ਜਲੰਧਰ, 16 ਜੁਲਾਈ (ਜਸਪਾਲ ਸਿੰਘ)- ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਅਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰਣਦੀਪ ਸਿੰਘ ਲੱਕੀ ਸੰਧੂ ਦੀ ਅਗਵਾਈ ਹੇਠ ਯੂਥ ਕਾਂਗਰਸ ਵਲੋਂ ਜੇ. ਡੀ. ਏ. (ਜਲੰਧਰ ਡਿਵੈਲਮੈਂਟ ਅਥਾਰਟੀ) ਦੇ ਮੁੱਖ ਪ੍ਰਸ਼ਾਸਕ ਦੇ ਦਫ਼ਤਰ ਸਾਹਮਣੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਯੂਥ ਵਰਕਰਾਂ ਨੇ ਲੈਂਡ ਪੂਲਿੰਗ ਸਕੀਮ ਸੰਬੰਧੀ ਜਾਰੀ ਨੋਟੀਫਿਕੇਸ਼ਨ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਮੋਹਿਤ ਮਹਿੰਦਰਾ ਤੇ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਰਣਦੀਪ ਸਿੰਘ ਲੱਕੀ ਸੰਧੂ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਸਰਕਾਰ ਦਾ ਇਕ ਤਾਨਾਸ਼ਾਹੀ ਫੈਸਲਾ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਕਦੇ ਵੀ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ¢ ਉਨ੍ਹਾਂ ਕਿਹਾ ਕਿ ਇਹ ਲੈਂਡ ਪੂਲਿੰਗ ਨਹੀਂ, ਸਗੋਂ 'ਆਪ' ਆਗੂਆਂ ਦੀ ਜ਼ਮੀਨ ਲੁੱਟਣ ਦੀ ਨੀਤੀ ਹੈ | ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਵਤੀਰਾ ਹੈ ਕਿ ਸਰਕਾਰ ਨੇ ਨਾ ਤਾਂ ਉਨ੍ਹਾਂ ਲੋਕਾਂ ਦੀ ਸਹਿਮਤੀ ਲਈ ਹੈ ਜਿਨ੍ਹਾਂ ਤੋਂ ਇਹ ਜ਼ਮੀਨ ਐਕੁਆਇਰ ਕਰਨੀ ਹੈ ਤੇ ਨਾ ਹੀ ਉਨ੍ਹਾਂ ਨੂੰ ਕੋਈ ਮੁਆਵਜ਼ਾ ਦੇ ਰਹੀ ਹੈ | ਸਰਕਾਰ ਹਰ ਏਕੜ ਦੇ ਬਦਲੇ 1000 ਵਰਗ ਗਜ਼ ਜ਼ਮੀਨ ਵਾਪਸ ਕਰੇਗੀ, ਜਿਸਦਾ ਮਤਲਬ ਹੈ ਕਿ ਇਹ ਤੁਹਾਡੇ ਤੋਂ 100 ਰੁਪਏ ਲੈ ਕੇ ਤੁਹਾਨੂੰ ਸਿਰਫ਼ 25 ਰੁਪਏ ਵਾਪਸ ਕਰੇਗੀ | ਲੱਕੀ ਸੰਧੂ ਨੇ ਆਪ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਯੂਥ ਕਾਂਗਰਸ ਪੰਜਾਬ ਦੇ ਕਿਸਾਨਾਂ ਦੀ ਇੱਕ ਇੰਚ ਵੀ ਜ਼ਮੀਨ ਖੋਹਣ ਨਹੀਂ ਦਿੱਤੀ ਜਾਵੇਗੀ | ਧਰਨੇ ਵਿੱਚ ਦੀਪਕ ਖੋਸਲਾ, ਅਸ਼ਵਨ ਭੱਲਾ, ਰਵਿੰਦਰ ਸਿੰਘ ਲਾਡੀ, ਪਰਮਵੀਰ ਦਾਤੇਵਾਲ, ਗੈਰੀ ਕੋਟਲੀ ਪ੍ਰਧਾਨ ਯੂਥ ਕਾਂਗਰਸ ਦਿਹਾਤੀ, ਸ਼ਿਵਮ ਪਾਠਕ, ਗੁਰੀ ਬਾਹੀਆ, ਰਾਘਵ ਜੈਨ, ਸੰਦੀਪ ਨਿੱਜਰ, ਦੀਪਾ ਫਗਵਾੜਾ, ਸਾਬੀ ਬਸਰਾ, ਹਰਮੀਤ, ਸਤਪਾਲ ਮਿੱਕਾ ਆਦਿ ਸ਼ਾਮਿਲ ਹੋਏ |