ਜਲੰਧਰ, 14 ਜੁਲਾਈ (ਚੰਦੀਪ ਭੱਲਾ)-ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਈਜ਼ੀ ਰਜਿਸਟਰੇਸ਼ਨ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਇੱਕੋ ਛੱਤ ਹੇਠਾਂ ਸਾਰੀਆਂ ਸਹੂਲਤਾਂ ਮਿਲ ਸਕਣ, ਪਰ ਪਿਛਲੇ ਕੁੱਝ ਦਿਨਾਂ ਤੋਂ ਈਜ਼ੀ ਰਜਿਸਟਰੇਸ਼ਨ ਦਾ ਕੰਮ ਈਜ਼ੀ ਨਾ ਹੋ ਕੇ ਮੁਸ਼ਕਿਲ ਹੀ ਹੋ ਰਿਹਾ ਹੈ ਤੇ ਆਏ ਦਿਨ ਸਰਵਰ ਖਰਾਬ ਹੋਣ ਕਰਕੇ ਜਿੱਥੇ ਇਕ ਪਾਸੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਨਾਲ ਹੀ ਦੂਜੇ ਪਾਸੇ ਅਧਿਕਾਰੀ ਵੀ ਪ੍ਰੇਸ਼ਾਨ ਹੋ ਰਹੇ ਹਨ | ਅੱਜ ਵੀ ਸ਼ੁਕਰਵਾਰ ਦੀ ਤਰ੍ਹਾਂ ਈਜ਼ੀ ਰਜਿਸਟਰੇਸ਼ਨ ਦਾ ਸਰਵਰ ਖਰਾਬ ਰਿਹਾ ਜਿਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ | ਲੋਕਾਂ ਨੇ ਦੱਸਿਆ ਕਿ ਉਹ ਸਵੇਰੇ ਤੋਂ ਰਜਿਸਟਰੀਆਂ ਤੇ ਹੋਰ ਕੰਮਾਂ ਲਈ ਆਏ ਸਨ ਪਰ ਸਰਵਰ ਦੀ ਖਰਾਬੀ ਕਰਕੇ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ | ਲੋਕਾਂ ਨੇ ਕਿਹਾ ਕਿ ਸਰਵਰ ਕਾਫੀ ਮੱਧਮ ਰਫਤਾਰ 'ਚ ਚਲ ਰਿਹਾ ਸੀ ਜਿਸ ਕਰਕੇ ਹਰ ਕੰਮ ਨੂੰ ਕਾਫੀ ਸਮਾਂ ਲੱਗ ਰਿਹਾ ਸੀ ਕੁਝ ਲੋਕ ਤੇ ਉਮੀਦ ਛੱਡ ਕੇ ਵਾਪਿਸ ਚਲੇ ਗਏ ਤੇ ਕੁੱਝ ਇੰਤਜ਼ਾਰ ਕਰਕੇ ਕੰਮ ਨਾ ਹੋਣ ਕਰਕੇ ਪ੍ਰੇਸ਼ਾਨ ਵਾਪਸ ਗਏ | ਲੋਕਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਣ ਦੇਣਾ ਚਾਹੀਦਾ ਹੈ |