ਲੋਹੀਆਂ ਖਾਸ, 15 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪੁਰਾਣੇ ਬਜ਼ੁਰਗ ਦੇਸੀ ਮਹੀਨਿਆਂ ਦੀ ਗਿਣਤੀ 'ਚ 'ਜੇਠ-ਹਾੜ ਦੀਆਂ ਧੁੱਪਾਂ' ਅਤੇ 'ਸਾਉਣ-ਭਾਦੋਂ ਦੀਆਂ ਝੜੀਆਂ' ਦੀ ਚਰਚਾ ਕਰਦੇ ਅਕਸਰ ਸੁਣੀਦੇ ਸਨ, ਪਰ ਲੰਬੇ ਅਰਸੇ ਬਾਅਦ ਐਤਕਾਂ ਸਾਰਾ ਹਾੜ ਮਹੀਨਾ ਹੀ 'ਹਾੜ ਦੀਆਂ ਧੁੱਪਾਂ ਦੀ ਥਾਂ ਮੀਂਹ ਦੇ ਛਰਾਟਿਆਂ' ਕਾਰਨ ਠੰਡਾ-ਠੰਡਾ ਨਜ਼ਰ ਆਇਆ | ਮੌਸਮ ਵਿਭਾਗ ਵੱਲੋਂ ਪਿੱਛਲੇ ਸਮੇਂ ਨਾਲੋਂ ਵੱਧ ਮੀਂਹ ਦੀਆਂ ਕੀਤੀਆਂ ਭਵਿੱਖ ਵਾਣੀਆਂ ਸੱਚ ਸਾਬਤ ਹੋਈਆਂ, ਜਿਸ ਕਾਰਨ 'ਹਾੜ' ਮਹੀਨੇ ਵੱਧ ਮੀਂਹ ਦਾ ਰਿਕਾਰਡ ਬਣਿਆ ਹੈ, ਜਿਸ ਕਾਰਨ ਹਾੜ ਦੇ ਆਖਰੀ ਹਫ਼ਤੇ ਤਾਂ ਪੰਜਾਬ ਦੇ ਕਈ ਇਲਾਕਿਆਂ 'ਚ ਰੋਜ਼ਾਨਾ ਪੈ ਰਹੇ ਮੀਂਹ ਨੇ 'ਸਾਉਣ ਮਹੀਨੇ ਦੀਆਂ ਝੜੀਆਂ' ਦਾ ਭੁਲੇਖਾ ਪਾਈ ਰੱਖਿਆ | ਕਈ ਵਾਰ ਤਾਂ ਮੀਂਹ ਨੇ ਖਿੜੀ ਸੂਰਜ ਦੀ ਧੁੱਪ ਨੂੰ ਪੱਲਾ (ਓਹਲਾ) ਤੱਕ ਨਾ ਲੈਣ ਦਿੱਤਾ, ਤੇ ਵਰ੍ਹਨਾ ਸ਼ੁਰੂ ਕਰ ਦਿੱਤਾ | ਇਸ ਅਗੇਤੇ ਮੀਂਹ ਨੇ ਜਿੱਥੇ ਝੋਨਾ ਲਾਉਣ ਵਾਲੇ ਕਿਸਾਨਾਂ ਦੇ ਚਿਹਰਿਆਂ 'ਤੇ ਖੁਸ਼ੀ ਬਣਾਈ ਰੱਖੀ, ਉਥੇ ਮੱਕੀ ਦੀ ਬਿਜਾਈ ਕਰ ਚੁੱਕੇ ਕਿਸਾਨਾਂ ਨੂੰ ਮੱਕੀ ਵੱਢਣ ਵੇਲੇ ਪ੍ਰੇਸ਼ਾਨੀ ਵਿੱਚ ਵੀ ਪਾਈ ਰੱਖਿਆ | ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਸਾਉਣ ਮਹੀਨੇ 'ਚ ਵੀ ਵੱਧ ਮੀਂਹ ਦੀਆਂ ਕੰਨਸੋਆਂ ਹਨ, ਜਿਸ ਨੇ ਪਹਿਲਾਂ ਹੀ ਹੜ੍ਹ ਦੀਆਂ ਮਾਰਾਂ ਝੱਲ ਚੁੱਕੇ ਇਲਾਕੇ ਦੇ ਕਿਸਾਨਾਂ ਨੂੰ ਚਿੰਤਾ 'ਚ ਜ਼ਰੂਰ ਪਾਇਆ ਹੋਇਆ ਹੈ |