ਜਲੰਧਰ, 14 ਜੁਲਾਈ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਨੇ ਭਿ੍ਸ਼ਟਾਚਾਰ ਦੇ ਮਾਮਲੇ 'ਚ ਵਿਜੀਲੈਂਸ ਵੱਲੋਂ ਮਈ ਮਹੀਨੇ ਗਿ੍ਫ਼ਤਾਰ ਕੀਤੇ ਗਏ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਦੀ ਆਵਾਜ਼ ਤੇ ਸੁਖਦੇਵ ਵਸ਼ਿਸ਼ਟ ਦੀ ਲਿਖਾਈ ਦੇ ਸੈਂਪਲ ਲੈਣ ਲਈ ਲਗਾਈ ਗਈ ਅਰਜ਼ੀ 'ਤੇ ਫ਼ੈਸਲੇ ਲਈ 15 ਜੁਲਾਈ ਦੀ ਤਾਰੀਖ਼ ਦਿੱਤੀ ਹੈ ਤੇ ਅੱਜ ਇਸ 'ਤੇ ਫੈਸਲਾ ਦਿੱਤੇ ਜਾਣ ਦੀ ਉਮੀਦ ਹੈ | ਰਮਨ ਅਰੋੜਾ ਵੱਲੋਂ ਸੀਨੀਅਰ ਵਕੀਲ ਦਰਸ਼ਨ ਸਿੰਘ ਦਿਆਲ ਤੇ ਨਵੀਨ ਚੱਢਾ ਅਤੇ ਸੁਖਦੇਵ ਵਸ਼ਿਸ਼ਟ ਵੱਲੋਂ ਜਤਿੰਦਰ ਸਿੰਘ ਬਸਰਾ ਅਤੇ ਮਹੇਸ਼ ਮੁਖੀਜਾ ਵੱਲੋਂ ਸੀਨੀਅਰ ਵਕੀਲ ਮਨਦੀਪ ਸਿੰਘ ਸਚਦੇਵਾ ਅਦਾਲਤ 'ਚ ਪੇਸ਼ ਹੋ ਰਹੇ ਹਨ ਤੇ ਵਿਜੀਲੈਂਸ ਵੱਲੋਂ ਡਿਪਟੀ ਜ਼ਿਲ੍ਹਾ ਅਟਾਰਨੀ (ਵਿਜੀਲੈਂਸ) ਰਿਸ਼ੀ ਭਾਰਦਵਾਜ ਪੇਸ਼ ਹੋ ਰਹੇ ਹਨ ਤੇ ਇਹ ਵੀ ਪਤਾ ਲੱਗਾ ਹੈ ਕਿ ਅੱਜ ਇਸ ਮਾਮਲੇ 'ਚ ਯਸ਼ਪਾਲ ਖੰਨਾ ਨਾਂਅ ਦੇ ਵਿਅਕਤੀ ਜਿਸ ਨਾਲ ਪੈਸਿਆਂ ਦਾ ਲੈਣ ਦੇਣ ਸੀ ਤੇ ਇਸੇ ਸੰਬੰਧੀ ਹੀ ਆਵਾਜ਼ ਦਾ ਸੈਂਪਲ ਲੈਣ ਦੀ ਅਰਜ਼ੀ ਲਗਾਈ ਗਈ ਸੀ ਉਸ ਨੇ ਅਦਾਲਤ 'ਚ ਪੇਸ਼ ਹੋ ਕੇ ਬਿਆਨ ਦਰਜ ਕਰਵਾਇਆ ਹੈ ਕਿ ਉਹ ਆਵਾਜ਼ ਦਾ ਸੈਂਪਲ ਦੇਣ ਲਈ ਤਿਆਰ ਹੈ ਤੇ ਉਸ ਨੂੰ ਇਸ ਸੰਬੰਧੀ ਕੋਈ ਇਤਰਾਜ਼ ਨਹੀਂ ਹੈ | ਇਸੇ ਤਰ੍ਹਾਂ ਮਹੇਸ਼ ਮੁਖੀਜਾ ਦੀ ਮੈਡੀਕਲ ਦੀ ਅਰਜ਼ੀ 'ਤੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਮਹੇਸ਼ ਮੁਖੀਜਾ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਤੇ ਉਨ੍ਹਾਂ ਦੇ ਵਕੀਲ ਮਨਦੀਪ ਸਿੰਘ ਸਚਦੇਵਾ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਨੇ ਮਹੇਸ਼ ਮੁਖੀਜਾ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖ਼ਲ ਕਰਵਾਇਆ ਹੈ | ਦੂਜੇ ਪਾਸੇ ਇਸੇ ਕੇਸ 'ਚ ਗਿ੍ਫ਼ਤਾਰ ਨਗਰ ਨਿਗਮ ਦੇ ਏ.ਟੀ.ਪੀ. ਸੁਖਦੇਵ ਵਸ਼ਿਸ਼ਟ ਦਾ 25 ਪੇਜ ਤੇ 5500 ਤੋਂ ਵੱਧ ਹੋਰ ਦਸਤਾਵੇਜ਼ਾਂ ਦਾ ਇਕ ਮੋਟਾ ਚਲਾਨ ਵੀ ਅਦਾਲਤ 'ਚ ਪੇਸ਼ ਕਰ ਦਿੱਤਾ ਗਿਆ ਹੈ ਤੇ ਇਨ੍ਹਾਂ ਦੇ ਜੁਡੀਸ਼ੀਅਲ ਰਿਮਾਂਡ 'ਚ ਵੀ 28 ਜੁਲਾਈ ਤੱਕ ਦਾ ਵਾਧਾ ਕੀਤਾ ਹੈ |