ਨਵੀਂ ਦਿੱਲੀ, 7 ਨਵੰਬਰ (ਮਿਸਰਦੀਪ ਭਾਟੀਆ)-ਦਿੱਲੀ ਵਿਖੇ ਚਲਦੀ ਹੋਈ ਇਕ ਮਰਸੀਡੀਜ਼ ਕਾਰ ਵਿਚ ਅਚਾਨਕ ਅੱਗ ਲੱਗ ਗਈ | ਕਾਰ ਦੇ ਅੰਦਰ ਇਕ ਔਰਤ ਅਤੇ ਬੱਚਾ ਸੀ | ਜਿਵੇਂ ਹੀ ਅੱਗ ਲੱਗੀ ਔਰਤ ਘਬਰਾ ਗਈ ਅਤੇ ਮਦਦ ਲਈ ਆਵਾਜ਼ਾਂ ਮਾਰਨ ਲੱਗ ਪਈ | ਇਸ ਦੌਰਾਨ ਲਾਲ ਬੱਤੀ 'ਤੇ ਤਾਇਨਾਤ ਟ੍ਰੈਫ਼ਿਕ ਪੁਲਿਸ ਕਰਮਚਾਰੀਆਂ ਨੇ ਦੌੜ ਕੇ ਔਰਤ ਅਤੇ ਬੱਚੇ ਨੂੰ ਕਾਰ ਵਿਚੋਂ ਤੁਰੰਤ ਬਾਹਰ ਕੱਢ ਲਿਆ | ਹੌਲੀ-ਹੌਲੀ ਕਾਰ ਵਿਚ ਅੱਗ ਤੇਜ਼ ਹੋਣ ਲੱਗੀ | ਘਟਨਾ ਵਾਲੀ ਥਾਂ 'ਤੇ ਹੋਰ ਗੱਡੀਆਂ ਵੀ ਮੌਜੂਦ ਸਨ | ਅੱਗ ਲਗਦੇ ਹੀ ਹਫੜਾ-ਦਫੜੀ ਮਚ ਗਈ | ਇਸ ਦੌਰਾਨ ਸੜਕ ਦੇ ਦੂਜੇ ਪਾਸੇ ਤੋਂ ਆ ਰਹੇ ਦਿੱਲੀ ਜਲ ਬੋਰਡ ਦੇ ਇਕ ਟੈਂਕਰ ਨੂੰ ਰੋਕ ਕੇ ਪੁਲਿਸ ਕਰਮਚਾਰੀਆਂ ਨੇ ਅੱਗ ਨੂੰ ਬੁਝਾਇਆ | ਘਟਨਾ ਤੋਂ ਬਾਅਦ ਪੀੜਤ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਵਾਲਿਆਂ ਦਾ ਧੰਨਵਾਦ ਕੀਤਾ | ਫਿਲਹਾਲ ਪੁਲਿਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ | ਜਾਣਕਾਰੀ ਅਨੁਸਾਰ ਇਹ ਘਟਨਾ ਵੀਰਵਾਰ ਸ਼ਾਮ ਨੂੰ ਤਾਰਾ ਅਪਾਰਮੈਂਟ ਦੀ ਲਾਲ ਬੱਤੀ 'ਤੇ ਵਾਪਰੀ |