ਨਵੀਂ ਦਿੱਲੀ, 6 ਨਵੰਬਰ (ਮਿਸਰਦੀਪ ਭਾਟੀਆ)-ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਚਾਰ ਵਿਦਿਆਰਥੀ ਯੂਨੀਅਨ ਅਹੁਦਿਆਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ | ਖੱਬੇ ਪੱਖੀ ਉਮੀਦਵਾਰ ਪ੍ਰਧਾਨ ਸਮੇਤ ਤਿੰਨ ਅਹੁਦਿਆਂ 'ਤੇ ਅੱਗੇ ਚੱਲ ਰਹੇ ਹਨ ਜਦ ਕਿ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਜਨਰਲ ਸਕੱਤਰ ਦੇ ਅਹੁਦੇ 'ਤੇ ਅੱਗੇ ਚੱਲ ਰਹੀ ਹੈ | ਖੱਬੇ ਪੱਖੀ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਅਦਿਤੀ ਮਿਸ਼ਰਾ ਹੈ, ਜੋ ਉੱਤਰ ਪ੍ਰਦੇਸ਼ ਤੋਂ ਹੈ | ਅਦਿਤੀ ਮਿਸ਼ਰਾ ਦਾ ਖੱਬੇ ਮੋਰਚੇ ਵਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਪ੍ਰਧਾਨ ਬਣਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ | ਅਦਿਤੀ ਮਿਸ਼ਰਾ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਵਿਚ ਗ੍ਰੈਜੂਏਸ਼ਨ ਕੀਤੀ ਹੈ ਅਤੇ ਇਸ ਸਮੇਂ ਜੇ.ਐਨ.ਯੂ. ਦੇ ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼ ਵਿਚ ਪੀ.ਐਚ.ਡੀ. ਕਰ ਰਹੀ ਹੈ | ਕੈਂਪਸ ਵਿਚ ਵਿਦਿਆਰਥੀਆਂ ਵਿਚ ਅਦਿਤੀ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਖੱਬੇ ਪੱਖੀ ਪਾਰਟੀਆਂ ਨੇ ਉਸ ਨੂੰ ਸਾਂਝੇ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਹੈ |