ਨਵੀਂ ਦਿੱਲੀ, 6 ਨਵੰਬਰ (ਮਿਸਰਦੀਪ ਭਾਟੀਆ)-ਉੱਤਰੀ ਦਿੱਲੀ ਦੇ ਬਰਾੜੀ ਇਲਾਕੇ ਵਿਚ ਮੰਗਲਵਾਰ ਦੁਪਹਿਰ ਨੂੰ ਈ-ਰਿਕਸ਼ਾ ਚਾਲਕ ਦੀ ਲਾਪ੍ਰਵਾਹੀ ਕਾਰਨ ਦੋ ਸਾਲਾ ਮਿਹਿਰ ਦੀ ਮੌਤ ਹੋ ਗਈ | ਦਰਅਸਲ ਪਾਣੀ ਦੀਆਂ ਬੋਤਲਾਂ ਸਪਲਾਈ ਕਰਨ ਵਾਲੇ ਚਾਲਕ ਨੇ ਆਪਣੇ ਈ-ਰਿਕਸ਼ਾ ਵਿਚ ਚਾਬੀ ਲੱਗੀ ਛੱਡ ਦਿੱਤੀ ਸੀ | ਇਸ ਦੌਰਾਨ ਗਲੀ ਵਿਚ ਖੇਡ ਰਹੇ 8 ਸਾਲ ਦੇ ਬੱਚੇ ਨੇ ਈ-ਰਿਕਸ਼ਾ ਨੂੰ ਅਚਾਨਕ ਰੇਸ ਦੇ ਦਿੱਤੀ | ਮਾਸੂਮ ਮਿਹਿਰ ਆਪਣੇ ਮਾਂ ਦੇ ਸਾਹਮਣੇ ਹੀ ਈ-ਰਿਕਸ਼ਾ ਦੀ ਲਪੇਟ ਵਿਚ ਆ ਗਿਆ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ | ਤੁਰੰਤ ਉਸਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ | ਪੁਲਿਸ ਨੇ ਈ-ਰਿਕਸ਼ਾ ਚਾਲਕ ਵਿਰੁੱਧ ਲਾਪ੍ਰਵਾਹੀ ਦਾ ਮਾਮਲਾ ਦਰਜ ਕਰਕੇ ਹਿਰਾਸਤ ਵਿਚ ਲੈ ਲਿਆ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਮਿਹਿਰ ਆਪਣੇ ਪਰਿਵਾਰ ਨਾਲ ਚੰਦਨਪੁਰੀ, ਸੀਲਮਪੁਰ ਵਿਚ ਰਹਿੰਦਾ ਸੀ |