ਸੀਵਰੇਜ ਤੇ ਪਾਣੀ ਸਪਲਾਈ ਪ੍ਰੋਜੈਕਟ ਨੇ ਸਿਆਸੀ ਪਿੰਡ ਚੌਟਾਲਾ ਦੀ ਸੂਰਤ- ਸੀਰਤ ਵਿਗਾੜੀ
ਅਜੀਤ ਡੈਸਕ
17-07-2025
ਜ਼ਿਕਰਯੋਗ ਹੈ ਕਿ ਸੜਕ ਨਿਰਮਾਣ ਦੀ ਮੰਗ ਸਬੰਧੀ ਬੀਤੇ ਤਿੰਨ ਮਹੀਨਿਆਂ ਵਿੱਚ ਇਹ ਦੁਕਾਨਦਾਰਾਂ ਵੱਲੋਂ ਦੂਜਾ ਧਰਨਾ-ਮੁਜਾਹਰਾ ਹੈ | ਮੁੱਖ ਬਾਜਾਰ ਅਤੇ ਗਲੀਆਂ 'ਚ ਸੜਕ ਨਾ ਬਣਨ ਕਰਕੇ ਮਹੀਨਿਆਂ ਤੋਂ ਲਗਭਗ 19-20 ਹਜਾਰ ਦੀ ਆਬਾਦੀ ਮੁਸ਼ਕਿਲਾਂ ਨੂੰ ਝੱਲ ਰਹੀ ਹੈ | ਪਿੰਡ ਦੀਆਂ 'ਰਾਜਨੀਤਿਕ' ਹਸਤੀਆਂ ਦੀ ਆਮ ਲੋਕਾਂ ਦੇ ਦਰਪੇਸ਼ ਸਮੱਸਿਆ ਪ੍ਰਤੀ ਚੁੱਪੀ 'ਤੇ ਸੁਆਲ ਉੱਠ ਰਹੇ ਹਨ |
ਮੁੱਖ ਬਾਜ਼ਾਰ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਬਬਲੂ, ਮਹਾਵੀਰ, ਰੋਹਿਤ ਛਿੰਪਾ, ਕਾਲੀ ਬੱਬਰ, ਲਛਮਣ ਜਾਖੜ, ਮਦਨ ਜਾਖੜ, ਮੁਕੇਸ਼, ਗਗਨ ਅਤੇ ਸੰਦੀਪ ਨੇ ਕਿਹਾ ਕਿ ਜਨਸਿਹਤ ਅਤੇ ਇੰਜੀਨੀਅਰਿੰਗ ਵਿਭਾਗ ਪਾਈਪ ਲਾਈਨ ਵਿਛਾਉਣ ਮਗਰੋਂ ਮੁੱਖ ਬਾਜਾਰ ਦੀ ਸੜਕ ਬਣਾਉਣੀ ਭੁੱਲ ਗਿਆ ਹੈ | ਉਨ੍ਹਾਂ ਦਾ ਕਾਰੋਬਾਰ ਬਿਲਕੁੱਲ ਠੱਪ ਹੋ ਗਿਆ ਹੈ | ਬਾਜਾਰ ਵਿੱਚ ਪਏ ਟੋਇਆਂ ਕਾਰਨ ਪੈਦਲ ਤੁਰਨਾ ਵੀ ਔਖਾ ਹੈ, ਮੁੱਖ ਬਾਜਾਰ ਤੇ ਰਿਹਾਇਸੀ ਗਲੀ-ਮੁਹੱਲਿਆਂ ਵਿੱਚ ਹਾਲਤ ਲੋਕਾਂ ਦੇ ਪੈਦਲ ਚੱਲਣ ਯੋਗ ਨਹੀਂ ਹੈ | ਗਲੀਆਂ ਪੁੱਟੀਆਂ ਹੋਣ ਕਰਕੇ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਦੀਆਂ ਨੀਹਾਂ 'ਚ ਵੜ ਕੇ ਨੁਕਸਾਨ ਪਹੁੰਚਾ ਰਿਹਾ ਹੈ | ਐਮਰਜੈਂਸੀ ਦੀ ਸਥਿਤੀ ਵਿੱਚ ਮਰੀਜਾਂ ਨੂੰ ਹਸਪਤਾਲ ਲਿਜਾਣ ਲਈ ਐਂਬੂਲੈਂਸ ਵੀ ਗਲੀਆਂ 'ਚ ਨਹੀਂ ਆ ਸਕਦੀ |
ਉਨ੍ਹਾਂ ਦੋਸ਼ ਲਗਾਇਆ ਕਿ ਪਿੰਡ ਦੀਆਂ ਗਲੀਆਂ ਬਿਨਾਂ ਯੋਜਨਾਬੱਧ ਤਰੀਕੇ ਨਾਲ ਪੁੱਟੀਆਂ ਗਈਆਂ ਸਨ, ਉਨ੍ਹਾਂ ਦੀ ਮੁਰੰਮਤ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ | ਜਨ ਸਿਹਤ ਵਿਭਾਗ ਵੱਲੋਂ ਬਣਾਈਆਂ ਕਈ ਗਲੀਆਂ ਬੈਠ ਗਈਆਂ ਹਨ | ਅੱਜ ਭਖਣ 'ਤੇ ਲੋਕ ਨਿਰਮਾਣ ਵਿਭਾਗ ਦੇ ਜੇਈ ਪੁੱਜ ਕੇ ਸੜਕ 'ਤੇ ਮਿੱਟੀ ਆਦਿ ਪਾਉਣ ਦੇ ਭਰੋਸੇ ਉਪਰੰਤ ਦੁਕਾਨਦਾਰਾਂ ਧਰਨਾ ਚੁੱਕ ਦਿੱਤਾ |
