ਸੈਕਰਾਮੈਂਟੋ, 19 ਨਵੰਬਰ (ਹੁਸਨ ਲੜੋਆ ਬੰਗਾ)-ਸੈਕਰਾਮੈਂਟੋ ਦੇ ਨਾਮਵਰ ਤੇ ਸਿਆਸੀ ਗਤੀਵਿਧੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਗੁਰਦੁਆਰਾ ਵੈਸਟ ਸੈਕਰਾਮੈਂਟੋ ਦੇ ਨਿਸ਼ਾਨ ਸਾਹਿਬ ਦੇ ਚੋਲ਼ਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਮੁਰਿਆਦਾ ਮੁਤਾਬਕ ਬਦਲੇ ਗਏ | ਇਸ ਸਮੇਂ ਸੰਗਤਾਂ ਨੇ ਵੀ ਭਾਰੀ ਗਿਣਤੀ ਹਾਜਰੀ ਲੁਆਈ ਤੇ ਬਾਣੀ ਦਾ ਗੁਣਗਾਨ ਕੀਤਾ | ਸਜੇ ਦੀਵਾਨਾਂ ਵਿਚ ਭਾਈ ਤਨਵੀਤ ਸਿੰਘ ਚੰਡੀਗੜ੍ਹ ਵਾਲੇ, ਭਾਈ ਜਸਪਾਲ ਸਿੰਘ, ਭਾਈ ਗੁਰਬਚਨ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਰਣਜੀਤ ਸਿੰਘ, ਭਾਈ ਇੰਦਰਪਾਲ ਸਿੰਘ ਜੀ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਤੇ ਮਨੋਹਰ ਗੁਰਬਾਣੀ ਦਾ ਕੀਰਤਨ ਕੀਤਾ | ਇਸ ਨਿਸ਼ਾਨ ਸਾਹਿਬ ਦੇ ਚੋਲ਼ੇ ਦੀ ਸੇਵਾ ਚਾਵਲਾ ਪਰਿਵਾਰ ਵਲੋਂ ਕੀਤੀ ਗਈ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨਰਿੰਦਰ ਸਿੰਘ ਥਾਂਦੀ ਨੇ ਦੱਸਿਆ ਕਿ ਇਹ ਗੁਰਦੁਆਰਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਤੇ ਮਰਿਆਦਾ ਦੀ ਪਾਲਣਾ ਕਰਦਾ ਹੈ | ਉਨ੍ਹਾ ਦੱਸਿਆ ਕਿ ਗੁਰਦੁਆਰਾ ਸਾਹਿਬ ਨੂੰ ਹੋਰ ਸੁੰਦਰ ਬਣਾਇਆ ਜਾ ਰਿਹਾ ਹੈ | ਇਸ ਮੌਕੇ ਪਬਲਿਕ ਰਿਲੇਸ਼ਨ ਸੇਵਾਦਾਰ ਦਰਸ਼ਨ ਸਿੰਘ ਮੁੰਡੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਚ ਪਹਿਲਾਂ ਨਾਲੋਂ ਜਿਆਦਾ ਸੰਗਤ ਹੋਣ ਕਰਕੇ ਰੱਖ ਰਖਾਅ ਦੇ ਪ੍ਰਬੰਧ ਕੀਤੇ ਜਾ ਰਹੇ ਹਨ |