ਨਵੀਂ ਦਿੱਲੀ, 7 ਨਵੰਬਰ (ਮਿਸਰਦੀਪ ਭਾਟੀਆ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਿਰਫ਼ ਦੇਸ਼ ਵਿਚ ਹੀ ਨਹੀਂ, ਬਲਕਿ ਵਿਦੇਸ਼ਾਂ ਵਿਚ ਵੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਵਿਦੇਸ਼ਾਂ ਵਿਚ ਸਿੱਖੀ ਦਾ ਪ੍ਰਚਾਰ ਕਰ ਰਹੇ ਸਿੰਘ ਸਾਹਿਬ ਗੁਰਬਚਨ ਸਿੰਘ ਖ਼ਾਲਸਾ ਨੇ ਕਿਊਬਾ ਵਿਚ ਰਹਿ ਰਹੀਆਂ ਸਿੱਖ ਸੰਗਤਾਂ ਨੂੰ ਇਕ ਖ਼ੂਬਸੂਰਤ ਫੋਟੋ ਅਤੇ ਸਪੈਨਿਸ਼ ਭਾਸ਼ਾ ਵਿਚ ਲਿਖਿਆ ਇਕ ਸੰਦੇਸ਼ ਸਾਬਕਾ ਸੰਸਦ ਮੈਂਬਰ ਅਤੇ ਉੱਘੇ ਸਿੱਖ ਵਿਦਵਾਨ ਸ. ਤਰਲੋਚਨ ਸਿੰਘ ਨੂੰ ਭੇਜਿਆ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਤਰਲੋਚਨ ਸਿੰਘ ਨੇ ਦੱਸਿਆ ਕਿ ਪ੍ਰਾਪਤ ਹੋਏ ਪੱਤਰ ਦਾ ਸਾਰ ਹੈ ਕਿ ਅੰਦਰਲੇ ਦਿਲ ਤੱਕ ਰੌਸ਼ਨੀ ਦੀ ਯਾਤਰਾ ਜਿਥੇ ਆਤਮਾ ਰਹਿੰਦੀ ਹੈ | ਅਸੀਂ ਕਿਊਬਾ ਤੋਂ ਸਿੱਖ ਸੰਗਤ ਗੁਰਪੁਰਬ ਦੀਆਂ ਮੁਬਾਰਕਾਂ ਭੇਜਦੇ ਹਾਂ | ਉਨ੍ਹਾਂ ਅੱਗੇ ਦੱਸਿਆ ਕਿ ਯੋਗੀ ਹਰਿਭਜਨ ਸਿੰਘ ਦੁਆਰਾ ਸ਼ੁਰੂ ਕੀਤਾ ਗਿਆ ਮਿਸ਼ਨ ਦੁਨੀਆ ਵਿਚ ਵੱਧ-ਫੁੱਲ ਰਿਹਾ ਹੈ | ਯੂਕਰੇਨ ਵਿਚ ਆਖ਼ਰੀ ਅਧਿਆਪਕ ਸਿਖਲਾਈ ਵਿਚ 159 ਵਿਦਿਆਰਥੀ ਸਿੱਖੀ ਅਤੇ ਕੁੰਡਲਨੀ ਯੋਗਾ ਸਿੱਖ ਰਹੇ ਸਨ |