ਯਮੁਨਾਨਗਰ, 16 ਜੁਲਾਈ (ਗੁਰਦਿਆਲ ਸਿੰਘ ਨਿਮਰ)-ਪ੍ਰਤਾਪ ਨਗਰ ਥਾਣੇ ਦੀ ਟੀਮ ਨੇ ਇਕ ਮੰਦਰ 'ਚੋਂ ਪਿੱਤਲ ਦੀਆਂ ਘੰਟੀਆਂ ਚੋਰੀ ਕਰਨ ਦੇ ਦੋਸ਼ ਹੇਠ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਤੋਂ ਚੋਰੀ ਦਾ ਸਾਮਾਨ ਵੀ ਬਰਾਮਦ ਕਰ ਲਿਆ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਬਲਕਾਰ ਸਿੰਘ ਨੇ ਦੱਸਿਆ ਕਿ ਮੰਦਰ ਦੇ ਪੁਜਾਰੀ ਸਾਗਰ ਸ਼ਰਮਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ ਸ੍ਰੀ ਮਾਤਾ ਬਾਲਾ ਸੁੰਦਰੀ ਮੰਦਰ 'ਚ ਪੁਜਾਰੀ ਹੈ | ਮੰਦਰ ਦੇ ਮੁੱਖ ਦਰਵਾਜ਼ੇ 'ਤੇ ਪਿੱਤਲ ਦੀਆਂ ਛੋਟੀਆਂ ਘੰਟੀਆਂ ਦਾ ਇਕ ਜਾਲ ਸੀ, ਜਿਸ ਨੂੰ ਕੋਈ ਲੰਬੇ ਸਮੇਂ ਤੋਂ ਥੋੜ੍ਹਾ-ਥੋੜ੍ਹਾ ਕਰਕੇ ਚੋਰੀ ਕਰ ਰਿਹਾ ਸੀ | ਇਸ ਸ਼ਿਕਾਇਤ 'ਤੇ ਹੈੱਡ ਕਾਂਸਟੇਬਲ ਪ੍ਰਦੀਪ ਕੁਮਾਰ ਦੀ ਅਗਵਾਈ ਹੇਠ ਇਕ ਟੀਮ ਬਣਾਈ ਗਈ, ਜਿਸ ਨੇ ਮਾਮਲੇ ਦੀ ਜਾਂਚ ਕਰਦਿਆਂ ਅੰਕਿਤ ਉਰਫ਼ ਟਿੰਕੂ ਪੁੱਤਰ ਸੁਰੇਸ਼ ਕੁਮਾਰ ਵਾਸੀ ਪਿੰਡ ਖਿਜਰਾਬਾਦ ਨੂੰ ਗਿ੍ਫ਼ਤਾਰ ਕਰਕੇ ਉਸ ਤੋਂ ਚੋਰੀ ਦਾ ਸਾਮਾਨ ਵੀ ਬਰਾਮਦ ਕਰ ਲਿਆ | ਪੁਲਿਸ ਵਲੋਂ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ |