25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸਾਉਣ ਮਹੀਨਾ ਆਇਆ

ਅਜੀਤ ਡੈਸਕ 19-07-2025

ਆਇਆ ਸਾਉਣ ਮਹੀਨਾ ਆਇਆ,
ਕਿਣਮਿਣ ਕਣੀਆਂ ਨਾਲ ਲਿਆਇਆ।

ਠੰਢੀਆਂ ਠੰਢੀਆਂ ਪੈਣ ਫੁਹਾਰਾਂ,
ਖਿੜ ਪਈਆਂ ਨੇ ਮੁੜ ਗੁਲਜ਼ਾਰਾਂ,
ਗਰਮੀ ਨੇ ਕੁਝ ਅਸਰ ਘਟਾਇਆ,
ਆਇਆ ਸਾਉਣ ਮਹੀਨਾ ਆਇਆ।
ਹਰਿਆਲੀ ਵੀ ਖਿੜ-ਖਿੜ ਹੱਸੀ,
ਸਾਵਣ ਆਇਆ ਜਾਵੇ ਦੱਸੀ,
ਕਾਇਨਾਤ ਨੇ ਸ਼ੋਰ ਮਚਾਇਆ,
ਆਇਆ ਸਾਉਣ ਮਹੀਨਾ ਆਇਆ।
ਪਸ਼ੂ ਪਰਿੰਦੇ ਗਰਕ ਰਹੇ ਸੀ,
ਗਰਮੀ ਦੇ ਨਾਲ ਤੜਪ ਰਹੇ ਸੀ,
ਸਭ ਨੇ ਰੱਬ ਦਾ ਸ਼ੁਕਰ ਮਨਾਇਆ,
ਆਇਆ ਸਾਉਣ ਮਹੀਨਾ ਆਇਆ।
ਠੰਢਾ ਮੌਸਮ ਭਰੇ ਹੁੰਗਾਰਾ,
ਕੁੜੀਆਂ ਦੇ ਲਈ ਤੀਜ ਸੰਧਾਰਾ,
ਪੇਕੇ ਤੋਂ ਚਲ ਸਹੁਰੇ ਆਇਆ,
ਆਇਆ ਸਾਉਣ ਮਹੀਨਾ ਆਇਆ।
ਫ਼ਸਲਾਂ ਵੀ ਲਹਿਰਾਵਣ ਲੱਗੀਆਂ,
ਭਿੰਨੀਆਂ-ਭਿੰਨੀਆਂ ਪੌਣਾਂ ਵਗੀਆਂ,
ਚਾਵਾਂ ਦਾ ਕਿਸੇ ਅੰਤ ਨਾ ਪਾਇਆ,
ਆਇਆ ਸਾਉਣ ਮਹੀਨਾ ਆਇਆ।
ਰਾਗ ਅਲਾਪੇ ਕੁਦਰਤ ਰਾਣੀ,
ਪੰਛੀ ਗਾਉਂਦੇ ਮਿੱਠੀ ਬਾਣੀ,
ਕਣੀਆਂ ਨੇ ਛਣਕਾਟਾ ਪਾਇਆ,
ਆਇਆ ਸਾਉਣ ਮਹੀਨਾ ਆਇਆ।
ਸ਼ਹਿਰਾਂ ਦੇ ਵਿਚ ਮੇਲੇ ਲੱਗਣ,
ਪਿੰਡਾਂ ਵਾਂਗੂੰ ਤੀਆਂ ਫੱਬਣ,
ਹਰ ਥਾਂ ਸਾਵਣ ਰੰਗ ਵਿਖਾਇਆ,
ਆਇਆ ਸਾਉਣ ਮਹੀਨਾ ਆਇਆ।
ਕੁਦਰਤ ਦਾ ਇਹ ਰੰਗ ਅਨੋਖਾ,
ਕਿਧਰੇ ਹਲਕਾ ਕਿਧਰੇ ਚੋਖਾ,
ਕੇਹੀ ਕੁਦਰਤ ਦੀ ਇਹ ਮਾਇਆ,
ਆਇਆ ਸਾਉਣ ਮਹੀਨਾ ਆਇਆ।

-ਓਮਕਾਰ ਸੂਦ ਬਹੋਨਾ
ਮੋਬਾਈਲ : 96540-36080.

ਪਿਛਲੀ ਖ਼ਬਰ ਬੱਚਿਓ, ਕਾਗ਼ਜ਼ੀ ਲਿਫ਼ਾਫ਼ੇ ਵਰਤੋ ਤੇ ਵਾਤਾਵਰਨ ਬਚਾਓ ਅਗਲੀ ਖ਼ਬਰ ਮੀਂਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।