ਜਲੰਧਰ, 14 ਜੁਲਾਈ (ਜਸਪਾਲ ਸਿੰਘ)- ਕੰਨਿਆ ਮਹਾਂਵਿਦਿਆਲਾ ਨੇ ਇਕ ਅਹਿਮ ਚੁੱਕਦੇ ਹੋਏ ਰਾਸ਼ਟਰੀ ਕੈਡੇਟ ਕੋਰ (ਐੱਨ.ਸੀ.ਸੀ.) ਨੂੰ ਬੈਚਲਰ ਆਫ ਆਰਟਸ (ਬੀ.ਏ.) ਦੇ ਵਿਦਿਆਰਥੀਆਂ ਲਈ ਇਛੁੱਕ ਵਿਸ਼ੇ ਅਤੇ ਬੈਚਲਰ ਆਫ ਸਾਇੰਸ (ਬੀ.ਐੱਸ.ਸੀ.) ਦੇ ਵਿਦਿਆਰਥੀਆਂ ਲਈ ਬਦਲਵੇਂ ਵਿਸ਼ੇ ਵਜੋਂ ਸ਼ਾਮਿਲ ਕਰਨ ਦੀ ਘੋਸ਼ਣਾ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੀ ਪਿ੍ੰ. ਡਾ. ਆਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਐੱਨ.ਸੀ.ਸੀ. ਨੂੰ ਅਕਾਦਮਿਕ ਪਾਠਕ੍ਰਮ ਵਿੱਚ ਸ਼ਾਮਿਲ ਕਰਕੇ, ਕੇ.ਐਮ.ਵੀ. ਆਪਣੀ ਇਸ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਉਹ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਅਗਵਾਈ ਤੇ ਰਾਸ਼ਟਰ ਸੇਵਾ ਜਿਹੇ ਮਹੱਤਵਪੂਰਣ ਮੁੱਲਾਂ ਨੂੰ ਵਿਕਸਿਤ ਕਰਨਾ ਚਾਹੁੰਦਾ ਹੈ | ਇਹ ਪ੍ਰੋਗਰਾਮ ਵਿਦਿਆਰਥੀਆਂ ਦੇ ਸਰੀਰਕ, ਮਾਨਸਿਕ ਤੇ ਨਿੱਜੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਧੀਆ ਪਲੇਟਫਾਰਮ ਮੁਹੱਈਆ ਕਰੇਗਾ | ਡਾ. ਦਿਵੇਦੀ ਨੇ ਕਿਹਾ ਕਿ ਇਹ ਪ੍ਰੋਗਰਾਮ ਸਾਡੀ ਇਸ ਸੋਚ ਨੂੰ ਦਰਸਾਉਂਦਾ ਹੈ ਕਿ ਅਸੀਂ ਆਪਣੇ ਵਿਦਿਆਰਥੀਆਂ ਵਿੱਚ ਚਰਿੱਤਰ ਨਿਰਮਾਣ ਤੇ ਨਾਗਰਿਕ ਜਿੰਮੇਵਾਰੀ ਦੀ ਭਾਵਨਾ ਨੂੰ ਵਿਕਸਤ ਕਰਨਾ ਚਾਹੁੰਦੇ ਹਾਂ | ਉਨ੍ਹਾਂ ਕਿਹਾ ਕਿ ਐਨ.ਸੀ.ਸੀ. ਨੂੰ ਅਕਾਦਮਿਕ ਯਾਤਰਾ ਦਾ ਹਿੱਸਾ ਬਣਾਕੇ, ਕੇ.ਐਮ.ਵੀ. ਵਿਦਿਆਰਥੀਆਂ ਨੂੰ ਇਕ ਗਿਆਨ ਦੇ ਖੇਤਰ 'ਚ ਹੀ ਸਮਰੱਥ ਨਹੀਂ ਬਣਾ ਰਿਹਾ ਬਲਕਿ ਅਜਿਹੇ ਭਵਿੱਖ ਦੇ ਆਗੂ ਵੀ ਤਿਆਰ ਕਰ ਰਿਹਾ ਹੈ ਜੋ ਰਾਸ਼ਟਰ ਦੀ ਸੇਵਾ ਲਈ ਵਚਨਬੱਧ ਹੋਣ | ਉਨ੍ਹਾਂ ਦੱਸਿਆ ਕਿ 'ਸੀ' ਸਰਟੀਫਿਕੇਟ ਰੱਖਣ ਵਾਲੇ ਕੈਡੇਟਸ ਭਾਰਤੀ ਹਥਿਆਰਬੰਦ ਬਲਾਂ ਵਿਚ ਦਾਖ਼ਲੇ ਲਈ ਜ਼ਰੂਰੀ ਸੇਵਾ ਚੋਣ ਬੋਰਡ ਦੇ ਇੰਟਰਵਿਊ ਲਈ ਸਿੱਧਾ ਯੋਗ ਹੋਣਗੇ | ਇਸੇ ਤਰ੍ਹਾਂ ਐੱਨ.ਸੀ.ਸੀ. ਕੈਡੇਟਸ ਨੂੰ ਭਾਰਤੀ ਫੌਜ, ਨੇਵੀ, ਏਅਰਫੋਰਸ ਅਤੇ ਵੱਖ-ਵੱਖ ਅਰਧ ਸੈਨਿਕ ਬਲਾਂ ਵਿੱਚ ਭਰਤੀ ਦੌਰਾਨ ਤਰਜੀਹ ਮਿਲੇਗੀ |