ਗੁਹਲਾ ਚੀਕਾ, 16 ਜੁਲਾਈ (ਓ.ਪੀ. ਸੈਣੀ)-ਜ਼ਿਲ੍ਹਾ ਟਾਊਨ ਪਲੈਨਰ ਪ੍ਰਵੀਨ ਕੁਮਾਰ ਨੇ ਕਿਹਾ ਕਿ ਦਫਤਰ ਨੇ ਜ਼ਿਲਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਰੈਵੇਨਿਊ ਅਸਟੇਟ ਚੀਕਾ ਵਿਚ ਵਧ ਰਹੀ ਇਕ ਗੈਰ-ਕਾਨੂੰਨੀ ਕਾਲੋਨੀ ਵਿਚ ਬਣੇ ਸੜਕੀ ਨੈੱਟਵਰਕ ਨੂੰ ਹਟਾ ਦਿੱਤਾ | ਐਚ.ਡੀ.ਆਰ. ਐਕਟ 1975 ਦੇ ਉਪਬੰਧਾਂ ਅਨੁਸਾਰ ਗੈਰ-ਕਾਨੂੰਨੀ ਕਾਲੋਨੀ ਵਿਚ ਕਾਰਵਾਈ ਕੀਤੀ ਗਈ | ਇਸ ਕਾਰਵਾਈ ਦੌਰਾਨ ਐਚ.ਵੀ.ਪੀ.ਐਨ. ਚੀਕਾ ਦੇ ਐਸ.ਡੀ.ਓ. ਵਿਸ਼ਾਲ ਰਹੇਜਾ ਨੂੰ ਡਿਊਟੀ ਮੈਜਿਸਟ੍ਰੇਟ ਵਜੋਂ ਤਾਇਨਾਤ ਕੀਤਾ ਗਿਆ ਸੀ | ਜ਼ਿਲ੍ਹਾ ਟਾਊਨ ਪਲੈਨਰ ਪ੍ਰਵੀਨ ਕੁਮਾਰ ਨੇ ਕਿਹਾ ਕਿ ਰੈਵੇਨਿਊ ਅਸਟੇਟ ਚੀਕਾ ਵਿਚ ਲਗਭਗ ਸਾਢੇ ਚਾਰ ਏਕੜ ਵਿਚ ਗੈਰ-ਕਾਨੂੰਨੀ ਕਲੋਨੀ ਵਿਕਸਤ ਕਰਨ ਦਾ ਮਾਮਲਾ ਦਫਤਰ ਦੇ ਧਿਆਨ ਵਿਚ ਆਇਆ, ਜਿਸ ਤੋਂ ਬਾਅਦ ਦਫਤਰ ਨੇ ਐਚ.ਡੀ.ਆਰ. ਐਕਟ 1975 ਦੀਆਂ ਧਾਰਾਵਾਂ ਤਹਿਤ ਜਮੀਨ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਅਤੇ ਉਨ੍ਹਾਂ ਨੂੰ ਵਿਕਾਸ ਲਈ ਲੋੜੀਂਦੀ ਇਜਾਜਤ ਲੈਣ ਦੇ ਹੁਕਮ ਦਿੱਤੇ | ਪਰ ਜਮੀਨ ਮਾਲਕਾਂ ਨੇ ਨਾ ਤਾਂ ਮੌਕੇ 'ਤੇ ਹੋ ਰਹੀ ਉਸਾਰੀ ਨੂੰ ਰੋਕਿਆ ਅਤੇ ਨਾ ਹੀ ਵਿਭਾਗ ਤੋਂ ਕਿਸੇ ਵੀ ਤਰ੍ਹਾਂ ਦੀ ਇਜਾਜਤ ਲਈ ਅਰਜੀ ਦਿੱਤੀ | ਜ਼ਿਲ੍ਹਾ ਟਾਊਨ ਪਲੈਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਲਾਟ ਖਰੀਦਣ ਤੋਂ ਪਹਿਲਾਂ ਕਿਸੇ ਵੀ ਕਲੋਨੀ ਦੀ ਕਾਨੂੰਨੀਤਾ ਦੀ ਜਾਂਚ ਕਰਨ | ਉਨ੍ਹਾਂ ਕਿਹਾ ਕਿ ਸਹਿਰ ਵਿਚ ਕਿਸੇ ਵੀ ਹਾਲਤ ਵਿਚ ਗੈਰ-ਕਾਨੂੰਨੀ ਉਸਾਰੀਆਂ ਅਤੇ ਗੈਰ-ਕਾਨੂੰਨੀ ਕਲੋਨੀਆਂ ਨੂੰ ਵਧਣ-ਫੁੱਲਣ ਨਹੀਂ ਦਿੱਤਾ ਜਾਵੇਗਾ | ਗੈਰ-ਕਾਨੂੰਨੀ ਉਸਾਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ |