ਟੋਰਾਂਟੋ, 15 ਜੁਲਾਈ (ਹਰਜੀਤ ਸਿੰਘ ਬਾਜਵਾ)-ਬਰੈਂਪਟਨ ਸ਼ਹਿਰ ਦਾ ਸਲਾਨਾ 3 ਦਿਨਾਂ ਬਹੁ-ਸੱਭਿਆਚਾਰਕ ਮੇਲਾ 'ਕੈਰਾਬ੍ਰਹਮ' ਪੂਰੀ ਸ਼ਾਨੋ ਸ਼ੌਕਤ ਤੇ ਸੱਭਿਆਚਾਰਕ ਵੰਨਗੀਆਂ ਦੀਆਂ ਖੁਸ਼ਬੋਆਂ ਖਿਲਾਰਦਾ ਸਮਾਪਤ ਹੋਇਆ, ਬਰੈਂਪਟਨ ਸਿਟੀ ਦੀ ਅਗਵਾਈ ਹੇਠ ਕਰਵਾਏ ਜਾਣ ਵਾਲੇ ਇਸ ਬਹੁ ਸੱਭਿਆਚਾਰਕ ਮੇਲੇ 'ਚ ਭਾਂਵੇਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦਾ ਸੱਭਿਆਚਾਰ ਵੇਖਣ ਨੂੰ ਮਿਲਿਆ ਪਰ ਜੋ ਧਮਾਲਾਂ ਪੰਜਾਬ ਪਵੇਲੀਅਨ ਦੇ ਪੰਜਾਬੀ ਰੰਗ ਨੇ ਪਾਈਆਂ ਉਸ ਲਈ ਮੇਲੇ ਦੇ ਪ੍ਰਬੰਧਕ ਤੇ ਪ੍ਰਸੰਸਕ ਵਧਾਈ ਦੇ ਪਾਤਰ ਹਨ | ਬਰੈਂਪਟਨ ਦੇ 'ਬਰੈਂਪਟਨ ਕਰਲਿੰਗ ਕਲੱਬ' 'ਚ ਲੱਗੇ ਪੰਜਾਬ ਪਵੇਲੀਅਨ ਦੀ ਦਿਖ ਹੀ ਵੱਖਰੀ ਸੀ ਜਿੱਥੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕੀਤੀ, ਝਨਾਬ, ਸਤਲੁਜ, ਰਾਵੀ, ਬਿਆਸ ਤੇ ਜੇਹਲਮ ਦੀ ਗੱਲ ਹੋਈ, ਲਾਹੌਰ ਅਤੇ ਅੰਮਿ੍ਤਸਰ ਦੀਆਂ ਗੱਲਾਂ ਹੋਈਆਂ ਕਿਉਂਕਿ ਇਸ ਮੌਕੇ ਦੋਵਾਂ ਪੰਜਾਬਾਂ ਨਾਲ ਸੰਬੰਧਿਤ ਲੋਕ ਤੇ ਕਲਾਕਾਰ ਇਤਫਾਕਨ ਹੀ ਇਕੋ ਮੰਚ 'ਤੇ ਇਕੱਠੇ ਹੋਏ ਸਨ | ਜਿੱਥੇ ਲੋਕ ਗਾਇਕ ਹੁਸਨੈਨ ਅਕਬਰ ਕੋਲੋਂ ਬਾਰ ਬਾਰ ਹੀਰ ਸੁਣਾਈ ਗਈ ਉੱਥੇ ਹੀ ਗੁਰਪ੍ਰਭ ਕੌਰ ਸੰਧੂ ਕੋਲੋਂ ਉਸਦੀ ਮਿੱਠੀ ਆਵਾਜ਼ 'ਚ ਗਾਏ ਗਾਣਿਆਂ 'ਤੇ ਬੀਬੀਆਂ ਨੇ ਭੰਗੜਾ ਵੀ ਪਾਇਆ | ਜਦਕਿ ਕੈਨੇਡਾ ਦੀ ਭੰਗੜੇ ਅਤੇ ਗਿੱਧੇ ਦੀ ਅਕੈਡਮੀ ਨੱਚਦੀ ਜਵਾਨੀ ਦੇ ਗੱਭਰੂਆਂ, ਮੁਟਿਆਰਾਂ ਅਤੇ ਬੱਚਿਆਂ ਨੇ ਤਿੰਨੇ ਦਿਨ ਅਜਿਹੀਆਂ ਧਮਾਲਾਂ ਪਾਈਆਂ ਕਿ ਸੱਚਮੁੱਚ ਹੀ ਧਰਤੀ ਹਿਲਾ ਕੇ ਰੱਖ ਦਿੱਤੀ | ਸਾਂਝੇ ਪੰਜਾਬ ਦੀ ਗੱਲ ਕਰਨ ਵਾਲਾ ਪਲੇਟਫਾਰਮ ਬਣਿਆ ਪੰਜਾਬ ਪਵੇਲੀਅਨ ਮਾਲਟਨ ਵੂਮੈਨ ਕੌਂਸਲ ਦੀ ਅਗਵਾਈ ਹੇਠ ਪਾਕਿਸਤਾਨੀ ਅਤੇ ਭਾਰਤੀ ਪੰਜਾਬ ਦੀਆਂ ਬੀਬੀਆਂ ਵਲੋਂ ਕੱਢੀ ਜਾਗੋ ਅਤੇ ਗਿੱਧੇ ਦੀਆਂ ਹੋਰ ਪੇਸ਼ਕਾਰੀਆਂ ਨਾਲ ਹੋਰ ਵੀ ਸੁਹਾਵਣਾਂ ਬਣਿਆ, ਨਾਹਰ ਔਜਲਾ ਦੀ ਟੀਮ ਵਲੋਂ ਖੇਡਿਆ ਨਾਟਕ ਵੀ ਪਸੰਦ ਕੀਤਾ ਗਿਆ ਅਤੇ ਲੋਕ ਗਾਇਕ ਵਿਨੋਦ ਹਰਪਾਲਪੁਰੀ, ਜਿੰਦ ਸਿੰਘ ਅਤੇ ਹੋਰ ਗਾਇਕਾਂ ਵਲੋਂ ਪੇਸ਼ ਕੀਤੀ ਗਾਇਕੀ ਵੀ ਬੇਹੱਦ ਪਸੰਦ ਕੀਤੀ ਗਈ | ਇਸ ਦੌਰਾਨ ਕਵੀ ਦਰਬਾਰ ਵੀ ਹੋਇਆ | ਮੁਸਲਿਮ ਧਰਮ 'ਚ ਜੰਮੀਪਲੀ ਅਤੇ ਪਾਕਿਸਤਾਨ 'ਚ ਰਹਿ ਕੇ ਗੁਰੂ ਨਾਨਕ ਦੇਵ ਜੀ ਦੀ ਜੀਵਨੀ 'ਤੇ ਪੀ ਐੱਚ ਡੀ ਕਰਨ ਵਾਲੀ ਬੀਬੀ ਸੁਮੈਰਾ ਸਫ਼ਦਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਜਿਨ੍ਹਾਂ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦੇ ਕਈ ਪਹਿਲੂਆਂ ਬਾਰੇ ਸਾਂਝ ਪਾਈ | ਸੰਸਥਾ ਦੇ ਫਾਊਾਡਰ ਸੰਸਥਾਪਕ ਪਿ੍ਤਪਾਲ ਸਿੰਘ ਚੱਗਰ, ਡਾ. ਦਲਬੀਰ ਸਿੰਘ ਕਥੂਰੀਆ, ਮੇਜਰ ਨਾਗਰਾ, ਅਹਿਸਾਨ ਖੰਡੇਕਰ, ਡਾ. ਅਮਰਦੀਪ ਸਿੰਘ ਬਿੰਦਰਾ, ਰੀਤਿਕਾ ਗਰਗ, ਲਵਲੀਨ ਸੰਧੂ, ਸੁਰਜੀਤ ਕੌਰ ਤੇ ਹੋਰਨਾਂ ਦੀ ਮਿਹਨਤ ਸਦਕਾ ਤਿੰਨ ਦਿਨ ਚੱਲੇ ਇਸ ਸਮਾਗਮ ਨੇ ਆਪਣੀ ਵੱਖਰੀ ਹੀ ਥਾਂ ਬਣਾਂ ਲਈ | ਇਸ ਮੌਕੇ ਪੀਲ ਡਿਸਟਿ੍ਕਟ ਬੋਰਡ ਦੇ ਡਿਪਟੀ ਚੇਅਰਮੈਨ ਸਤਪਾਲ ਸਿੰਘ ਜੌਹਲ, ਪੱਤਰਕਾਰ ਜਸਵਿੰਦਰ ਸਿੰਘ ਬਿੱਟਾ, ਵਿਧਾਇਕ ਅਮਰਜੋਤ ਸਿੰਘ ਸੰਧੂ, ਹਰਦੀਪ ਗਰੇਵਾਲ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਾਨ, ਡਿਪਟੀ ਚੇਅਰਮੈਨ ਹਰਕੀਰਤ ਸਿੰਘ, ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਤੇ ਵੱਡੀ ਗਿਣਤੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ | ਮੇਲੇ ਦੌਰਾਨ ਪੰਜਾਬੀ ਧੜਕਣ ਟੀ.ਵੀ. ਦੇ ਸੰਚਾਲਕ ਗੁਰਸ਼ਰਨ ਮਾਨ, ਨੱਚਦੀ ਜਵਾਨੀ ਤੋਂ ਇਕਬਾਲ ਵਿਰਕ, ਜੱਸੀ, ਹਰਨਨ ਗਰੇਵਾਲ, ਸੰਦੀਪ ਬਰਾੜ, ਕੇ.ਐਲ. ਸੋਢੀ, ਡਾ. ਦਵਿੰਦਰ ਸਿੰਘ ਲੱਧੜ, ਤੇ ਹੋਰਨਾਂ ਦਾ ਵੀ ਬੇਹੱਦ ਸਹਿਯੋਗ ਰਿਹਾ |