਾਰਖਾਨੇ ਜਾ ਰਿਹਾ ਸੀ, ਜਦੋਂ ਉਹ ਪ੍ਰਤਾਪ ਬਾਗ ਦੇ ਨਾਲ ਵਾਲੀ ਗਲੀ 'ਚੋਂ ਲੰਘ ਰਿਹਾ ਸੀ ਤਾਂ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਰੋਕ ਲਿਆ | ਉਨ੍ਹਾਂ ਆਪਣੇ-ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਉਸ ਕੋਲੋਂ ਡਰਾਇਵਿੰਗ ਲਾਇਸੈਂਸ ਦੀ ਮੰਗ ਕੀਤੀ, ਜਦੋਂ ਉਹ ਲਾਇਸੈਂਸ ਦਿਖਾ ਰਿਹਾ ਸੀ ਤਾਂ ਇਸੇ ਦੌਰਾਨ ਇਕ ਹੋਰ ਵਿਅਕਤੀ ਨੇ ਆ ਕੇ ਉਸ ਦੀ ਵੱਖੀ 'ਚ ਕੋਈ ਤੇਜ਼ਧਾਰ ਚੀਜ਼ ਲਗਾ ਦਿੱਤੀ | ਉਹ ਇਕਦਮ ਸਹਿਮ ਗਿਆ ਤਾਂ ਉਸ ਨੂੰ ਘੇਰ ਕੇ ਖੜ੍ਹੇ ਵਿਅਕਤੀਆਂ ਨੇ ਉਸ ਦੇ ਹੱਥ 'ਚ ਪਾਈਆਂ ਨਗਾਂ ਵਾਲੀਆਂ 4 ਸੋਨੇ ਦੀਆਂ ਮੁੰਦਰੀਆਂ ਤੇ ਸੋਨੇ ਦਾ ਕੜਾ ਉਤਰਵਾ ਲਿਆ | ਇਕ ਵਿਅਕਤੀ ਨੇ ਉਸ ਦਾ ਕਾਲਰ ਹਟਾ ਕੇ ਦੇਖਿਆ ਤਾਂ ਉਸ ਨੂੰ ਗਲੇ 'ਚ ਪਾਈ ਸੋਨੇ ਦੀ ਚੇਨੀ ਪਾਈ ਨਜ਼ਰ ਆ ਗਈ | ਲੁਟੇਰਿਆਂ ਨੇ ਉਸ ਨੂੰ ਸੋਨੇ ਦੀ ਚੇਨੀ ਉਤਾਰਨ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਚੇਨੀ ਨਕਲੀ ਹੈ ਪਰ ਇਸਦੇ ਬਾਵਜੂਦ ਲੁਟੇਰੇ ਚੇਨੀ ਉਤਰਵਾ ਕੇ ਲੈ ਗਏ | ਸੰਜੀਵ ਅਗਰਵਾਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਸ਼ਾਮ ਵੇਲੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕਮਰ 'ਤੇ ਤਿੱਖੀ ਚੀਜ਼ ਲਗਾਉਣ ਵਾਲਾ ਇਕ ਹੋਰ ਵਿਅਕਤੀ ਦੇ ਨਾਲ ਮੋਟਰਸਾਈਕਲ 'ਤੇ ਆਇਆ ਸੀ | ਉਨ੍ਹਾਂ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਪੁਲਿਸ ਅਧਿਕਾਰੀਆਂ ਨੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਹੈ, ਜਿਸ 'ਚ ਲੁੱਟੇਰਿਆਂ ਦੀ ਫੁਟੇਜ ਮਿਲੀ ਹੈ |
ਪਿਛਲੀ ਖ਼ਬਰ ਮਾਲ ਵਿਭਾਗ ਅਤੇ ਡਰਾਈਵਿੰਗ ਲਾਇਸੰਸ ਤੇ ਆਰ.ਸੀ. ਨਾਲ ਸੰਬੰਧਿਤ 32 ਸੇਵਾਵਾਂ ਹੁਣ ਸੇਵਾ ਕੇਂਦਰਾਂ 'ਚ ਮਿਲਣਗੀਆਂ- ਡਿਪਟੀ... ਅਗਲੀ ਖ਼ਬਰ ਮੇਅਰ ਨੇ ਹਾਈਵੇ ਦੇ ਪੁਲ਼ਾਂ ਕੋਲ ਸਰਵਿਸ ਲੇਨਾਂ ਦੀ ਸ਼ੁਰੂ ਕਰਵਾਈ ਸਫ਼ਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।