ਕਾਲਾਂਵਾਲੀ/ਸਿਰਸਾ, 15 ਜੁਲਾਈ (ਭੁਪਿੰਦਰ ਪੰਨੀਵਾਲੀਆ)- ਬੀਤੀ 29 ਜੂਨ ਨੂੰ ਹੋਈਆਂ ਨਗਰ ਪਾਲਿਕਾ ਪ੍ਰਧਾਨ ਅਤੇ ਕੌਂਸਲਰ ਦੀਆਂ ਚੋਣਾਂ ਤੋਂ ਬਾਅਦ ਪ੍ਰਸ਼ਾਸਨ ਦੁਆਰਾ ਚੁਣੇ ਗਏ ਪ੍ਰਧਾਨ ਅਤੇ ਨਗਰ ਕੌਂਸਲਰਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ 17 ਜੁਲਾਈ ਨੂੰ ਸਹੁੰ ਚੁਕਾਈ ਜਾਵੇਗੀ | ਇਹ ਸਹੁੰ ਚੁੱਕ ਸਮਾਗਮ ਔਢਾਂ ਰੋਡ 'ਤੇ ਸਥਿਤ ਸ਼੍ਰੀ ਸਾਲਾਸਰ ਧਰਮਸ਼ਾਲਾ ਵਿਖੇ ਆਯੋਜਿਤ ਕੀਤਾ ਜਾਵੇਗਾ | ਉਪ-ਮੰਡਲ ਅਧਿਕਾਰੀ ਦਫ਼ਤਰ ਨੇ ਉੱਚ ਅਧਿਕਾਰੀਆਂ ਅਤੇ ਪ੍ਰਧਾਨ ਅਤੇ ਨਗਰ ਕੌਂਸਲਰਾਂ ਨੂੰ ਇੱਕ ਪੱਤਰ ਜਾਰੀ ਕਰਕੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ | ਇਹ ਸਹੁੰ ਚੁੱਕ ਸਮਾਗਮ ਕਾਲਾਂਵਾਲੀ ਦੇ ਐਸਡੀਐਮ ਮੋਹਿਤ ਕੁਮਾਰ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਜਾਵੇਗਾ | ਨਗਰ ਪਾਲਿਕਾ ਦੇ ਨਵੇਂ ਚੁਣੇ ਗਏ ਪ੍ਰਧਾਨ ਮਹੇਸ਼ ਝੋਰੜ ਸਮੇਤ ਸਾਰੇ 16 ਕੌਂਸਲਰ ਸਮਾਰੋਹ ਵਿੱਚ ਸਹੁੰ ਚੁੱਕਣਗੇ | ਸਿਰਸਾ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਅਤੇ ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਸਮੇਤ ਕਈ ਆਗੂ ਇਸ ਸਮਾਰੋਹ ਵਿੱਚ ਹਿੱਸਾ ਲੈ ਸਕਦੇ ਹਨ | ਪ੍ਰਸ਼ਾਸਨ ਅਤੇ ਨਗਰ ਪਾਲਿਕਾ ਪ੍ਰਸ਼ਾਸਨ ਨੇ ਸਮਾਰੋਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ |