ਜ਼ਿੰਦਗੀ ਵਿਚ ਇਕ ਵਕਤ ਅਜਿਹਾ ਆਉਂਦੈ, ਜਦੋਂ ਇਹ ਤੈਅ ਕਰਨਾ ਹੁੰਦੈ ਕਿ ਵਰਕਾ ਪਲਟਣਾ ਹੈ ਜਾਂ ਕਿਤਾਬ ਬੰਦ ਕਰਨੀ ਹੈ। ਅਸੀਂ ਕਿਸੇ ਮੌਕੇ ਵਰਕਾ ਪਲਟਣ ਦੀ ਥਾਂ ਕਿਤਾਬ ਬੰਦ ਕਰ ਦਿੰਦੇ ਆਂ, ਜਦੋਂ ਕਿਤਾਬ ਬੰਦ ਕਰਨੀ ਚਾਹੀਦੀ ਤਾਂ ਵਰਕੇ ਪਲਟਦੇ ਰਹਿੰਦੇ ਹਾਂ। ਇਸ ਤਰ੍ਹਾਂ ਤਰਤੀਬ ਖਰਾਬ ਹੋ ਕੇ ਚੀਜ਼ਾਂ ਉਲਟ-ਪੁਲਟ ਹੋ ਜਾਂਦੀਆਂ ਹਨ। ਅਸੀਂ ਅਤੀਤ ਨੂੰ ਵਰਤਮਾਨ ਬਣਾ ਲੈਂਦੇ ਹਾਂ ਤੇ ਫਿਰ ਉਹੀ ਵਰਤਮਾਨ ਸਾਡਾ ਭਵਿੱਖ ਬਣ ਜਾਂਦਾ ਏ। ਜ਼ਿੰਦਗੀ ਇਕੋ ਥਾਂ 'ਤੇ ਖੜ੍ਹੀ ਪ੍ਰਤੀਤ ਹੋਣ ਲੱਗ ਪੈਂਦੀ ਹੈ। ਜਦੋਂ ਆਸ-ਪਾਸ ਦੇ ਲੋਕ ਅੱਗੇ ਲੰਘ ਜਾਂਦੇ ਹਨ ਤਾਂ ਸਾਨੂੰ ਪਿੱਛੇ ਰਹਿ ਜਾਣ ਦਾ ਅਹਿਸਾਸ ਹੁੰਦਾ ਹੈ। ਪਰ ਉਦੋਂ ਤੱਕ ਦੇਰ ਹੋ ਚੁੱਕੀ ਹੁੰਦੀ ਹੈ। ਸਿਆਣੇ ਕਹਿੰਦੇ ਨੇ ਕਿ ਜਦੋਂ ਜਾਗੇ ਉਦੋਂ ਸਵੇਰਾ.. ਪਰ ਦੇਰ ਨਾਲ ਜਾਗੋਗੇ ਤਾਂ ਸਵੇਰ ਵੀ ਦੇਰ ਨਾਲ ਹੀ ਹੋਵੇਗੀ। ਸਾਡੇ ਕੋਲ ਸੀਮਿਤ ਵਕਤ ਹੋਣ ਕਰਕੇ ਚੀਜ਼ਾਂ ਵਕਤ ਸਿਰ ਹੋ ਜਾਣ ਤਾਂ ਬਿਹਤਰ ਹੈ।
ਤੁਸੀਂ ਪੂਰੀ ਜ਼ਿੰਦਗੀ ਨੂੰ ਬਿਹਤਰ ਨਹੀਂ ਬਣਾ ਸਕਦੇ। ਕੁਝ ਦਿਨ, ਕੁਝ ਹਫ਼ਤੇ, ਕੁਝ ਮਹੀਨੇ ਤੇ ਕੁਝ ਸਾਲ ਬਿਹਤਰ ਬਣਾ ਸਕਦੇ ਹੋ। ਪੂਰੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਪੂਰੀ ਜ਼ਿੰਦਗੀ ਖ਼ਰਚ ਕਰਨੀ ਪਵੇਗੀ ਤਾਂ ਜਿਉਣ ਤੇ ਮਾਣਨ ਲਈ ਕੁਝ ਨਹੀਂ ਬਚੇਗਾ। ਇਕ ਦਿਨ ਨੂੰ ਬਿਹਤਰ ਬਣਾਉਣ ਲਈ ਇਕ ਦਿਨ ਦੀਆਂ ਕੋਸ਼ਿਸ਼ਾਂ ਲੱਗਣਗੀਆਂ ਅਤੇ ਇਕ ਘੰਟੇ ਨੂੰ ਬਿਹਤਰ ਬਣਾਉਣ ਲਈ ਇਕ ਘੰਟਾ ਲੱਗੇਗਾ। ਬਿਹਤਰ ਹੋਵੇਗਾ ਕਿ ਜ਼ਿੰਦਗੀ ਨੂੰ ਹਫ਼ਤਿਆਂ ਮਹੀਨਿਆਂ ਤੇ ਸਾਲਾਂ ਤੱਕ ਲੰਮਾ ਖਿੱਚਣ ਦੀ ਬਜਾਏ ਇਸ ਨੂੰ ਇਕ ਦਿਨ ਤੱਕ ਸੀਮਿਤ ਕਰ ਲਈਏ। ਮਤਲਬ ਸਵੇਰ ਦੀ ਜਾਗ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਤੇ ਰਾਤ ਦੀ ਨੀਂਦ ਜ਼ਿੰਦਗੀ ਦਾ ਅੰਤ ਹੋਵੇ, ਸਵੇਰ ਤੋਂ ਰਾਤ ਦੇ ਦਰਮਿਆਨ ਜੋ ਵਕਤ ਹੈ ਉਹੀ ਸਾਡੀ ਜ਼ਿੰਦਗੀ ਹੈ। ਜਿਸ ਦੌਰਾਨ ਸਾਨੂੰ ਮਿਹਨਤ ਨਾਲ ਆਪਣੀਆਂ ਮਨਪਸੰਦ ਸਭ ਚੀਜ਼ਾਂ ਕਰਨੀਆਂ ਚਾਹੀਦੀਆਂ ਹਨ, ਅੱਜ ਦਾ ਕੋਈ ਵੀ ਕੰਮ ਕੱਲ੍ਹ 'ਤੇ ਨਾ ਛੱਡਿਆ ਜਾਵੇ। ਇਸ ਤਰ੍ਹਾਂ ਅਸੀਂ ਵਕਤ ਦੀ ਕੀਮਤ ਨੂੰ ਸਮਝ ਕੇ ਇਕ-ਇਕ ਦਿਨ ਨੂੰ ਸੰਵਾਰ ਕੇ ਪੂਰੀ ਜ਼ਿੰਦਗੀ ਨੂੰ ਤਰਤੀਬ ਦੇ ਸਕਦੇ ਹਾਂ। ਫਿਰ ਬੀਤੇ ਕੱਲ੍ਹ ਦਾ ਕੋਈ ਪਛਤਾਵਾ ਤੇ ਆਉਣ ਵਾਲੇ ਭਲਕ ਦੀ ਕੋਈ ਫ਼ਿਕਰ ਨਹੀਂ ਹੋਵੇਗੀ।
ਆਸਕਰ ਵਾਇਲਡ ਨੇ ਕਿਹਾ ਸੀ ਕਿ ਜੇ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ, ਤਾਂ ਤੁਸੀਂ ਲਾਜ਼ਮੀ ਕਦੇ ਨਾ ਕਦੇ ਉਹ ਬਣ ਜਾਂਦੇ ਹੋ ਅਤੇ ਇਹ ਤੁਹਾਡੀ ਸਜ਼ਾ ਵੀ ਹੈ, ਪਰ ਜੇ ਤੁਹਾਨੂੰ ਪਤਾ ਨਾ ਹੋਵੇ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਕੁਝ ਵੀ ਬਣ ਸਕਦੇ ਹੋ। ਇਹ ਇਕ ਸੱਚਾਈ ਹੈ ਕਿ ਅਸੀਂ ਨਾਂਵ ਨਹੀਂ, ਕਿਰਿਆਵਾਂ ਹਾਂ। ਮੈਂ ਕੋਈ ਚੀਜ਼ ਨਹੀਂ ਹਾਂ.. ਮੈਂ ਇਕ ਅਦਾਕਾਰ, ਲੇਖਕ ਜਾਂ ਇਕ ਵਿਅਕਤੀ ਹਾਂ ਜੋ ਉਹੀ ਕਰਦਾ ਹੈ ਜੋ ਮੈਂ ਲਿਖਦਾ ਹਾਂ, ਮੈਂ ਉਹੀ ਅਦਾਕਾਰੀ ਕਰਦਾ ਹਾਂ। ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਆਪਣੇ ਆਪ ਨੂੰ ਨਾਂਵ ਦੇ ਤੌਰ 'ਤੇ ਸੋਚਦੇ ਹੋ ਤਾਂ ਤੁਸੀਂ ਕੈਦ ਕੀਤੇ ਜਾ ਸਕਦੇ ਹੋ। ਨਾਂਵ ਕੈਦ ਕੀਤੇ ਜਾ ਸਕਦੇ ਨੇ, ਪਰ ਕਿਰਿਆਵਾਂ ਕੈਦ ਨਹੀਂ ਹੋ ਸਕਦੀਆਂ, ਕਿਉਂਕਿ ਇਹ ਆਪਣਾ ਰੂਪ ਬਦਲਦੀਆਂ ਰਹਿੰਦੀਆਂ ਹਨ। ਇਨਸਾਨ ਨੂੰ ਆਪਣੇ ਭਵਿੱਖ ਬਾਰੇ ਜ਼ਿਆਦਾ ਪਤਾ ਨਹੀਂ ਹੋਣਾ ਚਾਹੀਦਾ, ਕਿਉਂਕਿ ਆਉਣ ਵਾਲੇ ਦੁੱਖਾਂ ਦਾ ਪਹਿਲਾਂ ਹੀ ਪਤਾ ਲੱਗਣ 'ਤੇ ਉਹ ਦੁੱਖ ਵੱਡੇ ਤੇ ਵਰਤਮਾਨ ਦੀਆਂ ਖੁਸ਼ੀਆਂ ਛੋਟੀਆਂ ਲੱਗਣ ਲਗਦੀਆਂ ਹਨ। ਆਉਣ ਵਾਲੀਆਂ ਖੁਸ਼ੀਆਂ ਦਾ ਪਹਿਲਾਂ ਹੀ ਪਤਾ ਲੱਗਣ ਨਾਲ ਖੁਸ਼ੀਆਂ ਨੂੰ ਮਾਣਨ ਦਾ ਉਤਸ਼ਾਹ ਖਤਮ ਹੋ ਜਾਂਦਾ ਹੈ। ਕੁਦਰਤ ਨੇ ਸ਼ਾਇਦ ਤਾਂ ਹੀ ਭਵਿੱਖ ਤੇ ਵਰਤਮਾਨ ਵਿਚ ਇਕ ਪਰਦਾ ਬਣਾ ਕੇ ਰੱਖਿਆ ਹੁੰਦਾ ਹੈ, ਅਸੀਂ ਸਭ ਕੁਝ ਤੋਂ ਅਨਜਾਣ ਉਤਸੁਕਤਾ ਨਾਲ ਚਲਦੇ ਰਹਿੰਦੇ ਹਾਂ। ਜ਼ਿੰਦਗੀ ਦਾ ਹਰ ਅਗਲਾ ਪਲ ਨਵੀਆਂ ਸੰਭਾਵਨਾਵਾਂ ਨਾਲ ਸਾਡੇ ਤੱਕ ਅੱਪੜਦਾ ਹੈ। ਅਸੀਂ ਭਵਿੱਖ ਨਹੀਂ ਜਾਣ ਸਕਦੇ, ਪਰ ਸੰਭਾਵਨਾਵਾਂ ਜ਼ਰੂਰ ਦੇਖ ਸਕਦੇ ਹਾਂ।
