16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸਕੂਲ ਦੇ ਪਿ੍ੰਸੀਪਲ ਦੀ ਹੱਤਿਆ ਕਰਨ ਦੀ ਘਟਨਾ ਦੇ ਵਿਰੋਧ 'ਚ ਨਿੱਜੀ ਸਕੂਲਾਂ ਦੇ ਅਧਿਆਪਕਾਂ ਵਲੋਂ ਸੰਕੇਤਕ ਹੜਤਾਲ

ਅਜੀਤ ਡੈਸਕ 17-07-2025
ਕਰਨਾਲ, 16 ਜੁਲਾਈ (ਗੁਰਮੀਤ ਸਿੰਘ ਸੱਗੂ)-ਹਰਿਆਣਾ ਦੇ ਹਿਸਾਰ 'ਚ ਇਕ ਨਿੱਜੀ ਸਕੂਲ ਦੇ ਵਿਦਿਆਰਥੀਆਂ ਵਲੋਂ ਆਪਣੇ ਹੀ ਸਕੂਲ ਦੇ ਪਿ੍ੰਸੀਪਲ ਦੀ ਹੱਤਿਆ ਕਰਨ ਦੇ ਵਿਰੋਧ 'ਚ ਅੱਜ ਹਰਿਆਣਾ ਭਰ ਦੇ ਨਿੱਜੀ ਸਕੂਲਾਂ ਨੇ ਇਕ ਦਿਨ ਦੀ ਸੰਕੇਤਕ ਹੜਤਾਲ ਕਰਕੇ ਆਪਣਾ ਰੋਸ ਜ਼ਾਹਿਰ ਕੀਤਾ | ਇਸੇ ਲੜੀ ਤਹਿਤ ਕਰਨਾਲ ਵਿਖੇ ਵੀ ਕਰਨਾਲ ਇੰਡੀਪੈਂਡੈਂਟ ਸਕੂਲਜ਼ ਐਸੋਸੀਏਸ਼ਨ ਦੀ ਅਗਵਾਈ 'ਚ ਸੀ. ਬੀ. ਐਸ. ਈ. ਨਾਲ ਸੰਬੰਧਤ ਸਾਰੇ 162 ਨਿੱਜੀ ਸਕੂਲਾਂ ਅਤੇ ਹਰਿਆਣਾ ਬੋਰਡ ਤੇ ਆਈ. ਸੀ. ਐਸ. ਈ. ਬੋਰਡ ਨਾਲ ਸੰਬੰਧਤ ਸਕੂਲਾਂ ਦੇ ਨੁਮਾਇੰਦਿਆਂ ਨੇ ਮਿਲ ਕੇ ਡਿਪਟੀ ਕਮਿਸ਼ਨਰ ਕਰਨਾਲ ਰਾਹੀਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਇਕ ਮੰਗ ਪੱਤਰ ਸੌਂਪਿਆ | ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਕੁਲਜਿੰਦਰ ਮੋਹਨ ਸਿੰਘ ਬਾਠ ਨੇ ਕਿਹਾ ਕਿ ਹਿਸਾਰ ਦੀ ਘਟਨਾ ਬਹੁਤ ਹੀ ਨਿੰਦਣਯੋਗ ਹੈ ਅਤੇ ਇਹ ਸਮਾਂ ਅਧਿਆਪਕਾਂ ਅਤੇ ਸਾਰੇ ਸਮਾਜ ਲਈ ਚਿੰਤਾ ਦਾ ਹੈ | ਉਨ੍ਹਾਂ ਕਿਹਾ ਕਿ ਜਦੋਂ ਇਕ ਵਿਦਿਆਰਥੀ ਆਪਣੇ ਹੀ ਅਧਿਆਪਕ ਦੀ ਜਾਨ ਲੈ ਲੈਂਦਾ ਹੈ ਤਾਂ ਇਹ ਸਾਨੂੰ ਦੱਸਦਾ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਕਿਤੇ ਨਾ ਕਿਤੇ ਆਪਣੇ ਮੂਲ ਉਦੇਸ਼ ਤੋਂ ਭਟਕ ਰਹੀ ਹੈ ਅਤੇ ਸਾਨੂੰ ਇਸ 'ਤੇ ਗੰਭੀਰ ਆਤਮ-ਚਿੰਤਨ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ ਅਤੇ ਅਧਿਆਪਕ ਭਾਈਚਾਰੇ ਨੂੰ ਯੋਗ ਮਾਣ ਅਤੇ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜਥੇਬੰਦੀ ਵਲੋਂ ਮੰਗ ਪੱਤਰ ਰਾਹੀਂ ਸਰਕਾਰ ਕੋਲੋਂ ਅਧਿਆਪਕ ਸੁਰੱਖਿਆ ਕਾਨੂੰਨ-2025 ਬਣਾਉਣ ਦੀ ਮੰਗ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਕਈ ਕਾਨੂੰਨਾਂ ਦੇ ਕਾਰਨ ਅਧਿਆਪਕ ਹੁਣ ਬੱਚਿਆਂ ਨੂੰ ਅਨੁਸ਼ਾਸਿਤ ਕਰਨ 'ਚ ਅਸਮਰਥ ਹੋ ਗਏ ਹਨ | ਸੋਸ਼ਲ ਮੀਡੀਆ ਅਤੇ ਮਾਪਿਆਂ ਵਲੋਂ ਦਿੱਤੀ ਗਈ ਹੱਦੋਂ ਵੱਧ ਆਜ਼ਾਦੀ ਨੇ ਵਿਦਿਆਰਥੀਆਂ 'ਚ ਅਨੁਸ਼ਾਸਨ ਦੀ ਕਮੀ ਪੈਦਾ ਕਰ ਦਿੱਤੀ ਹੈ | ਅਜਿਹੀ ਸਥਿਤੀ 'ਚ ਜਦੋਂ ਅਧਿਆਪਕ ਸੁਧਾਰਾਤਮਕ ਕਦਮ ਚੁੱਕਦੇ ਹਨ ਤਾਂ ਮਾਪੇ ਹੀ ਬੱਚਿਆਂ ਦੇ ਨਾਲ ਅਧਿਆਪਕਾਂ ਦੇ ਖ਼ਿਲਾਫ਼ ਖੜ੍ਹੇ ਹੋ ਜਾਂਦੇ ਹਨ | ਬਾਠ ਨੇ ਕਿਹਾ ਕਿ ਅੱਜ ਦੀ ਹੜਤਾਲ ਸਿਰਫ਼ ਸੰਕੇਤਕ ਸੀ ਤਾਂ ਜੋ ਸਾਡੀ ਗੱਲ ਸਰਕਾਰ ਤੱਕ ਪਹੁੰਚ ਸਕੇ | ਉਨ੍ਹਾਂ ਕਿਹਾ ਕਿ ਅਸੀਂ ਲੋਕਤੰਤਰ 'ਚ ਭਰੋਸਾ ਰੱਖਦੇ ਹਾਂ ਅਤੇ ਵਿਸ਼ਵਾਸ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਗੇ | ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ 'ਚ 'ਅਧਿਆਪਕ ਸੁਰੱਖਿਆ ਕਾਨੂੰਨ-2025' ਦਾ ਪ੍ਰਸਤਾਵ ਲਿਆਂਦਾ ਜਾਵੇ ਅਤੇ ਇਸ ਕਾਨੂੰਨ ਨੂੰ ਬਣਾਉਣ ਵੇਲੇ ਸਿੱਖਿਆ ਵਿਦਵਾਨਾਂ ਦੀ ਰਾਏ ਲਈ ਜਾਵੇ ਤਾਂ ਜੋ ਇਹ ਕਾਨੂੰਨ ਅਮਲੀ ਅਤੇ ਪ੍ਰਭਾਵਸ਼ਾਲੀ ਬਣ ਸਕੇ | ਇਸ ਮੌਕੇ ਸੁਸ਼ੀਲ ਸ਼ਰਮਾ ਤੇ ਸੁਰਜੀਤ ਸੁਭਰੀ ਸਮੇਤ ਹੋਰ ਕਈ ਅਹੁਦੇਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਮੰਦਰ 'ਚੋਂ ਪਿੱਤਲ ਦੀਆਂ ਘੰਟੀਆਂ ਚੋਰੀ ਕਰਨ ਵਾਲਾ ਮੁਲਜ਼ਮ ਅਗਲੀ ਖ਼ਬਰ ਸੀਵਰੇਜ ਤੇ ਪਾਣੀ ਸਪਲਾਈ ਪ੍ਰੋਜੈਕਟ ਨੇ ਸਿਆਸੀ ਪਿੰਡ ਚੌਟਾਲਾ ਦੀ ਸੂਰਤ- ਸੀਰਤ ਵਿਗਾੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।