ਬਿਨਾਂ ਪ੍ਰਵਾਨਗੀ ਤੋੜੀਆਂ ਸੜਕਾਂ, ਪੁਲਿਸ ਸ਼ਿਕਾਇਤ 'ਤੇ 4.5 ਕਰੋੜ ਜਮ੍ਹਾਂ ਕਰਵਾਏ- ਐਸਡੀਓ ਬੀ/ਆਰ
ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਡੱਬਵਾਲੀ ਦੇ ਐਸਡੀਓ ਪਰਮਜੀਤ ਭੁੱਲਰ ਨੇ ਕਿਹਾ ਕਿ ਜਨਸਿਹਤ ਅਤੇ ਇੰਜੀਨੀਅਰਿੰਗ ਵਿਭਾਗ ਨੇ ਚੌਟਾਲਾ 'ਚ ਉਨ੍ਹਾਂ ਦੇ ਵਿਭਾਗ ਅਧੀਨ ਮੁੱਖ ਬਾਜ਼ਾਰ ਸਣੇ ਕਰੀਬ 4 ਕਿਲੋਮੀਟਰ ਲੰਬੀਆਂ ਦੋ ਮੁੱਖ ਸੜਕਾਂ ਨੂੰ ਬਿਨਾਂ ਮਨਜੂਰੀ ਤੋਂ ਤੋੜ ਦਿੱਤਾ | ਪੁਲਿਸ ਸ਼ਿਕਾਇਤ ਕੀਤੀ ਗਈ, ਜਿਸ 'ਤੇ ਜਨਸਿਹਤ ਵਿਭਾਗ ਨੇ 4.5 ਕਰੋੜ ਜਮ੍ਹਾਂ ਕਰਵਾਏ ਹਨ | ਦੋਵੇਂ ਸੜਕਾਂ ਦਾ ਐਸਟੀਮੇਟ ਬਣਾ ਕੇ ਹੈੱਡਕੁਆਰਟਰ ਭੇਜਿਆ ਹੈ | ਇੱਕ ਵਾਰ ਮਿੱਟੀ ਨਾਲ ਟੋਏ ਭਰ ਕੇ ਸੜਕ ਨੂੰ ਤੁਰਨ ਯੋਗ ਬਣਾਇਆ ਜਾ ਰਿਹਾ ਹੈ |
ਗਲੀਆਂ ਦੀ ਖਾਮੀਆਂ ਠੀਕ ਕਰਾਂਗੇ- ਐਸਡੀਓ ਜਨ ਸਿਹਤ
ਜਨ ਸਿਹਤ ਅਤੇ ਇੰਜੀਨੀਅਰਿੰਗ ਵਿਭਾਗ ਡੱਬਵਾਲੀ ਦੇ ਐਸਡੀਓ ਵਿਸ਼ਾਲ ਜਿਆਣੀ ਦਾ ਕਹਿਣਾ ਹੈ ਕਿ ਚੌਟਾਲਾ ਵਿੱਚ ਸੀਵਰੇਜ ਤੇ ਪੀਣ ਸਪਲਾਈ ਪ੍ਰੋਜੈਕਟ ਉਪਰੰਤ 80 ਫ਼ੀਸਦ ਗਲੀਆਂ ਬਣ ਗਈਆਂ ਹਨ | ਖਾਮੀਆਂ ਨੂੰ ਦਰੁੱਸਤ ਕੀਤਾ ਜਾਵੇਗਾ |
ਵੱਡਿਆਂ ਦੇ ਮੁਹੱਲੇ ਦੀ ਖਾਸ ਫ਼ਿਰਕ
ਪਿੰਡ ਚੌਟਾਲਾ 'ਚ ਮੁੱਖ ਸੜਕਾਂ ਅਤੇ ਆਮ ਗਲੀਆਂ ਨੂੰ ਬਿਨਾਂ ਮਨਜੂਰੀ ਤੋੜਨ ਵਾਲੇ ਜਨ ਸਿਹਤ ਵਿਭਾਗ ਵੱਡੇ ਲੋਕਾਂ ਦੇ ਮਹੱਲੇ ਦੀ 'ਖਾਸ' ਫ਼ਿਕਰ ਹੈ | ਬਰਸਾਤ ਦੇ ਮੌਸਮ ਕਾਰਨ ਵਿਭਾਗ ਨੇ ਵੱਡੇ ਲੋਕਾਂ ਦੇ ਮੁਹੱਲੇ 'ਚ ਪਾਈਪਾਂ ਵਿਛਾਉਣ ਦਾ ਕੰਮ ਮੁਲਤਵੀ ਕਰ ਦਿੱਤਾ ਹੈ, ਤਾਂ ਜੋ ਮੁਹੱਲਾ ਵਾਸੀਆਂ ਨੂੰ ਮੀਂਹਾਂ 'ਚ ਮੁਸ਼ਕਿਲ ਨਾ ਝੱਲਣੀ ਪਵੇ | ਸਿਆਸੀ ਪਿੰਡ ਦੇ ਆਮ ਲੋਕ ਵਿਭਾਗ ਦੇ ਦੋਹਰੇ ਕਿਰਦਾਰ ਤੋਂ ਖਾਸੇ ਖਫ਼ਾ ਹਨ |