ਇਕ ਬਜ਼ੁਰਗ ਕੰਮ-ਕਾਰ ਕਰਨ ਤੋਂ ਅਸਮਰੱਥ ਜੋੜੇ ਨੂੰ ਦੇਖ ਕੇ ਇਕ ਨੌਜਵਾਨ ਦੇ ਮਨ ਵਿਚ ਆਇਆ ਕਿ ਕਾਸ਼! ਮੈਂ ਏਨਾ ਅਮੀਰ ਹੁੰਦਾ ਕਿ ਇਨ੍ਹਾਂ ਦੀ ਮਦਦ ਕਰ ਸਕਦਾ। ਕਾਸ਼! ਮੈਂ ਅਮੀਰ ਹੋ ਜਾਵਾਂ ਕੇ ਜ਼ਰੂਰਤਮੰਦਾਂ ਦੀ ਮਦਦ ਕਰ ਸਕਾਂ। ਅਸਲੀਅਤ ਇਹੀ ਹੈ ਕਿ ਤੁਹਾਡੇ ਮਨ ਵਿਚ ਲੋੜਵੰਦਾਂ ਦੀ ਮਦਦ ਕਰਨ ਦਾ ਖ਼ਿਆਲ ਆਉਂਦਾ ਹੀ ਓਦੋਂ ਹੈ, ਜਦੋਂ ਤੁਸੀਂ ਉਨ੍ਹਾਂ ਦੀ ਮਦਦ ਕਰਨ ਦੇ ਕਾਬਿਲ ਹੁੰਦੇ ਹੋ, ਕਿਉਂਕਿ ਕੁਦਰਤ ਤੁਹਾਡੇ ਮਨ ਵਿਚ ਮਦਦ ਕਰਨ ਦਾ ਖ਼ਿਆਲ ਆਉਣ ਹੀ ਉਦੋਂ ਦਿੰਦੀ ਹੈ, ਜਦੋਂ ਤੁਸੀਂ ਉਹ ਕਰ ਸਕਦੇ ਹੋਵੋ। ਜਿਵੇਂ ਇਕ ਰੋਟੀ 'ਚੋਂ ਅੱਧੀ ਰੋਟੀ, 100 ਰੁਪਏ 'ਚੋਂ 10 ਰੁਪਏ ਜਾਂ ਖਾਣ-ਪੀਣ ਦੀ ਕਿਸੇ ਚੀਜ਼ ਦੀ ਮਦਦ ਕਦੇ ਵੀ ਘੱਟ ਜਾਂ ਵੱਧ, ਅੱਧੀ ਜਾਂ ਸਾਰੀ ਨਹੀਂ ਹੁੰਦੀ। ਮਦਦ ਤਾਂ ਸਿਰਫ਼ ਮਦਦ ਹੁੰਦੀ ਏ, ਸੋ ਜਿਹੜੇ ਪਲ ਕਿਸੇ ਦੀ ਕੋਈ ਮਦਦ ਕਰਨ ਦਾ ਖ਼ਿਆਲ ਆਵੇ ਤਾਂ ਉਸੇ ਸਮੇਂ ਹੀ ਕਰ ਦੇਣੀ ਚਾਹੀਦੀ ਹੈ। ਨਹੀਂ ਤਾਂ ਤੁਹਾਡੇ ਖ਼ਿਆਲ ਸਿਰਫ਼ ਖ਼ਿਆਲ ਰਹਿ ਜਾਂਦੇ ਹਨ। ਇਹ ਸਾਰੀ ਚਿੰਤਾ ਤੇ ਫਿਕਰ ਕਿ ਲੋਕ ਤੁਹਾਨੂੰ ਕਿਵੇਂ ਦੇਖਦੇ ਹਨ, ਤੁਹਾਡੇ ਬਾਰੇ ਕੀ ਸੋਚਦੇ ਹਨ, ਕਿਸੇ ਦੇ ਕੁਝ ਮਾੜਾ ਕਹਿਣ 'ਤੇ ਤੁਸੀਂ ਬਹੁਤ ਪ੍ਰੇਸ਼ਾਨ ਹੋ ਜਾਂਦੇ ਹੋ, ਤਾਂ ਇਹ ਸਮੇਂ ਤੇ ਊਰਜਾ ਦੀ ਬਰਬਾਦੀ ਹੈ।
ਮਾਰਕਸ ਔਰਲੀਅਸ ਅਨੁਸਾਰ ਤੁਹਾਡਾ ਇਕੋ ਚੀਜ਼ ਵਿਚ ਧਿਆਨ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਕਰ ਰਹੇ ਹੋ, ਉਸ ਵਿਚ ਬਿਹਤਰ ਤੋਂ ਬਿਹਤਰੀਨ ਕਿਵੇਂ ਸਕਦੇ ਹੋ। ਬਾਕੀ ਸਭ ਕੁਝ ਸਮੇਂ ਦੀ ਬਰਬਾਦੀ ਹੈ। ਤੁਸੀਂ ਆਪਣਾ ਤੈਅ ਕੀਤਾ ਸਫ਼ਰ ਦੇਖੋ, ਭਾਵੇਂ ਤੁਸੀਂ ਕਾਮਯਾਬ ਹੋ ਗਏ ਹੋ, ਪਰ ਤੁਹਾਨੂੰ ਹਮੇਸ਼ਾ ਲੱਗੇਗਾ ਕਿ ਤੁਸੀਂ ਕਾਮਯਾਬ ਨਹੀਂ ਹੋ। ਜ਼ਿਆਦਾਤਰ ਲੋਕ ਉਸੇ ਰਾਹ 'ਤੇ ਚਲਦੇ ਹਨ ਜੋ ਕੁਦਰਤ ਨੇ ਉਨ੍ਹਾਂ ਲਈ ਚੁਣਿਆ ਹੋਵੇ, ਉਹ ਕੁਝ ਵੀ ਨਵਾਂ ਕਰਨ ਤੋਂ ਡਰ ਜਾਂਦੇ ਹਨ। ਪਰ ਕਦੇ-ਕਦੇ ਧਰਤੀ 'ਤੇ ਕੁਝ ਅਜਿਹੇ ਲੋਕ ਵੀ ਆਉਂਦੇ ਹਨ, ਜੋ ਕੁਦਰਤ ਦੇ ਵਿਛਾਏ ਸਾਰੇ ਰੋੜਿਆਂ/ਰੁਕਾਵਟਾਂ ਨੂੰ ਪਾਰ ਕਰ ਜਾਂਦੇ ਹਨ। ਆਪਣੀ ਖੁਦ ਦੀ ਮਰਜ਼ੀ ਦਾ ਅਹਿਸਾਸ ਇਕ ਤੋਹਫ਼ਾ ਹੈ। ਜਦੋਂ ਜਿੱਥੇ ਕੁਝ ਚੰਗਾ ਲੱਗਣ ਲੱਗੇਗਾ, ਉਦੋਂ ਹੀ ਉੱਥੋਂ ਜਾਣ ਦਾ ਸਮਾਂ ਆ ਜਾਵੇਗਾ। ਸ਼ਾਇਦ ਜ਼ਿੰਦਗੀ ਕੁਝ ਇਸ ਤਰ੍ਹਾਂ ਹੀ ਡਿਜ਼ਾਈਨ ਕੀਤੀ ਗਈ ਹੈ। ਕੁਦਰਤ ਦੀ ਟਾਈਮਿੰਗ 'ਤੇ ਭਰੋਸਾ ਕਰਨਾ ਸ਼ੁਰੂ ਕਰ ਦਿਓ, ਕਿਉਂਕਿ ਤੁਹਾਨੂੰ ਸਭ ਕੁਝ ਬਾਰੇ ਪਤਾ ਨਹੀਂ। ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਪਿੱਛੇ ਹੋ, ਦਰਅਸਲ ਤੁਹਾਡਾ ਸਮਾਂ ਹੀ ਤੁਹਾਡਾ ਹੈ। ਉਹ ਬਹੁਤ ਮਹੱਤਵਪੂਰਨ ਹੈ, ਤੁਹਾਨੂੰ ਉਸ ਲਈ ਤਿਆਰ ਕੀਤਾ ਜਾ ਰਿਹਾ ਹੈ। ਛੋਟੀਆਂ-ਛੋਟੀਆਂ ਸਭ ਚੀਜ਼ਾਂ ਉਦੋਂ ਵੀ ਆਪਸ ਵਿਚ ਜੁੜੀਆਂ ਹੁੰਦੀਆਂ ਹਨ, ਜਦੋਂ ਸਾਨੂੰ ਉਨ੍ਹਾਂ ਦਾ ਮਤਲਬ ਵੀ ਪਤਾ ਨਹੀਂ ਹੁੰਦਾ। ਆਪਣੀ ਜ਼ਿੰਦਗੀ, ਆਪਣੇ-ਆਪ ਤੇ ਕੁਦਰਤ ਦੀ ਟਾਈਮਿੰਗ 'ਤੇ ਭਰੋਸਾ ਰੱਖੋ।
-ਰਿਸਰਚ ਸਕਾਲਰ, ਪੀ.ਐੱਚ.ਡੀ.,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾਈਲ : 99156-81496