ਅੰਮਿ੍ਤਸਰ, 20 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸ਼ਾਹਬਾਜ਼ ਸਰਕਾਰ ਨੇ ਅਰਬ ਸਾਗਰ 'ਚ ਨਕਲੀ ਟਾਪੂ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਸ ਨੂੰ ਤੇਲ ਦੀ ਖੋਜ ਲਈ ਇਕ ਸਥਾਈ ਪਲੇਟਫ਼ਾਰਮ ਵਜੋਂ ਵਰਤਿਆ ਜਾਵੇਗਾ | ਪਾਕਿਸਤਾਨ ਪੈਟਰੋਲੀਅਮ ਲਿਮਟਿਡ (ਪੀ. ਪੀ. ਐੱਲ.) ਇਸ ਪ੍ਰਾਜੈਕਟ ਦੀ ਅਗਵਾਈ ਕਰੇਗਾ | ਪੀ. ਪੀ. ਐੱਲ. ਦੇ ਜਨਰਲ ਮੈਨੇਜਰ ਐਕਸਪਲੋਰੇਸ਼ਨ ਐਂਡ ਕੋਰ ਬਿਜ਼ਨਸ ਡਿਵੈਲਪਮੈਂਟ ਅਰਸ਼ਦ ਹੁਸੈਨ ਪਾਲੇਕਰ ਦੇ ਅਨੁਸਾਰ ਪਾਕਿ ਇਸ ਨਕਲੀ ਟਾਪੂ ਦੀ ਮਦਦ ਨਾਲ ਅਰਬ ਸਾਗਰ 'ਚ 25 ਤੇਲ ਖੂਹ ਖੋਦਣ ਦੀ ਯੋਜਨਾ ਬਣਾ ਰਿਹਾ ਹੈ | ਇਹ ਨਕਲੀ ਟਾਪੂ ਸਿੰਧ ਦੇ ਤਟ ਤੋਂ ਲਗਭਗ 30 ਕਿੱਲੋਮੀਟਰ ਦੂਰ ਸੁਜਾਵਲ ਖੇਤਰ ਦੇ ਨੇੜੇ ਬਣਾਇਆ ਜਾ ਰਿਹਾ ਹੈ | ਸੁਜਾਵਲ ਕਰਾਚੀ ਤੋਂ ਲਗਭਗ 130 ਕਿੱਲੋਮੀਟਰ ਦੂਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਮਿਲਣ ਤੋਂ ਬਾਅਦ ਇਹ ਫ਼ੈਸਲਾ ਲਿਆ | ਟਰੰਪ ਨੇ ਜੁਲਾਈ 'ਚ ਐਲਾਨ ਕੀਤਾ ਸੀ ਕਿ ਅਮਰੀਕਾ ਅਤੇ ਪਾਕਿ ਸਾਂਝੇ ਤੌਰ 'ਤੇ ਪਾਕਿਸਤਾਨ ਦੇ ਵੱਡੇ ਤੇਲ ਭੰਡਾਰਾਂ ਨੂੰ ਵਿਕਸਤ ਕਰਨਗੇ | ਉਨ੍ਹਾਂ ਨੇ ਇੱਥੋਂ ਤੱਕ ਕਿਹਾ ਸੀ ਕਿ ਜੇਕਰ ਤੇਲ ਮਿਲਦਾ ਹੈ ਤਾਂ ਭਾਰਤ ਵੀ ਇਸ ਨੂੰ ਖ਼ਰੀਦ ਸਕਦਾ ਹੈ | ਦੱਸਣਯੋਗ ਹੈ ਕਿ ਸਾਲ 2019 'ਚ ਕਰਾਚੀ ਦੇ ਨੇੜੇ ਕੇਕਰਾ-1 ਡਿ੍ਲਿੰਗ ਪ੍ਰੋਜੈਕਟ ਅਸਫਲ ਹੋ ਗਿਆ ਸੀ, ਜਿਸ ਕਾਰਨ ਐਕਸੋਨ ਮੋਬਿਲ ਵਰਗੀਆਂ ਕੰਪਨੀਆਂ ਪਾਕਿ ਤੋਂ ਪਿੱਛੇ ਹਟ ਗਈਆਂ | ਅਰਸ਼ਦ ਪਾਲੇਕਰ ਨੇ ਕਿਹਾ ਕਿ ਉੱਚੀਆਂ ਸਮੁੰਦਰੀ ਲਹਿਰਾਂ ਤੋਂ ਬਚਾਉਣ ਲਈ ਟਾਪੂ ਨੂੰ 6 ਫੁੱਟ ਉੱਚਾ ਕੀਤਾ ਜਾ ਰਿਹਾ ਹੈ, ਕਿਉਂਕਿ ਪਹਿਲਾਂ ਉੱਚੀਆਂ ਸਮੁੰਦਰੀ ਲਹਿਰਾਂ ਕਾਰਨ ਡਿ੍ਲਿੰਗ ਪ੍ਰਾਜੈਕਟਾਂ 'ਚ ਰੁਕਾਵਟਾਂ ਆਈਆਂ ਸਨ | ਟਾਪੂ ਦੇ ਫਰਵਰੀ ਤੱਕ ਤਿਆਰ ਹੋਣ ਦੀ ਉਮੀਦ ਹੈ | ਉਨ੍ਹਾਂ ਨੇ ਕਿਹਾ ਕਿ ਭਾਰੀ ਮਸ਼ੀਨਰੀ ਅਤੇ ਸਪਲਾਈ ਨੂੰ ਇਕ ਸਥਿਰ ਪਲੇਟਫ਼ਾਰਮ ਤੋਂ ਚਲਾਉਣ ਨਾਲ ਲਾਗਤਾਂ ਲਗਭਗ 33 ਫ਼ੀਸਦੀ ਘੱਟ ਸਕਦੀਆਂ ਹਨ ਅਤੇ ਹੁਣ ਇੱਥੇ 24 ਘੰਟੇ ਡਿ੍ਲਿੰਗ ਸੰਭਵ ਹੋਵੇਗੀ | ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਸਤੰਬਰ 'ਚ ਪਾਕਿ ਦੀ ਸਮੁੰਦਰੀ ਸਰਹੱਦ 'ਚ ਤੇਲ ਅਤੇ ਗੈਸ ਦੇ ਵੱਡੇ ਭੰਡਾਰ ਲੱਭੇ ਗਏ ਸਨ | ਪਾਕਿਸਤਾਨੀ ਮੀਡੀਆ ਅਨੁਸਾਰ ਇਕ ਸਹਿਯੋਗੀ ਦੇਸ਼ ਦੇ ਨਾਲ ਮਿਲ ਕੇ ਖੇਤਰ ਦੇ ਤਿੰਨ ਸਾਲਾਂ ਦੇ ਕੀਤੇ ਗਏ ਸਰਵੇਖਣ ਤੋਂ ਬਾਅਦ ਤੇਲ ਅਤੇ ਗੈਸ ਦੇ ਭੰਡਾਰਾਂ ਦੀ ਮੌਜੂਦਗੀ ਦੀ ਪੁਸ਼ਟੀ ਹੋਈ | ਰਿਪੋਰਟਾਂ ਅਨੁਸਾਰ ਭੰਡਾਰਾਂ ਨਾਲ ਸੰਬੰਧਿਤ ਖੋਜ ਨੂੰ ਪੂਰਾ ਕਰਨ 'ਚ ਲਗਭਗ 42,000 ਕਰੋੜ ਰੁਪਏ ਖ਼ਰਚ ਹੋਣਗੇ | ਇਸ ਤੋਂ ਬਾਅਦ ਇਸ ਨੂੰ ਸਮੁੰਦਰ ਦੀ ਡੂੰਘਾਈ ਤੋਂ ਕੱਢਣ 'ਚ 4-5 ਸਾਲ ਲੱਗ ਸਕਦੇ ਹਨ | ਜੇਕਰ ਖੋਜ ਸਫਲ ਹੁੰਦੀ ਹੈ ਤਾਂ ਤੇਲ ਅਤੇ ਗੈਸ ਕੱਢਣ ਲਈ ਖੂਹ ਖੋਦਣ ਅਤੇ ਹੋਰ ਬੁਨਿਆਦੀ ਢਾਂਚਾ ਬਣਾਉਣ ਲਈ ਹੋਰ ਰਕਮ ਦੀ ਲੋੜ ਹੋਵੇਗੀ | ਦੱਸਣਯੋਗ ਹੈ ਕਿ ਪਾਕਿ ਕੱਚੇ ਤੇਲ ਦੇ ਭੰਡਾਰਾਂ 'ਚ ਦੁਨੀਆ ਵਿਚ 50ਵੇਂ ਸਥਾਨ 'ਤੇ ਹੈ | ਇਹ ਆਪਣੇ ਤੇਲ ਦਾ 80 ਫ਼ੀਸਦੀ ਤੋਂ ਵੱਧ ਆਯਾਤ ਕਰਦਾ ਹੈ | ਕੁਝ ਰਿਪੋਰਟਾਂ ਦੇ ਅਨੁਸਾਰ ਇਹ ਰਿਜ਼ਰਵ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਤੇਲ ਅਤੇ ਗੈਸ ਭੰਡਾਰ ਹੋ ਸਕਦਾ ਹੈ | ਵਰਤਮਾਨ 'ਚ ਵੈਨੇਜ਼ੁਏਲਾ ਕੋਲ 34 ਲੱਖ ਬੈਰਲ ਦੇ ਨਾਲ ਸਭ ਤੋਂ ਵੱਡਾ ਤੇਲ ਭੰਡਾਰ ਹੈ | ਉੱਥੇ ਹੀ ਸੰਯੁਕਤ ਰਾਜ ਅਮਰੀਕਾ ਕੋਲ ਸਭ ਤੋਂ ਸ਼ੁੱਧ ਤੇਲ ਭੰਡਾਰ ਹਨ, ਜੋ ਅਜੇ ਤੱਕ ਅਣਵਰਤੇ ਹਨ | ਜੇਕਰ ਪਾਕਿ ਤੇਲ ਅਤੇ ਗੈਸ ਕੱਢਣ ਵਿਚ ਸਫਲ ਹੋ ਜਾਂਦਾ ਹੈ ਤਾਂ ਇਹ ਇਸ ਦੀ ਆਰਥਿਕਤਾ ਲਈ ਲਾਭਦਾਇਕ ਸਾਬਤ ਹੋਵੇਗਾ |