ਪਿਆਰੇ ਬੱਚਿਓ, ਇਹ ਪੌਲੀਥੀਨ ਜਾਂ ਪਲਾਸਟਿਕ ਦੇ ਲਿਫ਼ਾਫ਼ੇ ਵਰਤਣੇ ਜਿੰਨੇ ਸੌਖੇ ਹਨ, ਇਨ੍ਹਾਂ ਨੂੰ ਖ਼ਤਮ ਕਰਨਾ ਓਨਾ ਹੀ ਔਖਾ ਹੈ ਕਿਉਂਕਿ ਇਹ ਲਿਫ਼ਾਫ਼ੇ ਪਾਣੀ ਜਾਂ ਮਿੱਟੀ ਵਿਚ ਆਸਾਨੀ ਨਾਲ ਗਲਦੇ ਨਹੀਂ ਹਨ। ਇਹ ਨਾ ਕੇਵਲ ਨਾਲੀਆਂ ਤੇ ਨਾਲਿਆਂ ਵਿਚ ਡੱਕਾ ਲਗਾ ਕੇ ਸੀਵਰੇਜ ਸਿਸਟਮ ਨੂੰ ਪ੍ਰਭਾਵਿਤ ਕਰਦੇ ਹਨ ਸਗੋਂ ਮਿੱਟੀ ਵਿਚ ਨਾ ਗਲਣ ਕਰਕੇ ਇਹ ਮਿੱਟੀ ਦੀ ਉਪਜਾਊ ਸ਼ਕਤੀ 'ਤੇ ਵੀ ਬੁਰਾ ਅਸਰ ਪਾਉਂਦੇ ਹਨ। ਹੋਰ ਤਾਂ ਹੋਰ ਇਨ੍ਹਾਂ ਨੂੰ ਅੱਗ ਲਗਾ ਕੇ ਸਾੜਨ ਦੀ ਕੋਸ਼ਿਸ਼ ਵੀ ਹਵਾ ਨੂੰ ਗੰਧਲਾ ਕਰ ਜਾਂਦੀ ਹੈ। ਕਈ ਵਾਰ ਦੁਧਾਰੂ ਪਸ਼ੂ ਤੇ ਹੋਰ ਜਾਨਵਰ ਕਿਸੇ ਪੌਲੀਥੀਨ ਦੇ ਲਿਫ਼ਾਫ਼ੇ ਵਿਚ ਪਾ ਕੇ ਕੂੜੇ 'ਤੇ ਸੁੱਟੇ ਕਿਸੇ ਭੋਜਨ ਪਦਾਰਥ ਨੂੰ ਖਾ ਕੇ ਆਪਣਾ ਢਿੱਡ ਭਰਨ ਦੀ ਕੋਸ਼ਿਸ਼ ਵਿਚ ਪੌਲੀਥੀਨ ਦਾ ਬਣਿਆ ਲਿਫ਼ਾਫ਼ਾ ਵੀ ਖਾ ਜਾਂਦੇ ਹਨ ਜੋ ਬਾਅਦ ਵਿਚ ਉਨ੍ਹਾਂ ਲਈ ਜਾਨਲੇਵਾ ਸਾਬਿਤ ਹੁੰਦਾ ਹੈ। ਇਸ ਦੇ ਬਿਲਕੁਲ ਉਲਟ ਕਾਗ਼ਜ਼ ਦੇ ਬਣੇ ਲਿਫ਼ਾਫ਼ੇ ਵਾਤਾਵਰਨ ਅਤੇ ਪਸ਼ੂਆਂ ਦੇ ਦੋਖੀ ਨਹੀਂ ਹੁੰਦੇ ਹਨ। ਕਾਗ਼ਜ਼ੀ ਲਿਫ਼ਾਫ਼ੇ ਜ਼ਮੀਨ ਵਿਚ ਆਸਾਨੀ ਨਾਲ ਜਜ਼ਬ ਹੋ ਜਾਂਦੇ ਹਨ। ਵਿਗਿਆਨਕ ਤੌਰ 'ਤੇ ਇਹ ਲਿਫ਼ਾਫ਼ੇ ਬਾਇਓਗ੍ਰੇਡੇਬਲ ਹਨ ਭਾਵ ਇਹ ਮਨੁੱਖੀ ਸਿਹਤ ਲਈ ਹਾਨੀਕਾਰਕ ਨਹੀਂ ਹਨ। ਇਨ੍ਹਾਂ ਕਾਗ਼ਜ਼ੀ ਲਿਫ਼ਾਫ਼ਿਆਂ ਦਾ ਨਿਰਮਾਣ ਜਿਨ੍ਹਾਂ ਪਦਾਰਥਾਂ ਤੋਂ ਹੁੰਦਾ ਹੈ ਉਨ੍ਹਾਂ ਨੂੰ ਰੀਸਾਈਕਲ ਵੀ ਕੀਤਾ ਜਾ ਸਕਦਾ ਹੈ ਭਾਵ ਨਵਿਆਇਆ ਜਾ ਸਕਦਾ ਹੈ। ਉਂਜ ਇਹ ਵੀ ਸੱਚ ਹੈ ਕਿ ਕਾਗ਼ਜ਼ੀ ਲਿਫ਼ਾਫ਼ੇ ਵੀ ਵਾਰ-ਵਾਰ ਨਹੀਂ ਵਰਤੇ ਜਾ ਸਕਦੇ। ਇਸ ਲਈ ਕੱਪੜੇ ਦੇ ਬਣੇ ਅਤੇ ਵਾਰ-ਵਾਰ ਵਰਤਣਯੋਗ ਥੈਲੇ ਹੀ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਵਧੀਆ ਬਦਲ ਹਨ।
ਬੱਚਿਓ! ਅਜੋਕੇ ਦਿਵਸ ਦਾ ਇਤਿਹਾਸਕ ਪੱਖ ਇਹ ਹੈ ਕਿ ਕਿਸੇ ਵੇਲੇ 12 ਜੁਲਾਈ ਦੇ ਦਿਨ 'ਕਾਗ਼ਜ਼ੀ ਲਿਫ਼ਾਫ਼ੇ ਦਿਵਸ' ਸਿਰਫ਼ ਅਮਰੀਕਾ ਵਿਚ ਲੋਕਾਂ ਅੰਦਰ ਕਾਗ਼ਜ਼ ਦੇ ਬਣੇ ਲਿਫ਼ਾਫ਼ਿਆਂ ਦੀ ਵਰਤੋਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਬੰਦ ਕਰਨ ਸਬੰਧੀ ਲੋਕ ਲਹਿਰ ਪੈਦਾ ਕਰਨ ਹਿੱਤ ਮਨਾਇਆ ਜਾਂਦਾ ਸੀ। ਹੁਣ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਾਰਨ ਵਿਸ਼ਵ ਪੱਧਰ 'ਤੇ ਪੈਦਾ ਹੋ ਰਹੇ ਪ੍ਰਦੂਸ਼ਣ ਤੇ ਇਸ ਦੇ ਨਿਕਲ ਰਹੇ ਘਾਤਕ ਨਤੀਜਿਆਂ ਕਰਕੇ ਇਹ ਦਿਵਸ 12 ਜੁਲਾਈ ਨੂੂੰ ਪੂਰੀ ਦੁਨੀਆਂ ਅੰਦਰ ਮਨਾਇਆ ਜਾਂਦਾ ਹੈ। ਸੰਨ 1852 ਵਿਚ ਇਕ ਅਮਰੀਕੀ ਅਧਿਆਪਕ ਤੋਂ ਪਾਦਰੀ ਬਣੇ ਫ਼ਰਾਂਸਿਸ ਵੋਲੇ ਨੇ ਸਭ ਤੋਂ ਪਹਿਲੀ ਕਾਗ਼ਜ਼ ਦੇ ਲਿਫ਼ਾਫ਼ੇ ਬਣਾਉਣ ਵਾਲੀ ਮਸ਼ੀਨ ਦੀ ਕਾਢ ਕੱਢੀ ਸੀ ਤੇ ਉਸਦੇ ਭਰਾ ਨੇ ਸਭ ਤੋਂ ਪਹਿਲੀ ਕਾਗ਼ਜ਼ ਦੇ ਲਿਫ਼ਾਫ਼ੇ ਬਣਾਉਣ ਵਾਲੀ ਕੰਪਨੀ ਦੀ ਸਥਾਪਨਾ ਕੀਤੀ ਸੀ। ਇਸ ਉਪਰੰਤ ਇਨ੍ਹਾਂ ਦੋਵਾਂ ਭਰਾਵਾਂ ਨੇ ਜਾਰਜੀਆ ਖੇਤਰ ਵਿਚ ਇਕ ਕਾਗ਼ਜ਼ ਦੀ ਮਿੱਲ ਦੀ ਸਥਾਪਨਾ ਕੀਤੀ ਸੀ ਜਿੱਥੇ ਇਕ ਹਜ਼ਾਰ ਫੁੱਟ ਕਾਗ਼ਜ਼ ਪ੍ਰਤੀ ਮਿੰਟ ਦੇ ਹਿਸਾਬ ਨਾਲ ਬਣਦਾ ਸੀ। ਸੰਨ 1867 ਵਿਚ ਲੂਥਰ ਕ੍ਰੋਅਵੈੱਲ ਨਾਮਕ ਸ਼ਖ਼ਸ ਨੇ ਚੌਰਸ ਥੱਲੇ ਵਾਲੇ ਲਿਫ਼ਾਫ਼ੇ ਬਣਾਉਣ ਵਾਲੀ ਮਸ਼ੀਨ ਪੇਟੈਂਟ ਕਰਵਾਈ ਸੀ ਪਰ ਸੰਨ 1871 ਵਿੱਚ ਮਾਰਗ੍ਰੇਟ ਨਾਈਟ ਨਾਮਕ ਇਕ ਮਹਿਲਾ ਵੱਲੋਂ ਤਿਆਰ ਕੀਤੇ ਗਏ ਚੌਰਸ ਲਿਫ਼ਾਫ਼ੇ ਲੋਕਾਂ ਵੱਲੋਂ ਕਾਫੀ ਪਸੰਦ ਕੀਤੇ ਗਏ ਸਨ ਤੇ ਉਹ ਲਿਫ਼ਾਫੇ ਉਸ ਵੇਲੇ 'ਗ੍ਰੋਸਰੀ ਬੈਗਜ਼' ਦੇ ਨਾਂ ਨਾਲ ਜ਼ਮਾਨੇ ਭਰ ਵਿੱਚ ਮਸ਼ਹੂਰ ਹੋ ਗਏ ਸਨ। ਸੰਨ 1883 ਵਿਚ ਚਾਰਲਸ ਸਟਿੱਲਵੈੱਲ ਨਾਮਕ ਸ਼ਖ਼ਸ ਨੇ ਅਤੇ ਸੰਨ 1912 ਵਿਚ ਵਲਟਰ ਡਿਬੈਨਰ ਨੇ ਲਿਫ਼ਾਫ਼ਿਆਂ ਨੂੰ ਆਸਾਨੀ ਨਾਲ ਫ਼ੜਨ ਲਈ ਇਨ੍ਹਾਂ ਦੇ ਸੁਖ਼ਾਲੇ ਜਾਂ ਡੋਰੀ ਵਾਲੇ ਹੈਂਡਲ ਤਿਆਰ ਕੀਤੇ ਅਤੇ ਕਾਗ਼ਜ਼ੀ ਲਿਫ਼ਾਫ਼ਿਆਂ ਦੇ ਅਜੋਕੇ ਪ੍ਰਚੱਲਿਤ ਆਕਾਰ ਤੇ ਦਿੱਖ ਨੂੰ ਤਿਆਰ ਕਰਨ ਵਿਚ ਵੱਡਾ ਯੋਗਦਾਨ ਪਾਇਆ ਸੀ।
ਵਿਸ਼ਾ ਮਾਹਿਰ ਦੱਸਦੇ ਹਨ ਕਿ ਕਾਗ਼ਜ਼ੀ ਲਿਫ਼ਾਫ਼ਿਆਂ ਦੀ ਵਰਤੋਂ ਸਮਾਨ ਪਾਉਣ ਤੋਂ ਇਲਾਵਾ ਤੋਹਫ਼ਿਆਂ ਨੂੰ ਲਪੇਟਣ, ਫ਼ਲਾਂ ਨੂੰ ਚੰਗੀ ਹਾਲਤ ਵਿਚ ਬਣਾਈ ਰੱਖਣ ਲਈ, ਸ਼ੀਸ਼ੇ ਸਾਫ਼ ਕਰਨ ਲਈ ਅਤੇ ਬੱਚਿਆਂ ਲਈ ਆਰਟ ਅਤੇ ਕਰਾਫ਼ਟ ਸਬੰਧੀ ਕਈ ਕਾਰਜਾਂ ਵਿਚ ਕੀਤੀ ਜਾ ਸਕਦੀ ਹੈ। ਇਹ ਲਿਫ਼ਾਫ਼ੇ ਡੀਕੰਪੋਜ਼ ਵੀ ਹੋ ਜਾਂਦੇ ਹਨ ਭਾਵ ਗਲ਼ ਕੇ ਮਿੱਟੀ ਵਿਚ ਹੀ ਰਲ ਜਾਂਦੇ ਹਨ ਤੇ ਕੰਪੋਸਟ ਖ਼ਾਦ ਬਣ ਕੇ ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਦੇ ਕੰਮ ਲਈ ਵੀ ਵਰਤੇ ਜਾਂਦੇ ਹਨ।
ਸੋ, ਬਹੁਤ ਹੀ ਵੱਡੇ ਪੱਧਰ 'ਤੇ ਪ੍ਰਦੂਸ਼ਣ ਦੀ ਮਾਰ ਸਹਿ ਰਹੇ ਭਾਰਤ ਵਰਗੇ ਦੇਸ਼ ਅੰਦਰ ਤਾਂ ਇਹ ਦਿਵਸ ਮਨਾਏ ਜਾਣ ਦੀ ਬੜੀ ਭਾਰੀ ਲੋੜ ਹੈ। ਇਸ ਲਈ ਬੱਚਿਓ ਅੱਜ ਦੇ ਦਿਨ ਤੁਸੀਂ ਵੀ ਇਹ ਪ੍ਰਣ ਕਰੋ ਕਿ ਪੋਲੀਥੀਨ, ਦੇ ਬਣੇ ਲਿਫ਼ਾਫ਼ਿਆਂ ਦੀ ਵਰਤੋਂ ਨਾ ਤਾਂ ਤੁਸੀਂ ਆਪ ਕਰੋਗੇ ਤੇ ਨਾ ਹੀ ਦੂਜਿਆਂ ਨੂੰ ਕਰਨ ਦਿਓਗੇ। ਜੇਕਰ ਤੁਸੀਂ ਇਸ ਮੁਹਿੰਮ ਨੂੰ ਸਫ਼ਲ ਬਣਾਉਂਦੇ ਹੋ ਤਾਂ ਵਾਤਾਵਰਨ ਸੰਭਾਲ ਵਿਚ ਇਹ ਤੁਹਾਡਾ ਸਚਮੁੱਚ ਹੀ ਇਕ ਵੱਡਾ ਤੇ ਮਹੱਤਵਪੂਰਨ ਯੋਗਦਾਨ ਹੋਵੇਗਾ।
-410, ਚੰਦਰ ਨਗਰ, ਬਟਾਲਾ।
ਮੋਬਾਈਲ :97816-46008