ਅਮਰੀਕਾ 'ਚ 'ਇਮੀਗ੍ਰੇਸ਼ਨ ਸੁਧਾਰਾਂ' ਦੇ ਨਾਂਅ ਹੇਠ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਚਲਾਈ ਜਾ ਰਹੀ 'ਇਮੀਗ੍ਰੇਸ਼ਨ ਕਰੈਕਡਾਊਨ' ਪ੍ਰਕਿਰਿਆ ਵਿਚ ਜਿਵੇਂ ਕਈ ਦਵਾਈਆਂ ਦੇ ਸਾਈਡ ਇਫੈਕਟ ਵਧੇਰੇ ਹੁੰਦੇ ਹਨ, ਅਜਿਹਾ ਹੀ ਇਮੀਗ੍ਰੇਸ਼ਨ ਵਿਚ ਸਖ਼ਤੀ ਤੋਂ ਬਾਅਦ ਵੇਖਣ ਨੂੰ ਮਿਲ ਰਿਹਾ ਹੈ। ਅਮਰੀਕਾ 'ਚ ਮਨੋਰੰਜਨ ਸਾਧਨਾਂ ਦੇ, ਖਾਸ ਕਰਕੇ ਪੰਜਾਬੀਆਂ ਦੇ ਸ਼ੌਕ ਮੱਧਮ ਪੈਣ ਲੱਗੇ ਹਨ। ਪਿਛਲੇ ਕਰੀਬ 10 ਮਹੀਨਿਆਂ ਵਿਚ ਜਦੋਂ ਦੀ ਟਰੰਪ ਨੇ ਅਮਰੀਕਾ ਦੀ ਵਾਗਡੋਰ ਸੰਭਾਲੀ ਹੈ, ਤੀਆਂ ਦੇ ਮੇਲਿਆਂ ਤੋਂ ਸਿਵਾ ਕੋਈ ਵੱਡੇ ਸਭਿਆਚਾਰਕ ਮੇਲੇ ਵੇਖਣ ਨੂੰ ਨਹੀਂ ਮਿਲੇ। ਹਾਂ, ਕੁਝ ਥਾਵਾਂ 'ਤੇ ਕਬੱਡੀ ਕੱਪ ਜ਼ਰੂਰ ਹੋਏ ਹਨ, ਪਰ ਇਨ੍ਹਾਂ ਕਬੱਡੀ ਕੱਪਾਂ 'ਚ ਇਹ ਜ਼ਰੂਰ ਹੈ ਕਿ ਬਹੁਤ ਸਾਰੇ ਦਰਸ਼ਕ, ਕਬੱਡੀ-ਪ੍ਰੇਮੀ ਕਾਫੀ ਸੋਚ ਸਮਝ ਕੇ ਗਏ ਹਨ, ਕਈ ਥਾਵਾਂ 'ਤੇ ਦੁਪਹਿਰ ਤੋਂ ਬਾਅਦ ਦਰਸ਼ਕਾਂ ਦੀ ਗਿਣਤੀ ਵਧਣੀ ਸ਼ੁਰੂ ਹੋਈ ਕਿਉਂਕਿ ਕਬੱਡੀ ਦੇ ਸ਼ੌਕੀਨਾਂ ਨੂੰ ਜਿਨ੍ਹਾਂ ਕੋਲ ਕਾਗਜ਼ ਪੱਤਰਾਂ ਦੀ ਘਾਟ ਸੀ, ਉਨ੍ਹਾਂ ਨੂੰ ਇਹ ਚਿੰਤਾ ਸੀ ਕਿ ਕਿਤੇ ਆਈਸ ਵਾਲੇ ਉੱਥੇ ਪੁੱਜੇ ਹੋਏ ਨਾ ਹੋਣ। ਜੇ ਧਿਆਨ ਨਾਲ ਵੇਖੋ ਤਾਂ ਪਿਛਲੇ ਲੰਬੇ ਅਰਸੇ ਤੋਂ ਅਮਰੀਕਾ 'ਚ ਪੰਜਾਬੀ ਸੱਭਿਆਚਾਰਕ ਪ੍ਰੋਗਰਾਮਾਂ ਦੀ ਜਾਂ ਸੰਗੀਤਕ ਪ੍ਰੋਗਰਾਮਾਂ ਦੀ ਇੱਕ ਤਰ੍ਹਾਂ ਨਾਲ ਝੜੀ ਲੱਗੀ ਰਹੀ ਹੈ। ਨਾਮੀ ਵੱਡੇ -ਵੱਡੇ ਗਵੱਈਏ ਅਮਰੀਕਾ 'ਚ ਪੰਜਾਬੀਆਂ ਦੇ ਮਨੋਰੰਜਨ ਲਈ ਲਗਾਤਾਰ ਆਉਂਦੇ ਰਹੇ ਹਨ ਪਰ ਪਿਛਲੇ 9-10 ਮਹੀਨਿਆਂ ਵਿਚ ਅਜਿਹੀ ਸਰਗਰਮੀ ਵੇਖਣ ਨੂੰ ਨਹੀਂ ਮਿਲੀ। ਇਸ ਦੇ ਕਈ ਕਾਰਨ ਹਨ। ਪਹਿਲੀ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਇਨ੍ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਹੁੰਦਾ ਸੀ, ਉਨ੍ਹਾਂ ਨੂੰ ਆਪ ਕਈ ਚਿੰਤਾਵਾਂ ਲੱਗੀਆਂ ਹੋਈਆਂ ਹਨ। ਕਾਰੋਬਾਰ ਦੀਆਂ ਚਿੰਤਾਵਾਂ ਨੇ, ਭਵਿੱਖ ਦੀਆਂ ਚਿੰਤਾਵਾਂ ਨੇ, ਦੂਸਰਾ ਕਿ ਜਿਹੜੇ ਨਵੇਂ ਮੁੰਡੇ ਅਮਰੀਕਾ ਗਏ ਸਨ, ਜਿਨ੍ਹਾਂ ਦਾ ਗਾਇਕਾਂ ਪ੍ਰਤੀ, ਪ੍ਰੋਗਰਾਮਾਂ ਪ੍ਰਤੀ ਬੜਾ ਲਗਾਓ ਸੀ। ਉਹ ਹੁੰਮ-ਹੁਮਾ ਕੇ ਪੁੱਜਦੇ ਸਨ, ਤੇ ਟਿਕਟਾਂ ਵੀ ਖਰੀਦਦੇ ਸਨ, ਸਪਾਂਸਰਸ਼ਿਪ ਦਿੰਦੇ ਸਨ, ਉਹ ਹੁਣ ਮਜਬੂਰਨ ਬੇਮੁੱਖ ਹੋ ਰਹੇ ਹਨ। ਇਹ ਕਹਿਣ 'ਚ ਵੀ ਕੋਈ ਹਰਜ਼ ਨਹੀਂ ਕਿ ਅਜਿਹੇ ਕਾਰਜਾਂ 'ਚ ਅਮਰੀਕਾ ਦੀ ਖੁਸ਼ਹਾਲ ਟਰੱਕਿੰਗ ਟਰਾਂਸਪੋਰਟ ਸਨਅਤ ਨਾਲ ਜੁੜੇ ਹੋਏ ਲੋਕ ਇਨ੍ਹਾਂ ਟਰੱਕ ਡਰਾਈਵਰ ਭਰਾ ਵੀ ਉਤਸ਼ਾਹ ਨਾਲ ਸ਼ਾਮਿਲ ਸਨ, ਅੱਗੇ ਹੋ ਕੇ ਸੰਗੀਤਕ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਦੇ ਸਨ, ਪਰ ਹੁਣ ਤਾਂ ਉਨ੍ਹਾਂ ਨੂੰ ਆਪਣੇ ਕਾਰੋਬਾਰ ਦਾ ਫਿਕਰ ਲੱਗਾ ਹੋਇਆ ਹੈ। ਇਹੀ ਇਨ੍ਹਾਂ ਪ੍ਰੋਗਰਾਮਾਂ 'ਚ ਦਾ ਵੱਡਾ ਹਿੱਸਾ ਰਹੇ ਹਨ ਪਰ ਹੁਣ ਜਿਸ ਤਰ੍ਹਾਂ ਦੀਆਂ ਚਿੰਤਾਵਾਂ ਨੇ, ਜਿਸ ਤਰ੍ਹਾਂ ਦੇ ਹਾਲਾਤ ਨੇ, ਇਸ ਦਰਮਿਆਨ ਸ਼ਾਇਦ ਮਨੋਰੰਜਨ ਤੇ ਚਾਵਾਂ ਦੀ ਪੂਰਤੀ ਵੱਲ ਬਹੁਤਾ ਧਿਆਨ ਜਾ ਹੀ ਨਹੀਂ ਰਿਹਾ। ਦੂਸਰਾ ਵੱਡਾ ਕਾਰਨ ਹੈ ਕਿ ਟਰੰਪ ਪ੍ਰਸ਼ਾਸਨ ਵਲੋਂ ਵੀਜ਼ਾ ਪ੍ਰਣਾਲੀ ਵਿਚ ਕੀਤੀ ਗਈ ਸਖ਼ਤੀ ਵੀ ਇੱਕ ਮਹੱਤਵਪੂਰਨ ਗੱਲ ਮੰਨੀ ਜਾ ਸਕਦੀ ਹੈ ਕਿਉਂਕਿ ਅਜਿਹੇ ਸ਼ੋਆਂ ਲਈ 'ਪੀ-3' ਵੀਜ਼ੇ ਦੀ ਲੋੜ ਹੁੰਦੀ ਹੈ, ਜੋ ਇੱਕ ਪਟੀਸ਼ਨ ਪਾਉਣ ਤੋਂ ਬਾਅਦ ਹਾਸਿਲ ਹੁੰਦਾ ਹੈ। ਪਹਿਲੀ ਗੱਲ ਇਹ ਹੈ ਕਿ ਇਹਨਾਂ ਪਟੀਸ਼ਨਾਂ ਦੀ ਮਨਜ਼ੂਰੀ ਹੀ ਹੁਣ ਸੁਖਾਲੀ ਨਹੀਂ ਹੁੰਦੀ। ਹਾਂ, ਕਿਸੇ ਪਟੀਸ਼ਨ ਦੀ ਮਨਜ਼ੂਰੀ ਮਿਲ ਵੀ ਗਈ ਹੋਵੇ ਤਦ ਵੀ ਇਹ ਸੌਖਾ ਨਹੀਂ ਹੈ ਕਿ ਤੁਹਾਨੂੰ ਇੰਟਰਵਿਊ ਲਈ ਤਾਰੀਖ ਛੇਤੀ ਮਿਲੇ। ਕਈ-ਕਈ ਸਾਲ ਦੀਆਂ ਤਰੀਕਾਂ ਪੈ ਰਹੀਆਂ ਹਨ। ਵੀਜ਼ਾ ਮਿਲਣਾ ਤਾਂ ਬੀਤੇ ਦੀ ਗੱਲ ਹੋ ਕੇ ਰਹਿ ਗਈ ਹੈ ਤੇ ਇਸੇ ਕਰਕੇ ਵਪਾਰਕ ਪ੍ਰੋਗਰਾਮ ਪੇਸ਼ ਕਰਨ ਦੀ ਸਥਿਤੀ ਬਣ ਹੀ ਨਹੀਂ ਰਹੀ। ਇਕ ਹੋਰ ਗੱਲ ਇਹ ਹੈ ਕਿ ਹੁਣ ਕੋਈ ਵੀ ਪ੍ਰਮੋਟਰ ਇਨ੍ਹਾਂ ਹਾਲਾਤ 'ਚ ਕੋਈ ਜੋਖ਼ਮ ਲੈਣ ਲਈ ਤਿਆਰ ਨਹੀਂ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਲੋਕਾਂ ਦਾ ਮਨੋਰੰਜਨ ਤੋਂ ਧਿਆਨ ਬਿਲਕੁਲ ਪਰ੍ਹਾਂ ਹੁੰਦਾ ਜਾ ਰਿਹਾ ਹੈ ਕਿਉਂਕਿ ਹਰ ਬੰਦਾ ਚਾਹੇ ਉਹ ਪੇਪਰਾਂ ਨਾਲ ਹੈ , ਚਾਹੇ ਪੇਪਰਾਂ ਤੋਂ ਬਗ਼ੈਰ, ਉਸਦੀਆਂ ਚਿੰਤਾਵਾਂ ਵਧ ਰਹੀਆਂ ਨੇ ਤੇ ਉਹ ਮਾਨਸਿਕ ਤਣਾਅ 'ਚ ਹੈ। ਕਿਉਂਕਿ ਵੱਡੀ ਗਿਣਤੀ ਵਿਚ ਇਮੀਗ੍ਰੇਸ਼ਨ ਦੇ ਛਾਪਿਆਂ ਨੇ ਸਥਿਤੀ ਹੀ ਬਦਲ ਕੇ ਰੱਖ ਦਿੱਤੀ ਹੈ। ਟੈਰਿਫਾਂ ਕਾਰਨ ਮਹਿੰਗਾਈ ਗਲ-ਗਲ ਤੱਕ ਅੱਪੜ ਗਈ ਹੈ। ਉਦਾਹਰਨ ਵਜੋਂ ਗੋਭੀ ਦਾ ਇੱਕ ਨਿੱਕਾ ਜਿਹਾ ਫੁੱਲ ਹੀ 4-5 ਡਾਲਰ (ਚਾਰ-ਸਾਢੇ ਚਾਰ ਸੌ ਰੁਪਏ) ਨੂੰ ਵਿਕ ਰਿਹਾ ਹੈ। ਖੇਤਾਂ 'ਚ ਕਾਮਿਆਂ ਦੀ ਕਮੀ ਆ ਗਈ ਹੈ। ਕਾਰੋਬਾਰਾਂ ਦੀ ਰਫ਼ਤਾਰ ਮੱਧਮ ਪੈ ਗਈ ਹੈ। ਅਜਿਹੇ 'ਚ ਮਨੋਰੰਜਨ ਸ਼ੋਆਂ ਵੱਲ ਧਿਆਨ ਕਿਵੇਂ ਜਾਏਗਾ। ਜੇ ਪਿਛਲੇ ਅਰਸੇ ਦੌਰਾਨ ਕੁਝ ਗਾਇਕਾਂ ਜਾਂ ਗਾਇਕਾਵਾਂ ਨੇ ਅਮਰੀਕਾ 'ਚ ਸ਼ੋਅ ਕੀਤੇ ਵੀ ਹੋਣਗੇ ਤਾਂ ਇਸ ਬਾਰੇ ਇਹ ਕਹਿ ਸਕਦੇ ਹਾਂ ਕਿ ਇਹ ਲੋਕ ਜਾਂ ਤਾਂ ਉਥੇ ਵਸਣ ਵਾਲੇ ਜਾਂ ਕੈਨੇਡਾ ਵਸਣ ਵਾਲੇ ਹੋ ਸਕਦੇ ਨੇ ਤੇ ਜਾਂ ਜਿਨ੍ਹਾਂ ਨੇ ਆਪਣੇ ਆਪ ਨੂੰ ਖ਼ਤਰੇ 'ਚ ਪਾ ਕੇ 10 ਸਾਲ ਦੇ ਬੀ-1,ਬੀ-2 ਵੀਜ਼ਾ 'ਤੇ ਜਿਸ ਨੂੰ 'ਟੂਰਿਸਟ ਵੀਜ਼ਾ' ਕਹਿੰਦੇ ਨੇ, ਉਹਦੇ 'ਤੇ ਜਾ ਕੇ, ਚੋਰੀ-ਛਿਪੇ ਪੇਸ਼ਕਾਰੀ ਕਰ ਕੇ ਉਹ ਵਾਪਸ ਆ ਗਏ ਹੋਣਗੇ ਪਰ ਜਿਸ ਤਰ੍ਹਾਂ ਦੇ ਹਾਲਾਤ ਹਨ, ਇਸ ਤਰ੍ਹਾਂ ਕਰਨਾ ਖ਼ਤਰੇ ਤੋਂ ਖਾਲੀ ਹੀ ਨਹੀਂ, ਸਗੋਂ ਭਵਿੱਖ ਵਿਚ ਰੁਕਾਵਟਾਂ ਦਾ ਕਾਰਨ ਵੀ ਬਣ ਸਕਦਾ ਹੈ। ਕੁਝ ਇੱਕ ਗਾਇਕ ਪਿਛਲੇ ਅਰਸੇ ਦੌਰਾਨ ਅਜਿਹੀ ਗੁਸਤਾਖ਼ੀ ਦਾ ਸੰਤਾਪ ਹੰਢਾਅ ਵੀ ਰਹੇ ਹਨ, ਜਿਨਾਂ ਨੂੰ ਅਮਰੀਕਾ ਨੇ ਮੁੜ ਕੇ 'ਪੀ-3 