ਸਿਆਟਲ, 19 ਨਵੰਬਰ (ਹਰਮਨਪ੍ਰੀਤ ਸਿੰਘ)-ਅਮਰੀਕਾ ਅਤੇ ਦੁਨੀਆ ਭਰ ਦੇ ਸਿੱਖਾਂ ਲਈ ਅੱਜ ਦਾ ਦਿਨ ਬਹੁਤ ਹੀ ਮਾਣ ਵਾਲਾ ਤੇ ਇਤਿਹਾਸਕ ਰਿਹਾ | ਅਮਰੀਕਾ ਦੀ ਯੂਟਾ ਸਟੇਟ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਪੁਰਬ ਮੌਕੇ ਗੁਰੂ ਸਾਹਿਬ ਨੂੰ ਮਨੁੱਖੀ ਇਤਿਹਾਸ ਵਿਚ ਲਾਸਾਨੀ ਸ਼ਹਾਦਤ ਨੂੰ ਆਜ਼ਾਦੀ ਦੇ ਰੱਖਿਅਕ ਵਜੋਂ ਮਾਨਤਾ ਦਿੱਤੀ | ਯੂਟਾ ਸਟੇਟ ਦੀ ਰਾਜਧਾਨੀ ਵਿਖੇ ਕਰਵਾਏ ਸਮਾਗਮ ਸਮੇਂ ਗਵਰਨਰ ਹਾਊਸ ਵਿਖੇ ਮਾਣਯੋਗ ਗਵਰਨਰ ਡੀਇਡਰਾ ਹੈਡਰਿਕਸ, ਮਾਈਕ ਮੋਵਰ ਗਵਰਨਰ ਦੇ ਸਲਾਹਕਾਰ, ਐਂਥਨੀ ਲੂਬੋਟ ਸਟੇਟ ਪ੍ਰਤੀਨਿਧੀ, ਮਾਈਕ ਕੈਰੀ ਸਾਲਟ ਲੇਕ ਕਾਊਟੀ ਰਿਪਬਲੀਕਨ ਚੇਅਰ, ਕਰਿਸ ਨਾਲ ਸਾਲਟ ਲੇਕ ਕਾਊਟੀ ਸਕੱਤਰ, ਕਾਂਗਰਸਵੂਮਨ ਸਲੇਸਟ ਮੈਲੋਈ, ਜੈਕ ਸ਼ੈਪਰਡ, ਕਾਰਲੋਸ ਮੋਰੈਨੋ ਆਦਿ ਹੋਰ ਵੀ ਕਈ ਸਰਕਾਰੀ ਪ੍ਰਤੀਨਿਧੀਆਂ ਨੇ ਸਮਾਗਮ ਨੂੰ ਸੰਬੋਧਨ ਕੀਤਾ | ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਕੁਰਬਾਨੀ ਨੂੰ ਸਿਜਦਾ ਕੀਤਾ | ਇਨ੍ਹਾਂ ਬੁਲਾਰਿਆਂ ਨੇ ਕਿਹਾ ਕਿ ਦੁਨੀਆ ਦੇ ਇਤਿਹਾਸ ਵਿਚ ਐਸੀ ਲਾਸਾਨੀ ਸ਼ਹਾਦਤ ਹੋਰ ਕਿਤੇ ਨਹੀਂ ਮਿਲਦੀ | ਬੁਲਾਰਿਆਂ ਨੇ ਕਿਹਾ ਕਿ ਸਿੱਖ ਧਰਮ ਵਿਚ ਮਨੁੱਖਤਾ ਦੀ ਸੇਵਾ, ਸੱਚੀ-ਸੁੱਚੀ ਕਿਰਤ ਕਰਨਾ ਅਤੇ ਵੰਡ ਛੱਕਣਾ ਅਤੇ ਇਕ ਪਰਮਾਤਮਾ ਦਾ ਨਾਮ ਜਪਨ ਦੀ ਖ਼ਾਸ ਮਹੱਤਤਾ ਹੈ | ਸਿੱਖ ਕੌਮ ਲੋੜਵੰਦਾਂ ਦੀ ਮਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੀ ਹੈ | ਪਾਸ ਕੀਤੇ ਮਤੇ ਵਿਚ ਕਿਹਾ ਗਿਆ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ 24 ਨਵੰਬਰ, 1675 ਨੂੰ ਆਪਣੇ ਤਿੰਨ ਸਿੱਖਾਂ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਸਮੇਤ ਦੂਜਿਆਂ ਦੇ ਜਬਰੀ ਧਰਮ ਪਰਿਵਰਤਨ ਨੂੰ ਰੋਕਣ ਲਈ ਅਤੇ ਮਨੁੱਖਤਾ ਖਾਤਰ ਰਾਖੇ ਬਣ ਕੇ ਆਪਣੀ ਸ਼ਹਾਦਤ ਦਿੱਤੀ | ਸੂਬੇ ਦੀ ਰਾਜਧਾਨੀ ਬਿਲਡਿਗ ਵਿਚ ਹੋਏ ਇਸ ਇਤਿਹਾਸਕ ਸਮਾਗਮ ਵਿਚ ਅਮਰੀਕਾ ਦੀਆਂ ਪ੍ਰਸਿੱਧ ਸਿੱਖ ਸ਼ਖ਼ਸੀਅਤਾਂ ਹਾਜ਼ਰ ਸਨ, ਜਿਨ੍ਹਾਂ ਵਿਚ ਹਿੰਮਤ ਸਿੰਘ ਕੋਆਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ, ਡਾ. ਪਿ੍ਤਪਾਲ ਸਿੰਘ (ਸਿੱਖ ਰਾਕਸ ਕਮੇਟੀ), ਹਰਜਿੰਦਰ ਸਿੰਘ, ਜਰਮਨਜੀਤ ਸਿੰਘ, ਅਮਰੀਕ ਸਿੰਘ, ਹਰਮਿੰਦਰ ਸਿੰਘ ਆਹਲੂਵਾਲੀਆ ਕੋਆਰਡੀਨੇਟਰ (ਹਿਊਮਨ ਰਾਈਟਸ ਕਾਊਾਸਿਲ ਵਰਲਡ ਸਿੱਖ ਪਾਰਲੀਮੈਂਟ), ਜਸਵੰਤ ਸਿੰਘ ਹੋਠੀ ਪ੍ਰਧਾਨ ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਭਗਤ ਸਿੰਘ ਡੇਕਵਾਲਾ, ਪੈਨਸਲਵੇਨਿਆ, ਜਗਰਾਜ ਸਿੰਘ ਨਿਊ ਜਰਸੀ, ਸੁਰਜੀਤ ਸਿੰਘ ਕੁਲਾਰ, ਬੂਟਾ ਸਿੰਘ ਖੜੋਦ ਆਗੂ ਅਕਾਲੀ ਦਲ ਮਾਨ, ਸਿਆਟਲ ਤੋਂ ਸਿੱਖ ਬੁੱਧੀਜੀਵੀ ਸਤਪਾਲ ਸਿੰਘ ਪੁਰੇਵਾਲ, ਅਕਾਲੀ ਦਲ ਮਾਨ ਆਗੂ ਇੰਦਰਪਾਲ ਸਿੰਘ ਨਿਰਦੋਸ਼, ਰਾਜਿੰਦਰ ਸਿੰਘ ਅਤੇ ਗੁਰਮੇਲ ਸਿੰਘ ਨਿਊਯਾਰਕ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਤਿੰਨ ਵੱਖ-ਵੱਖ ਸਨਮਾਨ ਪੱਤਰ ਸਰਕਾਰੀ ਤੌਰ 'ਤੇ ਦਿੱਤੇ ਗਏ | ਇਸ ਮੌਕੇ ਸਿੱਖ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਗੁਰੂ ਸਾਹਿਬ ਨੂੰ ਸ਼ਰਧਾ ਭੇਟ ਕੀਤੀ ਗਈ | ਇਸ ਮੌਕੇ ਸਟੇਟ ਐਸੰਬਲੀ ਅਹਾਤੇ ਵਿਚ 1984 ਦੇ ਸਿੱਖ ਨਸਲਕੁਸ਼ੀ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਨੂੰ ਸਰਕਾਰੀ ਅਧਿਕਾਰੀਆਂ ਅਤੇ ਸਟੇਟ ਦੇ ਹੋਰ ਅਧਿਕਾਰੀਆਂ ਵਲੋਂ ਬੜੇ ਧਿਆਨ ਨਾਲ ਦੇਖਿਆ ਗਿਆ |