ਲੋਹੀਆਂ ਖਾਸ, 14 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਜਲੰਧਰ ਤੋਂ ਕਾਲਾ ਸੰਘਿਆ ਵਾਇਆ ਪਿੰਡ ਮੋਤੀਪੁਰ ਤੋਂ ਰਾਮਪੁਰ ਜਗੀਰ ਦੇ ਵਿਚਾਲੇ ਬੇਸਹਾਰਾ ਪਸ਼ੂ ਨਾਲ ਟਕਰਾਅ ਕੇ ਗੰਭੀਰ ਜ਼ਖਮੀਂ ਹੋਏ ਪਿੰਡ ਲਾਟੀਆਂ ਵਾਲ ਦੇ ਦਲਬੀਰ ਸਿੰਘ ਲਈ ਫਰਿਸ਼ਤਾ ਬਣ ਕੇ ਬਹੁੜਿਆ ਪੰਜਾਬ ਪੁਲਿਸ ਦਾ ਏ.ਐੱਸ.ਆਈ. ਗੁਰਪ੍ਰੀਤ ਸਿੰਘ ਗੁਦਾਈਪੁਰ | ਦਲਬੀਰ ਸਿੰਘ ਪਿੰਡ ਲਾਟੀਆਂ ਵਾਲ ਦੇ ਰਿਸ਼ਤੇਦਾਰ ਗੁਰਨਾਮ ਸਿੰਘ ਤਲਵੰਡੀ ਚੌਧਰੀਆਂ ਤੇ ਪਿੰਡ ਲਾਟੀਆਂ ਵਾਲ ਦੇ ਸਾਬਕਾ ਸਰਪੰਚ ਬਲਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ 10 ਕੁ ਵਜੇ ਦੇ ਕਰੀਬ ਬੇਸਹਾਰਾ ਪਸ਼ੂ ਨਾਲ ਟਕਰਾਅ ਕੇ ਸਿਰ ਦੀ ਸੱਟ ਤੇ ਹੱਥ ਦੀ ਸੱਟ ਨਾਲ ਗੰਭੀਰ ਜ਼ਖਮੀਂ ਹੋ ਚੁੱਕੇ ਦਲਬੀਰ ਸਿੰਘ ਨੂੰ ਥੋੜੀ ਦੇਰ ਬਾਅਦ ਉੱਥੋਂ ਦੀ ਲੰਘ ਰਹੇ ਤੇ ਜਲੰਧਰ ਤੋਂ ਡਿਊਟੀ ਤੋਂ ਆਪਣੇ ਘਰ ਪਰਤ ਰਹੇ ਪੰਜਾਬ ਪੁਲਿਸ ਦੇ ਏ.ਐੱਸ.ਆਈ. ਗੁਰਪ੍ਰੀਤ ਸਿੰਘ ਗੁਦਾਈਪੁਰ (ਨੇੜੇ ਪੂਨੀਆਂ) ਵੱਲੋਂ ਚੁੱਕ ਕੇ ਆਪਣੀ ਕਾਰ ਰਾਹੀਂ ਪਹਿਲਾਂ ਸਿਵਲ ਹਸਪਤਾਲ ਲੋਹੀਆਂ ਵਿਖੇ ਲਿਜਾਇਆ ਗਿਆ ਤੇ ਉਥੇ ਮੁੱਢਲੀ ਸਹਾਇਤਾ ਤੋਂ ਬਾਅਦ ਕਪੂਰਥਲਾ ਲਈ ਰੈਫ਼ਰ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਦਲਬੀਰ ਸਿੰਘ ਦੀ ਸਿਰ ਦੀ ਸੱਟ ਬਹੁਤ ਗੰਭੀਰ ਸੀ ਤੇ ਹੁਣ ਉਹ ਖਤਰੇ ਤੋਂ ਬਾਹਰ ਹੈ | ਉਨ੍ਹਾਂ ਪੰਜਾਬ ਪੁਲਿਸ ਦੇ ਏ.ਐੱਸ.ਆਈ. ਗੁਰਪ੍ਰੀਤ ਸਿੰਘ ਗੁਦਾਈਪੁਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਅਜਿਹੇ 'ਫਰਿਸ਼ਤਿਆਂ' ਨੂੰ ਸਨਮਾਨਿਤ ਕਰੇ ਤਾਂ ਕਿ ਲੋਕ ਰਾਹਾਂ 'ਚ ਹਾਦਸਾਗ੍ਰਸਤ ਹੋ ਜਾਂਦੇ ਜ਼ਖਮੀਂਆਂ ਨੂੰ ਬੇਖੌਫ਼ ਹੋ ਕੇ ਚੁੱਕਣ ਨਾ ਕਿ 'ਕਿਸੇ ਕਾਰਵਾਈ' 'ਚ ਪੈਣ ਦੇ ਡਰੋਂ ਜ਼ਖਮੀਆਂ ਪਾਸੋਂ ਮੂੰਹ ਫੇਰ ਕੇ ਲੰਘ ਜਾਣ |