ਵੀਜ਼ਾ' ਦੇਣ ਤੋਂ ਸਾਫ ਮਨ੍ਹਾਂ ਕਰ ਦਿੱਤਾ ਹੈ। ਅਸਲ ਸੱਚ ਇਹ ਹੈ ਕਿ ਅਮਰੀਕਾ 'ਚ ਪੰਜਾਬੀ ਜਿੱਥੇ ਮਿਹਨਤੀ ਸਨ, ਕਾਰੋਬਾਰ 'ਚ ਅੱਗੇ ਸਨ, ਟਰੱਕਿੰਗ ਇੰਡਸਟਰੀ 'ਚ ਅੱਗੇ ਸਨ, ਗੈਸ ਸਟੇਸ਼ਨਾਂ 'ਚ ਮੂਹਰੀ ਸਨ, ਲਿਕਰ ਸਟੋਰ ਚੰਗੇ ਸਨ,ਖੇਤੀਬਾੜੀ ਚੰਗੀ ਸੀ, ਉਨ੍ਹਾਂ ਪੰਜਾਬੀਆਂ ਲਈ ਇਸ ਵੇਲੇ ਮਨੋਰੰਜਨ ਦੇ ਸਾਧਨਾਂ ਵੱਲ ਮੁੱਖ ਮੋੜਨਾ ਸ਼ਾਇਦ ਅਜੀਬ ਜਿਹੀ ਦਾਸਤਾਨ ਲੱਗ ਰਿਹਾ ਹੈ। ਕਿਉਂਕਿ ਇਹ ਸਾਰਾ ਕੁਝ ਉਦੋਂ ਸੰਭਵ ਹੁੰਦਾ ਹੈ ਜਦੋਂ ਤੁਸੀਂ ਮਾਨਸਿਕ ਤਣਾਓ ਤੋਂ ਮੁਕਤ ਹੋਵੋ,ਜਦੋਂ ਨੱਚਣ ਨੂੰ ਜੀਅ ਕਰਦਾ ਹੋਵੇ, ਜਦੋਂ ਭੰਗੜੇ ਪਾਉਣ ਨੂੰ ਚਿੱਤ ਕਰੇ। ਪਰ ਹਾਲ ਦੀ ਘੜੀ ਅਜਿਹੀ ਸਥਿਤੀ ਨਹੀਂ ਹੈ। ਜਿਨ੍ਹਾਂ ਦੇ ਕਾਰੋਬਾਰ ਚੱਲ ਰਹੇ ਨੇ, ਉਹ ਕੋਈ ਪੈਸਾ ਖਰਚ ਕਰਨ ਨੂੰ ਤਿਆਰ ਨਹੀਂ, ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕਿਹੋ ਜਿਹੇ ਹਾਲਾਤ ਬਣਨ। ਇਸ ਕਰਕੇ ਸਾਰਿਆਂ ਨੇ ਮੁੱਠ ਘੁੱਟ ਲਈ ਹੈ। ਸੋ, ਜਿਹੜੇ ਗਾਇਕ ਜਾਂ ਹੋਰ ਫ਼ਿਲਮਾਂ ਨਾਲ ਸੰਬੰਧਿਤ ਕਲਾਕਾਰ ਆਉਂਦੇ ਸਨ, ਉਨ੍ਹਾਂ ਦੀ ਅਮਰੀਕਾ 'ਚ ਪਹੁੰਚ ਲਗਭਗ ਨਾ ਮਾਤਰ ਹੁੰਦੀ ਜਾ ਰਹੀ ਹੈ। ਹਾਂ, ਜਿਵੇਂ ਹਾਲ ਹੀ ਵਿਚ ਗ਼ਦਰੀ ਬਾਬਿਆਂ ਦੇ ਮੇਲਿਆਂ ਦੌਰਾਨ ਅਨੀਤਾ ਸਬਦੀਸ਼ ਦੇ ਗ਼ਦਰ ਲਹਿਰ ਦੀ ਸ਼ਹੀਦ ਬੀਬੀ ਗੁਲਾਬ ਕੌਰ ਦੇ ਜੀਵਨ 'ਤੇ ਪੇਸ਼ ਸੋਲ੍ਹੋ ਨਾਟਕ ਨੂੰ ਜੀਅ ਭਰ ਕੇ ਪਿਆਰ ਮਿਲਿਆ ਤੇ ਉਸ ਦੀ ਅਦਾਕਾਰੀ ਨੂੰ ਰੱਜ ਕੇ ਪਸੰਦ ਕੀਤਾ ਗਿਆ। ਉਸ ਤੋਂ ਜਾਪਦਾ ਹੈ ਕਿ ਗਦਰੀ ਬਾਬਿਆਂ ਦੀ ਯਾਦ 'ਚ ਲੱਗਣ ਵਾਲੇ ਮੇਲਿਆਂ ਨੂੰ ਵੱਖਰੇ ਤੌਰ 'ਤੇ ਹੀ ਵੇਖਿਆ ਜਾਵੇਗਾ, ਕਿਉਂਕਿ ਇਨ੍ਹਾਂ ਦੇ ਪ੍ਰਬੰਧਕਾਂ ਤੇ ਸਰੋਤਿਆਂ ਦੀ ਇੱਕ ਅਲੱਗ ਹੀ ਦੁਨੀਆ ਹੈ। ਖੁੱਲ੍ਹੇ ਮੈਦਾਨਾਂ 'ਚ ਜਾਂ ਥੀਏਟਰਾਂ 'ਚ ਹੁਣ ਸ਼ੋਆਂ ਦੀ ਗਿਣਤੀ ਨਾ-ਮਾਤਰ ਹੁੰਦੀ ਜਾ ਰਹੀ ਹੈ। ਇਸੇ ਕਰਕੇ ਕਹਿ ਸਕਦੇ ਹਾਂ ਕਿ ਜਦੋਂ ਬੁੱਲ੍ਹੀਆਂ 'ਤੇ ਹਾਸਾ ਨਾ ਹੋਵੇ, ਜਦੋਂ ਮਨ ਖੁਸ਼ ਨਾ ਹੋਵੇ,ਜਦੋਂ ਨੱਚਣ ਨੂੰ ਜੀਅ ਨਾ ਕਰਦਾ ਹੋਵੇ ਤੇ ਜਦੋਂ ਮਨ ਭਾਰਾ ਹੋਵੇ ਤਾਂ ਅਜਿਹੇ ਸ਼ੋਆਂ ਦਾ ਹੋਣਾ ਅਸੰਭਵ ਹੀ ਨਹੀਂ, ਔਖਾ ਵੀ ਹੈ। ਫਿਲਹਾਲ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਸਥਿਤੀ ਛੇਤੀ ਬਣੇਗੀ, ਕਿਉਂਕਿ ਹਾਲਾਤ ਨੂੰ ਵੇਖਦਿਆਂ ਪ੍ਰਮੋਟਰ ਖਾਮੋਸ਼ ਹੋ ਗਏ ਹਨ ਤੇ ਹਾਲ ਦੀ ਘੜੀ ਗਾਇਕਾਂ ਦਾ ਡਾਲਰਾਂ ਨਾਲ ਝੋਲੀ ਭਰਨ ਦਾ ਸੁਪਨਾ ਵੀ ਟੁੱਟਦਾ ਲਗਦਾ ਹੈ। ਪਰ ਆਸ ਤਾਂ ਫਿਰ ਵੀ ਹੈ ਕਿ ਦਿਨ ਪੁਰਾਣੇ ਜਲਦੀ ਪਰਤਣਗੇ।
ਕੰਪਿਊਟਰ ਵਿਗਿਆਨ ਦੀ ਸੱਟ
ਕਈ ਵਾਰੀ ਸਥਿਤੀ ਇਹ ਹੁੰਦੀ ਹੈ ਕਿ ਬੰਦੇ ਨੇ ਗ਼ਲਤੀ ਤਾਂ ਕੀਤੀ ਹੁੰਦੀ ਹੈ ਪਰ ਚੇਤਾ ਭੁੱਲ ਜਾਂਦਾ ਹੈ ਜਾਂ ਇਹ ਮਨ 'ਚ ਕਦੇ ਵੀ ਨਹੀਂ ਆਉਂਦਾ ਕਿ ਇਸ ਗ਼ਲਤੀ ਦਾ ਕਦੇ ਸਮਾਂ ਪਾ ਕੇ ਭਾਰੀ ਹਰਜਾਨਾ ਦੇਣਾ ਪਵੇਗਾ। ਵਿਗਿਆਨਿਕ ਯੁੱਗ ਵਿਚ ਜਿਹੜੀਆਂ ਅਮਰੀਕਾ ਦੀਆਂ ਲੰਬੀਆਂ ਬਾਹਾਂ ਫਿਰ ਕਈਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀਆਂ ਹਨ ਉਨ੍ਹਾਂ 'ਚ ਕਈ ਅਜਿਹੇ ਲੋਕ ਵੀ ਹਨ, ਜਿਨ੍ਹਾਂ ਨੂੰ ਰਹਿੰਦਿਆਂ ਵੀ 40-45 ਸਾਲ ਹੋ ਗਏ ਨੇ, ਕਾਰੋਬਾਰ ਵੀ ਬਹੁਤ ਵੱਡੇ ਨੇ, ਪੈਸੇ ਵੀ ਚਾਰ ਕੋਲ ਹਨ ਤੇ ਕਈਆਂ ਕੋਲ ਦੋ ਤਿੰਨ ਸੌ ਬੰਦਾ ਵੀ ਕੰਮ ਕਰਦਾ ਹੈ। ਪਰ ਇਨ੍ਹਾਂ 'ਚ ਵੀ ਕੁਝ ਗਿਣਤੀ ਅਜਿਹੇ ਲੋਕਾਂ ਦੀ ਹੋ ਸਕਦੀ ਹੈ, ਜਿਨ੍ਹਾਂ ਨੇ ਬਹੁਤ ਦੇਰ ਪਹਿਲਾਂ ਅਮਰੀਕਾ 'ਚ ਸਥਾਈ ਤੌਰ 'ਤੇ ਰਹਿਣ ਲਈ ਕੇਸ ਕੀਤੇ ਸਨ ਪਰ ਉਹ ਕੇਸ ਫੇਲ੍ਹ ਹੋ ਗਏ ਸਨ। ਫਿਰ ਉਨ੍ਹਾਂ ਨੇ ਨਾਂਅ ਬਦਲ ਕੇ ਕੇਸ ਕਰ ਲਏ ਤੇ ਉਨ੍ਹਾਂ 'ਚ ਪਾਸ ਹੋ ਗਏ ਕਿਉਂਕਿ ਉਦੋਂ ਕੰਪਿਊਟਰ ਯੁਗ ਨਹੀਂ ਸੀ ਤੇ ਸਾਰਾ ਕੁਝ ਕਾਗਜ਼ੀ ਕਾਰਵਾਈ ਨਾਲ ਹੁੰਦਾ ਸੀ। ਉਂਗਲਾਂ ਦੇ ਨਿਸ਼ਾਨ ਉਦੋਂ ਵੀ ਲਏ ਜਾਂਦੇ ਸਨ ਪਰ ਪੇਪਰਾਂ 'ਤੇ। ਹੌਲੀ-ਹੌਲੀ ਜਦੋਂ ਕੰਪਿਊਟਰ ਦਾ ਯੁੱਗ ਆਇਆ ਉਦੋਂ ਉਹ ਕਾਗਜ਼ਾਂ ਦਾ ਰਿਕਾਰਡ ਵੀ ਕੰਪਿਊਟਰ ਦੇ ਹਵਾਲੇ ਕਰ ਦਿੱਤਾ ਗਿਆ। ਸਥਿਤੀ ਇਹ ਬਣੀ ਕਿ ਬੰਦਾ ਇੱਕ ਹੈ ਪਰ ਨਾਂਅ ਦੋ ਨਿਕਲਣ ਲੱਗ ਪਏ। ਪਰਦੇ 'ਚ ਸਭ ਚੱਲੀ ਗਿਆ, ਹੁਣ ਇਮੀਗ੍ਰੇਸ਼ਨ ਸਖਤੀ ਦੇ ਦੌਰ 'ਚ ਇੱਕੋ ਹੀ ਬੰਦੇ ਦੇ ਦੋ ਨਾਂਅ ਸਾਹਮਣੇ ਆ ਰਹੇ ਨੇ। ਅਜਿਹੇ ਲੋਕਾਂ ਨੂੰ ਅਮਰੀਕਾ ਸਮਝਦਾ ਹੈ ਕਿ ਇਹ ਫਰਾਡ ਹੈ। ਇਹ 420 ਹੋਈ ਹੈ, ਇਮੀਗ੍ਰੇਸ਼ਨ ਧੋਖੇ ਨਾਲ ਲਈ ਗਈ ਹੈ, ਕਿਉਂ ਨਾ ਇਨ੍ਹਾਂ ਦਾ ਸਾਰਾ ਕੁਝ ਰੱਦ ਕਰ ਕੇ ਇਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਜਾਵੇ। ਕਈ ਕੇਸ ਅਜਿਹੇ ਵਾਪਰੇ ਵੀ ਹਨ, ਟਰੰਪ ਦੇ ਨਵੇਂ ਇਮੀਗ੍ਰੇਸ਼ਨ ਕਰੈਕਡਾਊਨ ਦੌਰਾਨ। ਪਰ ਦੁੱਖ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੰਨੇ ਵੱਡੇ-ਵੱਡੇ ਮਹਿਲਾਂ ਵਰਗੇ ਘਰ ਨੇ, ਵੱਡੇ-ਵੱਡੇ ਕਾਰੋਬਾਰ ਨੇ, ਬੱਚੇ ਸੈਟਲਡ ਨੇ ਤੇ ਚੰਗੀਆਂ ਕਾਰਾਂ ਨੇ, ਬਾਦਸ਼ਾਹਾਂ ਵਰਗੀ ਜ਼ਿੰਦਗੀ ਹੈ ਤੇ ਉਨ੍ਹਾਂ ਨੂੰ ਸੁਪਨਾ ਵੀ ਨਹੀਂ ਆਇਆ ਹੋਣਾ ਕਿ ਕਦੇ ਵਕਤ ਆਇਆ ਤਾਂ ਏਦਾਂ ਵੀ ਹੋ ਸਕਦਾ ਹੈ। ਸੋ, ਇਹ ਸਥਿਤੀ ਕਈਆਂ ਲਈ ਇੱਕ ਵੱਖਰੇ ਕੋਣ ਤੋਂ ਚਿੰਤਾ ਦਾ ਕਾਰਨ ਬਣੀ ਹੋਈ ਹੈ। ਇਸ ਵੇਲੇ ਇਹ ਮੰਨਿਆ ਜਾ ਸਕਦਾ ਹੈ ਕਿ ਸਿਰਫ ਉਹ ਲੋਕ ਹੀ ਪ੍ਰੇਸ਼ਾਨ ਨਹੀਂ, ਜਿਨ੍ਹਾਂ ਕੋਲ ਪੇਪਰ ਨਹੀਂ ਹਨ ਸਗੋਂ ਉਹ ਲੋਕ ਵੀ ਪ੍ਰੇਸ਼ਾਨ ਹਨ ਜਿਹੜੇ ਪੱਕੇ ਨੇ, ਜਿਹੜੇ ਸਿਟੀਜ਼ਨ ਹਨ ਤੇ ਰਹਿੰਦੇ ਵੀ ਬੜੇ ਚਿਰਾਂ ਤੋਂ ਹਨ। ਪਰ ਇਸ ਦੌਰ 'ਚ ਆ ਕੇ ਕਈ ਕੁਝ ਨਵਾਂ ਸਾਹਮਣੇ ਆਉਣ ਲੱਗਾ ਹੈ। ਸੋ, ਇਹ ਤਕਨੀਕ ਦੀ ਮਾਰ ਜਿਨ੍ਹਾਂ ਨੂੰ ਪਵੇਗੀ, ਉਨ੍ਹਾਂ ਨੂੰ ਤਾਂ ਭਵਿੱਖ ਦਾ ਫਿਕਰ ਵੱਢ-ਵੱਢ ਖਾਵੇਗਾ ਹੀ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਬਾਬੇ ਕੰਪਿਊਟਰ ਦੇ ਹੱਥ ਏਨੇ ਲੰਬੇ ਹੋ ਸਕਦੇ ਹਨ।
-ਈ-ਮੇਲ : ashokbhaura@gmail.com