(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਚੌਥਾ ਪੀਰੀਅਡ ਸ਼ੁਰੂ ਹੋਇਆਂ ਅਜੇ ਦਸ ਕੁ ਮਿੰਟ ਹੀ ਹੋਏ ਸਨ ਕਿ ਸਕੂਲ ਦਾ ਚਪੜਾਸੀ ਕੋਈ ਨੋਟਿਸ ਲੈ ਕੇ ਕਲਾਸ ਵਿਚ ਆਇਆ। ਉਸ ਨੇ ਨੋਟਿਸ ਵਾਲਾ ਕਾਗ਼ਜ਼ ਮਾਸਟਰ ਜੀ ਨੂੰ ਫੜਾਂਦਿਆਂ ਕਿਹਾ, 'ਇਸ ਨੂੰ ਪੜ੍ਹ ਕੇ ਦਸਤਖ਼ਤ ਕਰ ਦਿਓ।'
ਚਪੜਾਸੀ ਦੇ ਕਮਰੇ 'ਚੋਂ ਬਾਹਰ ਜਾਣ ਤੋਂ ਬਾਅਦ ਮਾਸਟਰ ਜੀ ਨੇ ਕਿਹਾ, 'ਲਓ ਬਈ ਬੱਚਿਓ, ਅੱਜ ਤੁਹਾਨੂੰ 'ਅੱਧੀ ਛੁੱਟੀ ਸਾਰੀ' ਹੋ ਗਈ ਏ।'
'ਅੱਧੀ ਛੁੱਟੀ ਸਾਰੀ?' ਬੱਚੇ ਹੈਰਾਨੀ ਭਰੀ ਖ਼ੁਸ਼ੀ ਨਾਲ ਪੁੱਛਣ ਲੱਗੇ।
'ਹਾਂ ਜੀ, ਬੱਚਿਓ। ਅੱਜ ਕੋਈ ਲੋਕਲ ਲੀਡਰ ਸਵਰਗਵਾਸ ਹੋ ਗਏ ਹਨ, ਜਿਸ ਦੇ ਅਫਸੋਸ ਵਿਚ ਹੈੱਡ ਮਾਸਟਰ ਸਾਹਿਬ ਨੇ ਅੱਧੀ ਛੁੱਟੀ ਸਾਰੀ ਕਰ ਦਿੱਤੀ ਹੈ।'
ਕੁਝ ਬੱਚੇ ਖ਼ੁਸ਼ੀ ਵਿਚ ਤਾੜੀਆਂ ਵਜਾਉਣ ਲੱਗੇ ਅਤੇ ਕਈ ਬੱਚੇ ਆਪਣੇ ਬਸਤੇ ਸਾਂਭਣ ਲੱਗੇ।
'ਬੱਚਿਓ, ਬਸਤੇ ਕਿਉਂ ਸਾਂਭ ਰਹੇ ਹੋ? ਇਸ ਪੀਰੀਅਡ ਤੋਂ ਬਾਅਦ ਅੱਧੀ ਛੁੱਟੀ ਹੋਣੀ ਏਂ। ਤੁਸੀਂ ਕਿਤਾਬ ਕੱਢੋ ਅਤੇ ਪੜ੍ਹਾਈ ਸ਼ੁਰੂ ਕਰੋ।' ਮਾਸਟਰ ਜੀ ਨੇ ਥੋੜ੍ਹੀ ਉੱਚੀ ਆਵਾਜ਼ ਵਿਚ ਕਿਹਾ।
'ਪੀਰੀਅਡ ਤੇ ਮੁੱਕਣ ਵਾਲਾ ਹੈ। ਵੈਸੇ ਵੀ ਸਾਡਾ ਦਿਲ ਹੁਣ ਪੜ੍ਹਾਈ ਵਿਚ ਨਹੀਂ ਲੱਗਣਾ।' ਇਕ ਬੱਚੇ ਨੇ ਖੜ੍ਹੇ ਹੋ ਕੇ ਕਿਹਾ।
ਮਾਸਟਰ ਜੀ ਦੇ ਬੋਲਣ ਤੋਂ ਪਹਿਲਾਂ ਹੀ ਸਾਰੇ ਬੱਚੇ ਬੋਲ ਪਏ, 'ਬਿਲਕੁਲ ਠੀਕ, ਬਿਲਕੁਲ ਠੀਕ।'
ਚਲੋ, ਠੀਕ ਹੈ ਬਾਬਾ। ਨਾ ਕਰੋ ਤੁਸੀਂ ਪੜ੍ਹਾਈ ਪਰ ਚੁੱਪ ਕਰਕੇ ਤਾਂ ਬੈਠੋ।' ਮਾਸਟਰ ਜੀ ਨੂੰ ਬੱਚਿਆਂ ਦੀ ਗੱਲ ਮੰਨਣੀ ਪਈ।
ਬੱਚੇ ਚੁੱਪ ਹੋ ਗਏ ਪਰ ਨਾਲ ਵਾਲੀ ਕਲਾਸ 'ਚੋਂ ਅਜੇ ਵੀ ਰੌਲੇ ਦੀਆਂ ਆਵਾਜ਼ਾਂ ਆ ਰਹੀਆਂ ਸਨ।
'ਅੱਧੀ ਛੁੱਟੀ ਸਾਰੀ' ਵਾਲੀ ਗੱਲ ਸੁਣ ਕੇ ਚਾਰੇ ਦੋਸਤ ਬਾਕੀ ਸਾਰੇ ਬੱਚਿਆਂ ਨਾਲੋਂ ਜ਼ਿਆਦਾ ਖ਼ੁਸ਼ ਹੋਏ। ਅਚਾਨਕ ਛੁੱਟੀ ਹੋ ਜਾਣ ਕਰਕੇ, ਅੱਜ ਦਾਦਾ ਜੀ ਨੂੰ ਲੱਭਣ ਲਈ, ਉਨ੍ਹਾਂ ਨੂੰ ਖੁੱਲ੍ਹਾ ਸਮਾਂ ਮਿਲ ਜਾਣਾ ਸੀ।
ਮਾਸਟਰ ਜੀ ਨੇ ਬੱਚਿਆਂ ਨਾਲ ਅਜੇ ਦੋ-ਚਾਰ ਗੱਲਾਂ ਹੀ ਕੀਤੀਆਂ ਸਨ ਕਿ ਅੱਧੀ ਛੁੱਟੀ ਸਾਰੀ ਦੀ ਲੰਮੀ ਘੰਟੀ ਵੱਜ ਗਈ। ਕਈ ਬੱਚੇ ਉੱਚੀ-ਉੱਚੀ ਇਕੋ ਜਿਹੀ ਹੇਕ ਲਾ ਕੇ ਗਾਣ ਲੱਗੇ-
ਅੱਧੀ ਛੁੱਟੀ ਸਾਰੀ,
ਮੀਆਂ ਮੱਖੀ ਮਾਰੀ।
ਚਾਰੇ ਦੋਸਤਾਂ ਨੇ ਵੀ ਆਪੋ-ਆਪਣੇ ਬਸਤੇ ਸੰਭਾਲੇ ਅਤੇ ਕਲਾਸ 'ਚੋਂ ਨਿਕਲ ਕੇ ਸਕੂਲ ਦੇ ਗੇਟ ਵਲ ਤੁਰ ਪਏ। ਗੇਟ 'ਚੋਂ ਨਿਕਲ ਕੇ ਉਹ ਸੋਚੀਂ ਪੈ ਗਏ ਕਿ ਅੱਜ ਦਾਦਾ ਜੀ ਨੂੰ ਲੱਭਣ ਕਿਹੜੇ ਪਾਸੇ ਜਾਇਆ ਜਾਵੇ?
ਜੱਸ ਕਹਿਣ ਲੱਗਾ, 'ਮੇਰੇ ਖ਼ਿਆਲ ਵਿਚ ਅੱਜ ਅਸੀਂ ਦੁਬਾਰਾ ਕੱਲ੍ਹ ਵਾਲੀ ਸੜਕ 'ਤੇ ਹੀ ਜਾਈਏ। ਕੱਲ੍ਹ ਸਾਡੇ ਕੋਲ ਵਕਤ ਘੱਟ ਹੋਣ ਕਰਕੇ, ਅਸੀਂ ਨੇੜਿਓਂ ਈ ਮੁੜ ਆਏ ਸੀ। ਅੱਜ ਦੂਰ ਤੀਕ ਹੋ ਕੇ ਆਈਏ।'
'ਗੱਲ ਤਾਂ ਤੇਰੀ ਬਿਲਕੁਲ ਠੀਕ ਏ। ਅਸੀਂ ਅੱਜ ਇਕ ਕੰਮ ਹੋਰ ਕਰੀਏ,' ਮੀਕੇ ਨੂੰ ਜੱਸ ਦੀ ਗੱਲ ਪਸੰਦ ਆਈ ਸੀ।
'ਕਿਹੜਾ ਕੰਮ?' ਸਾਰੇ ਇਕੱਠੇ ਬੋਲ ਪਏ।
'ਉਹ ਇਹ ਕਿ ਮੇਨ ਬਾਜ਼ਾਰ ਦੇ ਦੋਵੇਂ ਪਾਸੇ ਕਈ ਛੋਟੀਆਂ-ਵੱਡੀਆਂ ਗਲੀਆਂ ਹਨ। ਉਨ੍ਹਾਂ ਅੰਦਰ ਜਾ ਕੇ ਵੀ ਪਤਾ ਕਰੀਏ,' ਮੀਕਾ ਅੱਜ ਆਪਣੇ ਦਾਦੂ ਨੂੰ ਲੱਭਣ ਲਈ ਕੋਈ ਥਾਂ ਵੀ ਛੱਡਣੀ ਨਹੀਂ ਸੀ ਚਾਹੁੰਦਾ।
ਸਾਰਿਆਂ ਨੂੰ ਮੀਕੇ ਦੀ ਗੱਲ ਚੰਗੀ ਲੱਗੀ ਅਤੇ ਉਹ ਉਸੇ ਬਾਜ਼ਾਰ ਵੱਲ ਤੁਰ ਪਏ। ਸੋਨੂੰ ਅਤੇ ਜੱਸ ਨੇ ਸੜਕ ਦਾ ਖੱਬਾ ਪਾਸਾ ਸੰਭਾਲਿਆ। ਬਿੱਲੂ ਅਤੇ ਮੀਕੇ ਨੇ ਸੱਜੇ ਪਾਸੇ ਦੀ ਕਮਾਂਡ ਸੰਭਾਲੀ। ਚਾਰੇ ਦੋਸਤ ਬੜੀ ਮਿਹਨਤ ਅਤੇ ਲਗਨ ਨਾਲ ਆਪਣੇ ਦਾਦੂ ਦੀ ਭਾਲ ਕਰ ਰਹੇ ਸਨ। (ਚਲਦਾ)
-ਮੋਬਾਈਲ : 98889-24664