ਜਲੰਧਰ, 14 ਜੁਲਾਈ (ਸ਼ਿਵ)- ਕਾਂਗਰਸੀ ਕੌਂਸਲਰਾਂ ਦੇ ਇਕ ਵਫ਼ਦ ਨੇ ਅੱਜ ਮੇਅਰ ਵਨੀਤ ਧੀਰ ਨੂੰ ਮਿਲ ਕਿ ਕਿਹਾ ਕਿ ਨਿਗਮ ਵਿਚ ਕਾਂਗਰਸੀ ਕੌਂਸਲਰਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਕਿਉਂਕਿ ਇਕ ਤਾਂ ਨਿਗਮ ਵਿਚ ਅਫ਼ਸਰਾਂ ਵਲੋਂ ਉਨ੍ਹਾਂ ਦੇ ਫ਼ੋਨ ਨਹੀਂ ਸੁਣੇ ਜਾਂਦੇ ਸਗੋਂ ਹਾਰੇ ਹੋਏ ਉਮੀਦਵਾਰ ਆਗੂਆਂ ਨੂੰ ਪਹਿਲ ਦਿੱਤੀ ਜਾਂਦੀ ਹੈ | ਉਨ੍ਹਾਂ ਦੇ ਵਾਰਡਾਂ ਵਿਚ ਕੰਮ ਵੀ ਨਹੀਂ ਕਰਵਾਏ ਜਾਂਦੇ ਤੇ ਜਿਹੜੀਆਂ ਐਲ. ਈ. ਡੀ. ਲਾਈਟਾਂ ਮਿਲਣੀਆਂ ਸੀ, ਉਹ ਵੀ ਨਹੀਂ ਦਿੱਤੀਆਂ ਗਈਆਂ ਹਨ | ਮੇਅਰ ਵਨੀਤ ਧੀਰ ਨੂੰ ਮਿਲਣ ਵਾਲੇ ਕੌਂਸਲਰ ਤੇ ਹੋਰ ਜਿਹੜੇ ਆਗੂ ਸ਼ਾਮਿਲ ਹਨ, ਉਨ੍ਹਾਂ ਵਿਚ ਸ੍ਰੀਮਤੀ ਊਮਾ ਬੇਰੀ, ਪਵਨ ਕੁਮਾਰ, ਮਹਿੰਦਰ ਸਿੰਘ ਗੁਲੂ, ਸੁਰਿੰਦਰ ਸਿੰਘ ਭਾਪਾ, ਡਾ. ਜਸਲੀਨ ਸੇਠੀ, ਤਰਸੇਮ ਸਿੰਘ ਲਖੋਤਰਾ, ਦਵਿੰਦਰ ਬੌਬੀ, ਹਰਪ੍ਰੀਤ ਵਾਲੀਆ ਤੇ ਹੋਰ ਆਗੂ ਮੌਜੂਦ ਸਨ | ਮੇਅਰ ਵਨੀਤ ਧੀਰ ਨਾਲ ਮੁਲਾਕਾਤ ਕਰਨ ਮੌਕੇ ਕੌਂਸਲਰਾਂ ਦਾ ਕਹਿਣਾ ਸੀ ਐਸ.ਡੀ.ਓ. ਤੇ ਜੇ. ਈ. ਉਨ੍ਹਾਂ ਦੀ ਸੁਣਵਾਈ ਨਹੀਂ ਕਰਦੇ ਤੇ ਜਿਹੜੀਆਂ ਹਰ ਵਾਰਡ ਵਿਚ ਕੌਂਸਲਰਾਂ ਨੂੰ 25-25 ਐਲ. ਈ. ਡੀ. ਲਾਈਟਾਂ ਮਿਲਣੀਆਂ ਸੀ | ਵਾਰਡ ਵਿਚ ਜਦੋਂ ਵਿਕਾਸ ਦੇ ਕੰਮਾਂ ਟਿਊਬਵੈੱਲਾਂ ਤੇ ਪਾਰਕਾਂ ਦੇ ਉਦਘਾਟਨ ਹੁੰਦਾ ਹੈ ਤੇ ਨੀਂਹ ਪੱਥਰ ਰੱਖਿਆ ਜਾਂਦਾ ਹੈ, ਉਨ੍ਹਾਂ ਦਾ ਨਾਂਅ ਲਿਖਣਾ ਦੂਰ ਸਗੋਂ ਉਨ੍ਹਾਂ ਨੂੰ ਸੱਦਿਆ ਤੱਕ ਨਹੀਂ ਜਾਂਦਾ ਹੈ | ਐੱਸ. ਡੀ. ਓ. ਤੇ ਜੇ. ਈ. ਵੀ ਹਾਰੇ ਹੋਏ ਸੱਤਾ ਧਿਰ ਦੇ ਆਗੂਆਂ ਦਾ ਫ਼ੋਨ ਸੁਣਦੇ ਹਨ ਜਿਸ ਕਰਕੇ ਉਨ੍ਹਾਂ ਦੇ ਕੌਂਸਲਰਾਂ ਦੇ ਕਈ ਵਾਰਡਾਂ ਵਿਚ ਕੰਮ ਨਾ ਹੋਣ ਕਰਕੇ ਉਨ੍ਹਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਾਂਗਰਸੀ ਕੌਂਸਲਰਾਂ ਦਾ ਕਹਿਣਾ ਸੀ ਕਿ ਵਿਕਾਸ ਦੇ ਕੰਮਾਂ ਦੇ ਉਨ੍ਹਾਂ ਦੇ ਐਸਟੀਮੇਟ ਤਾਂ ਨਹੀਂ ਬਣਾਏ ਜਾਂਦੇ ਸਗੋਂ ਹਾਰੇ ਹੋਏ ਆਗੂਆਂ ਦੇ ਕਹਿਣ 'ਤੇ ਹੀ ਵਿਕਾਸ ਕੰਮਾਂ ਦੇ ਐਸਟੀਮੇਟ ਬਣਾਏ ਜਾਂਦੇ ਹਨ | ਮੇਅਰ ਵਨੀਤ ਧੀਰ ਨੇ ਕਾਂਗਰਸੀ ਕੌਂਸਲਰਾਂ ਤੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਨਿਗਮ ਪ੍ਰਸ਼ਾਸਨ ਵਲੋਂ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਜਾਵੇਗਾ ਸਗੋਂ ਹਰ ਵਾਰਡ ਵਿਚ ਕੌਂਸਲਰਾਂ ਦੇ ਕਹਿਣ 'ਤੇ ਹੀ ਕੰਮ ਕਰਵਾਏ ਜਾ ਰਹੇ ਹਨ | ਉਨ੍ਹਾਂ ਨੇ ਸ਼ਹਿਰ ਦੀ ਹਾਲਾਤ ਵਿਚ ਸੁਧਾਰ ਕਰਨ ਲਈ ਕਾਂਗਰਸੀ ਕੌਂਸਲਰਾਂ ਤੋਂ ਵੀ ਸਹਿਯੋਗ ਮੰਗਦਿਆਂ ਕਿਹਾ ਕਿ ਉਨ੍ਹਾਂ ਦੇ ਵਾਰਡਾਂ ਵਿਚ ਵੀ 25-25 ਐਲ. ਈ. ਡੀ. ਲਾਈਟਾਂ ਦੇਣ ਤੋਂ ਇਲਾਵਾ ਉਨ੍ਹਾਂ ਦੇ ਵਾਰਡ ਵਿਚ ਸੀਵਰੇਜ ਬੰਦ ਹੋਣ ਦੀਆਂ ਸ਼ਿਕਾਇਤਾਂ ਹੱਲ ਕਰਵਾਉਣ ਲਈ ਨਵੀਂ ਮਸ਼ੀਨਰੀ ਦੀ ਖ਼ਰੀਦ ਕੀਤੀ ਜਾ ਰਹੀ ਹੈ ਸਗੋਂ ਕੂੜਾ ਚੁੱਕਣ ਲਈ ਨਵੀਂ ਮਸ਼ੀਨਰੀ ਵੀ ਜਲਦੀ ਆ ਰਹੀ ਹੈ ਤੇ ਇਸ ਤੋਂ ਇਲਾਵਾ ਨਿਗਮ ਵਿਚ ਹੋਰ ਸਫ਼ਾਈ ਸੇਵਕ ਤੇ ਸੀਵਰਮੈਨਾਂ ਦੀ ਭਰਤੀ ਦੀ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ ਜਿਸ ਨਾਲ ਸ਼ਹਿਰੀਆਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਵਿਚ ਮਦਦ ਮਿਲੇਗੀ |