ਪਿਛਲੇ ਦਿਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਬਿਹਾਰ ਵਿਚ ਬੜੀ ਭਰਪੂਰ ਰੈਲੀ ਕੀਤੀ, ਜਿਸ ਵਿਚ ਮੁੱਖ ਮੰਤਰੀ ਨਿਤਿਸ਼ ਕੁਮਾਰ ਸਮੇਤ ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) ਦੀਆਂ ਹੋਰ ਭਾਈਵਾਲ ਪਾਰਟੀਆਂ ਦੇ ਆਗੂ ਵੀ ਸ਼ਾਮਿਲ ਹੋਏ। ਸ੍ਰੀ ਨਰਿੰਦਰ ਮੋਦੀ ਨੇ ਇਸ ਰੈਲੀ ਵਿਚ ਬਿਹਾਰ ਲਈ ਵੱਡੀਆਂ ਸੌਗਾਤਾਂ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪਟਨਾ ਵਿਚ 4 ਨਵੀਆਂ ਵੰਦੇ ਭਾਰਤ ਰੇਲ ਗੱਡੀਆਂ ਨੂੰ ਝੰਡੀ ਵੀ ਦਿਖਾਈ। ਉਨ੍ਹਾਂ ਨੇ ਇਕ ਵਾਰ ਫਿਰ ਦੁਹਰਾਇਆ ਕਿ ਆਉਂਦੇ ਸਮੇਂ 'ਚ ਬਿਹਾਰ ਦੇ ਲੋਕਾਂ ਦੀ ਤਰੱਕੀ ਲਈ ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) ਸਰਕਾਰ ਨੂੰ ਮੁੜ ਵਾਪਸ ਲਿਆਉਣਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿਛਲੇ 10 ਸਾਲਾਂ 'ਚ ਕੇਂਦਰ ਸਰਕਾਰ ਨੇ ਬਿਹਾਰ ਨੂੰ ਵੱਖ-ਵੱਖ ਯੋਜਨਾਵਾਂ ਲਈ 9 ਲੱਖ ਕਰੋੜ ਰੁਪਏ ਦੀ ਸਹਾਇਤੀ ਦਿੱਤੀ ਹੈ, ਜਦੋਂ ਕਿ ਕਾਂਗਰਸ ਦੀ ਅਗਵਾਈ ਵਾਲੀ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ.ਪੀ.ਏ.) ਸਰਕਾਰ ਦੇ 10 ਸਾਲਾਂ 'ਚ ਬਿਹਾਰ ਨੂੰ ਕੇਂਦਰ ਵਲੋਂ ਯੋਜਨਾ ਲਈ ਸਿਰਫ਼ ਦੋ ਲੱਖ ਕਰੋੜ ਹੀ ਮਿਲੇ ਸਨ।
ਉਨ੍ਹਾਂ ਨੇ ਇਕ ਵਾਰ ਫਿਰ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਅਗਵਾਈ ਵਿਚ ਭਰੋਸਾ ਪ੍ਰਗਟ ਕੀਤਾ। ਇਸੇ ਸਾਲ ਨਵੰਬਰ ਵਿਚ ਬਿਹਾਰ ਦੀਆਂ ਸੰਭਾਵਿਤ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਵੀ ਲਗਾਤਾਰ ਅਜਿਹੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਵਿਰੋਧੀ ਪਾਰਟੀਆਂ ਵਲੋਂ ਰਿਉੜੀਆਂ ਵੰਡਣ ਦੀ ਕਵਾਇਦ ਆਖਦੇ ਹੁੰਦੇ ਸਨ। ਨਿਤਿਸ਼ ਕੁਮਾਰ ਨੇ ਵੀ ਰਾਜ ਦੇ 1.67 ਕਰੋੜ ਪਰਿਵਾਰਾਂ ਲਈ 125 ਯੂਨਿਟ ਬਿਜਲੀ ਆਉਂਦੇ ਮਹੀਨੇ ਤੋਂ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ ਅਤੇ ਬਜ਼ੁਰਗਾਂ, ਵਿਧਵਾਵਾਂ ਤੇ ਅਪਾਹਜਾਂ ਨੂੰ ਪੈਨਸ਼ਨ ਦੀ ਰਕਮ 400 ਤੋਂ 1100 ਰੁਪਏ ਪ੍ਰਤੀ ਮਹੀਨਾ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਲੱਖ ਨਵੀਆਂ ਨੌਕਰੀਆਂ ਦੇਣ ਦੀ ਗੱਲ ਵੀ ਕੀਤੀ ਹੈ। ਬਿਹਾਰ 'ਚ ਵੱਖ-ਵੱਖ ਵਿਰੋਧੀ ਪਾਰਟੀਆਂ ਨੇ ਆਉਂਦੀਆਂ ਚੋਣਾਂ ਲਈ ਅਜਿਹੇ ਐਲਾਨ ਕੀਤੇ ਹੋਏ ਹਨ। ਨਵੰਬਰ, 2024 'ਚ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੇ ਆਪਣੀ ਸਰਕਾਰ ਬਣਨ 'ਤੇ ਖਪਤਕਾਰਾਂ ਨੂੰ 200 ਯੂਨਿਟ ਤੱਕ ਬਿਜਲੀ ਮੁਫ਼ਤ ਦੇਣ ਦਾ ਐਲਾਨ ਕੀਤਾ ਸੀ ਤੇ ਪੈਨਸ਼ਨ ਦੀ ਰਕਮ ਵਧਾਉਣ ਦੀ ਗੱਲ ਵੀ ਕਹੀ ਸੀ। ਇਸ ਦੇ ਨਾਲ ਹੀ ਤੇਜਸਵੀ ਨੇ 'ਮਾਈ-ਬਹਨ ਸਨਮਾਨ ਯੋਜਨਾ' ਅਧੀਨ ਔਰਤਾਂ ਨੂੰ 2500 ਰੁਪਏ ਮਹੀਨਾ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਸੀ।
ਬਿਹਾਰ ਦੇਸ਼ ਦਾ ਵੱਡਾ ਸੂਬਾ ਹੈ। ਇਸ ਵਿਚ 243 ਵਿਧਾਨ ਸਭਾ ਸੀਟਾਂ ਹਨ। ਪਰ ਪਿਛਲੇ ਲੰਮੇ ਸਮੇਂ ਤੋਂ ਇਥੇ ਆਮ ਲੋਕ ਮਾੜੀ ਆਰਥਿਕਤਾ ਦੀ ਚੱਕੀ 'ਚ ਪਿਸਦੇ ਆ ਰਹੇ ਹਨ। ਦੂਜੇ ਸੂਬਿਆਂ ਨਾਲੋਂ ਇਹ ਸੂਬਾ ਜ਼ਿਆਦਾ ਗੁਰਬਤ ਦਾ ਭੰਨਿਆ ਤੇ ਕਾਫੀ ਪਿੱਛੇ ਰਹਿ ਚੁੱਕਾ ਹੈ। ਇਸ ਦੀ ਇਸ ਹਾਲਤ ਲਈ ਇਸ ਦੀਆਂ ਸਰਕਾਰਾਂ ਤੇ ਸਿਆਸਤਦਾਨ ਜ਼ਿੰਮੇਵਾਰ ਰਹੇ ਹਨ। ਰਾਸ਼ਟਰੀ ਜਨਤਾ ਦਲ ਦੇ ਵੱਡੇ ਆਗੂ ਲਾਲੂ ਪ੍ਰਸਾਦ ਯਾਦਵ ਦੇ ਲੰਮੇ ਪ੍ਰਸ਼ਾਸਨ ਦੌਰਾਨ ਬਿਹਾਰ ਅਮਨ ਕਾਨੂੰਨ ਦੀ ਵਿਗੜਦੀ ਹਾਲਤ ਦਾ ਸ਼ਿਕਾਰ ਰਿਹਾ ਹੈ। ਸਿਆਸਤਦਾਨਾਂ ਦੀ ਸੋਚ ਵੱਡੀ ਹੱਦ ਤੱਕ ਰਾਜ ਦੀ ਤਰੱਕੀ ਦੀ ਬਜਾਏ ਆਪਣੇ ਤੇ ਆਪਣੇ ਸਾਥੀਆਂ ਦੀਆਂ ਜੇਬਾਂ ਭਰਨ ਤੱਕ ਸੀਮਤ ਰਹਿ ਗਈ ਸੀ। ਇਸੇ ਲਈ ਹੀ ਅੱਜ ਲਾਲੂ ਪ੍ਰਸਾਦ ਯਾਦਵ ਤੇ ਉਸ ਦੇ ਸਾਥੀ ਤਰ੍ਹਾਂ-ਤਰ੍ਹਾਂ ਦੇ ਸਕੈਂਡਲਾਂ ਦੇ ਕੇਸਾਂ ਵਿਚ ਫਸੇ ਹੋਏ ਹਨ। ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਯਾਦਵ, ਰਾਮ ਵਿਲਾਸ ਪਾਸਵਾਨ ਤੇ ਬਿਹਾਰ ਦੇ ਹੋਰ ਬਹੁਤ ਸਾਰੇ ਨੌਜਵਾਨ ਆਗੂ 1974 ਵਿਚ ਜੈ ਪ੍ਰਕਾਸ਼ ਨਾਰਾਇਣ ਦੀ ਵਿੱਢੀ ਮੁਹਿੰਮ, ਜੋ ਕਿ ਉਸ ਸਮੇਂ ਇਕ ਅੰਦੋਲਨ ਦਾ ਰੂਪ ਧਾਰ ਗਈ ਸੀ, ਦੇ ਸਮੇਂ ਉੱਭਰੇ ਸਨ। ਇਸ ਲਈ ਇਨ੍ਹਾਂ ਤੋਂ ਵੱਡੀਆਂ ਉਮੀਦਾਂ ਰੱਖੀਆਂ ਜਾਂਦੀਆਂ ਸਨ। ਪਰ ਸਿਆਸਤ ਦੀਆਂ ਉਲਝਣਾਂ ਨੇ ਇਕ ਤਰ੍ਹਾਂ ਨਾਲ ਬਹੁਤਿਆਂ ਦੀਆਂ ਸ਼ਖ਼ਸੀਅਤਾਂ ਨੂੰ ਬਦਲ ਦਿੱਤਾ। ਨਿਤਿਸ਼ ਕੁਮਾਰ ਨੂੰ ਇਮਾਨਦਾਰ ਆਗੂ ਮੰਨਿਆ ਜਾਂਦਾ ਹੈ ਪਰ ਉਸ ਨੇ ਆਪਣੇ ਲੰਮੇ ਸਿਆਸੀ ਜੀਵਨ ਵਿਚ ਕੁਰਸੀ 'ਤੇ ਬਣੇ ਰਹਿਣ ਨੂੰ ਤਰਜੀਹ ਦਿੱਤੀ ਤੇ ਸਮੇਂ-ਸਮੇਂ ਉਹ ਆਪਣਾ ਸਿਆਸੀ ਰੰਗ ਵੀ ਬਦਲਦਾ ਰਿਹਾ। ਆਪਣੇ 18 ਸਾਲਾਂ ਦੇ ਰਾਜ ਵਿਚ ਉਸ ਨੇ 5 ਵਾਰ ਵੱਖ-ਵੱਖ ਸਿਆਸੀ ਗੱਠਜੋੜ ਬਦਲੇ। ਇਸੇ ਲਈ ਉਹ 18 ਸਾਲ ਮੁੱਖ ਮੰਤਰੀ ਬਣੇ ਰਹੇ। ਇਸ ਸਮੇਂ 'ਚ ਉਸ ਦਾ 9 ਵਾਰੀ ਮੁੱਖ ਮੰਤਰੀ ਬਣਨਾ ਇਕ ਰਿਕਾਰਡ ਮੰਨਿਆ ਜਾ ਸਕਦਾ ਹੈ।
ਇਸ ਸਮੇਂ ਜਿੱਥੇ ਰਾਸ਼ਟਰੀ ਜਨਤਾ ਦਲ, ਕਾਂਗਰਸ ਤੇ ਹੋਰ ਪਾਰਟੀਆਂ ਮਿਲ ਕੇ ਮਹਾਂ ਗੱਠਜੋੜ ਨੂੰ ਨਵਾਂ ਰੂਪ ਦੇ ਰਹੀਆਂ ਹਨ, ਉੱਥੇ ਨਿਤਿਸ਼ ਦਾ ਜਨਤਾ ਦਲ (ਯੂ) ਭਾਜਪਾ ਨਾਲ ਮਿਲ ਕੇ ਚੋਣ ਮੈਦਾਨ 'ਚ ਉਤਰਨ ਦੀ ਤਿਆਰੀ ਕਰ ਰਿਹਾ ਹੈ। ਬਿਹਾਰ ਦੀ ਸਿਆਸਤ 'ਚ ਅੱਜ ਵੀ ਜਾਤ ਬਰਾਦਰੀਆਂ ਦਾ ਬੋਲਬਾਲਾ ਹੈ, ਜਿਸ ਕਰਕੇ ਹਰ ਜਾਤ ਬਰਾਦਰੀ ਆਪਣੀ ਹੋਂਦ ਜਤਾਉਣ ਲਈ ਤੱਤਪਰ ਦਿਖਾਈ ਦਿੰਦੀ ਹੈ। ਅਜਿਹੇ ਹਾਲਾਤ 'ਚ ਸਹੀ ਅਰਥਾਂ ਵਿਚ ਲੋਕਤੰਤਰ ਦੀ ਭਾਵਨਾ ਨੂੰ ਕਿਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾਏਗਾ, ਇਹ ਇਕ ਅੜਾਉਣੀ ਹੀ ਬਣਿਆ ਨਜ਼ਰ ਆਉਂਦਾ ਹੈ। ਅਜਿਹੀਆਂ ਘੁੰਮਣ-ਘੇਰੀਆਂ ਵਿਚ ਫਸਿਆ ਇਹ ਸੂਬਾ ਕਿਸ ਤਰ੍ਹਾਂ ਦੀ ਸਿਹਤਮੰਦ ਤੇ ਮਜ਼ਬੂਤ ਸਰਕਾਰ ਦੇ ਸਕੇਗਾ, ਇਸ ਬਾਰੇ ਯਕੀਨ ਨਾਲ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ।
-ਬਰਜਿੰਦਰ ਸਿੰਘ ਹਮਦਰਦ