ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਸਵੇਰੇ ਜ਼ਿਆਦਾ ਠੰਢ ਹੁੰਦੀ ਹੈ। ਦਿਨ ਛੋਟੇ ਹੋਣ ਕਾਰਨ ਸ਼ਾਮ ਨੂੰ ਹਨੇਰਾ ਛੇਤੀ ਹੁੰਦਾ ਹੈ।
...ਤਾਂ ਕਿ ਘਰ ਵਿਚ ਬਣੀ ਰਹੇ ਗਰਮਾਹਟ : ਗਰਮੀ ਦੇ ਮੌਸਮ ਵਿਚ ਜਿਥੇ ਹਲਕੇ ਕੂਲਿੰਗ ਇਫੈਕਟ ਵਾਲੇ ਸੂਤੀ ਕੱਪੜਿਆਂ ਦੀ ਫਰਨਿੰਸ਼ਿੰਗ ਜ਼ਰੂਰੀ ਹੁੰਦੀ ਹੈ। ਠੀਕ ਇਸ ਦੇ ਉਲਟ ਸਰਦੀ ਦੇ ਮੌਸਮ ਵਿਚ ਊਨੀ ਬੈਡਸ਼ੀਟ, ਪਰਦੇ, ਰਗਸ, ਸੋਫਾ ਕਵਰ, ਸਿਰਹਾਣੇ ਦੇ ਗਿਲਾਫ਼, ਕੁਸ਼ਨ ਕਵਰ ਹੋਣ ਤਾਂ ਉਹ ਗਰਮੀ ਨੂੰ ਰੋਕਦੇ ਹਨ ਅਤੇ ਠੰਢੇ ਫਰਸ਼ ਤੋਂ ਹੋਣ ਵਾਲੇ ਨੂੰ ਨੁਕਸਾਨ ਨੂੰ ਘੱਟ ਕਰਦੇ ਹਨ। ਊਨੀ ਕਾਲੀਨ ਇਕ ਕੁਦਰਤੀ ਇੰਸੂਲੇਟਿੰਗ ਏਜੰਟ ਦੀ ਤਰ੍ਹਾਂ ਕੰਮ ਕਰਦਾ ਹੈ। ਇਨ੍ਹਾਂ ਨਾਲ ਅਸੀਂ ਸਰਦੀਆਂ ਵਿਚ ਕਮਰੇ ਨੂੰ ਜ਼ਿਆਦਾ ਆਰਾਮਦਾਇਕ ਬਣਾ ਕੇ ਊਰਜਾ ਦੀ ਖਪਤ ਘੱਟ ਕਰਕੇ ਕਮਰਿਆਂ ਨੂੰ ਗਰਮ ਰੱਖ ਸਕਦੇ ਹਾਂ।
ਪੋਰਟੇਬਲ ਚੁੱਲ੍ਹਾ, ਪ੍ਰਭਾਵ ਵੱਡਾ : ਜਿਵੇਂ-ਜਿਵੇਂ ਠੰਢ ਵਧਦੀ ਹੈ, ਅੱਗ ਸੇਕਣ ਨਾਲ ਹੀ ਰਾਹਤ ਮਿਲਦੀ ਹੈ। ਇਸ ਲਈ ਗਲੀਆਂ ਅਤੇ ਸੜਕਾਂ 'ਤੇ ਲੋਕ ਅੱਗ ਬਾਲਦੇ ਹਨ, ਤਾਂ ਲੋਕ ਘਰ ਵਿਚ ਹੀਟਰ ਜ਼ਰੀਏ ਤਾਪਮਾਨ ਨੂੰ ਵਧਾ ਕੇ ਰੱਖਦੇ ਹਨ। ਪਿੰਡਾਂ ਵਿਚ ਗੈਸ ਚੁੱਲ੍ਹਿਆਂ ਨੂੰ ਘਰ ਦੇ ਬਾਹਰੀ ਹਿੱਸੇ ਵਿਚ ਰੱਖ ਕੇ ਤਾਂ ਬਣਾਇਆ ਹੀ ਜਾ ਸਕਦਾ ਹੈ, ਘਰ ਨੂੰ ਗਰਮ ਵੀ ਰੱਖਿਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਸਟੋਵ ਨੂੰ 'ਫਾਇਰ ਪਲੇਸ' ਦੇ ਅੰਦਰ ਰੱਖ ਕੇ ਵੀ ਘਰ ਨੂੰ ਗਰਮ ਰੱਖਿਆ ਜਾ ਸਕਦਾ ਹੈ।
ਕੋਜ਼ੀ ਬੈੱਡਰੂਮ : ਸਰਦੀ ਦੇ ਮੌਸਮ ਵਿਚ ਸਾਨੂੰ ਬੈੱਡਰੂਮ ਵਿਚ ਜ਼ਿਆਦਾ ਸਮਾਂ ਬਿਤਾਉਣਾ ਪੈਂਦਾ ਹੈ। ਇਸ ਲਈ ਜਿੰਨਾ ਸੰਭਵ ਹੋਵੇ, ਉਸ ਵਿਚ ਬਦਲਾਅ ਕਰਨਾ ਚਾਹੀਦਾ। ਹਲਕੇ ਗਰਮੀਆਂ ਦੇ ਬਿਸਤਰ ਦੀ ਥਾਂ, ਊਨੀ ਬੈੱਡਸ਼ੀਟ, ਪਿੱਲੋ ਕਵਰ, ਰਗਸ, ਕਾਲੀਨ, ਪਰਦਿਆਂ ਦੀ ਵਰਤੋਂ ਕਰੋ ਤਾਂ ਕਿ ਕਮਰਿਆਂ ਵਿਚ ਗਰਮੀ ਬਣੀ ਰਹੇ। ਅਸੀਂ ਰਾਤ ਭਰ ਆਰਾਮ ਨਾਲ ਸੌਂ ਸਕੀਏ ਅਤੇ ਬੈੱਡਰੂਮ ਦੀ ਦਿੱਖ ਨੂੰ ਵੀ ਖ਼ੂਬਸੂਰਤ ਬਣਾ ਸਕੀਏ। ਇਸ ਲਈ ਗੂੜ੍ਹੇ ਰੰਗਾਂ ਦੀ ਵਰਤੋਂ ਕਰੋ, ਜੋ ਉਸ ਥਾਂ ਵਿਚ ਗਰਮਾਹਟ ਲਿਆਉਂਦੇ ਹਨ।
ਦਰਵਾਜ਼ੇ ਅਤੇ ਖਿੜਕੀਆਂ : ਸਰਦੀ ਦੇ ਦਿਨਾਂ ਵਿਚ ਜ਼ਿਆਦਾਤਰ ਗਰਮੀ ਖਿੜਕੀ ਅਤੇ ਦਰਵਾਜ਼ਿਆਂ ਤੋਂ ਨਿਕਲਦੀ ਹੈ, ਇਸ ਲਈ ਉਨ੍ਹਾਂ ਨੂੰ ਪਲਾਸਟਿਕ ਦੀ ਸੀਲਿੰਗ ਨਾਲ ਜਾਂ ਬੋਰਡ ਨਾਲ ਸੀਲ ਕਰੋ। ਉਨ੍ਹਾਂ 'ਤੇ ਮੋਟੇ ਪਰਦੇ ਲਗਾਓ, ਪਰਦੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਕਿ ਧੁੱਪ ਨਾਲ ਗਰਮੀ ਅੰਦਰ ਆਵੇ ਅਤੇ ਰਾਤ ਸਮੇਂ ਠੰਢ ਨੂੰ ਬਾਹਰ ਰੱਖਣ ਵਿਚ ਕਾਮਯਾਬ ਹੋਵੇ। ਦਿਨ ਸਮੇਂ ਪਰਦੇ ਖੋਲ੍ਹ ਕੇ ਅਤੇ ਸ਼ਾਮ ਦੇ ਬਾਅਦ ਦਰਵਾਜ਼ੇ ਅਤੇ ਖਿੜਕੀਆਂ ਨੂੰ ਬੰਦ ਕਰਕੇ ਰੱਖੋ। ਬਾਹਰ ਵੱਲ ਖੁੱਲ੍ਹਣ ਵਾਲੇ ਦਰਵਾਜ਼ਿਆਂ ਦੀਆਂ ਦਰਾਰਾਂ ਨੂੰ ਸੀਲ ਕਰਵਾਓ ਤਾਂ ਕਿ ਘਰ ਵਿਚ ਗਰਮਾਇਸ਼ ਬਣੀ ਰਹੇ।
ਘਰ ਨੂੰ ਗਰਮ ਰੱਖਣ ਲਈ : ਜ਼ਿਆਦਾ ਸਰਦੀ ਦੇ ਦਿਨਾਂ ਵਿਚ ਜਦੋਂ ਬਿਜਲੀ ਕਟ ਜ਼ਿਆਦਾ ਹੁੰਦੇ ਹਨ ਤਾਂ ਆਪਣੇ ਘਰ ਨੂੰ ਗਰਮ ਕਰਨ ਦੇ ਬਦਲਵੇਂ ਢੰਗ ਵੀ ਬਣਾ ਕੇ ਰੱਖੋ। ਤੁਹਾਡੇ ਕੋਲ ਗੈਸ, ਹੀਟਰ, ਫਾਇਰ ਪਲੇਸ ਜਾਂ ਗੈਸ ਸਟੋਵ ਜੇਕਰ ਹੈ, ਤਾਂ ਉਨ੍ਹਾਂ ਨੂੰ ਸਹੀ ਕਰਵਾ ਕੇ ਰੱਖੋ। ਇਹ ਬਿਜਲੀ ਦੇ ਮੁਕਾਬਲੇ ਵਿਚ ਸਸਤੇ ਤਾਂ ਹੁੰਦੇ ਹੀ ਹਨ, ਬਿਜਲੀ ਨਾ ਹੋਣ 'ਤੇ ਠੰਢ ਤੋਂ ਪ੍ਰੇਸ਼ਾਨ ਹੋਣ ਦੀ ਬਜਾਏ ਇਨ੍ਹਾਂ ਦੀ ਵਰਤੋਂ ਨਾਲ ਘਰ ਨੂੰ ਗਰਮ ਰੱਖਿਆ ਜਾ ਸਕਦਾ ਹੈ।
ਘਰ ਦਾ ਬਾਹਰੀ ਹਿੱਸਾ : ਸਰਦੀਆਂ ਲਈ ਘਰ ਦੇ ਬਾਹਰੀ ਹਿੱਸੇ ਨੂੰ ਠੰਢੇ ਤਾਪਮਾਨ, ਬਰਫ ਅਤੇ ਪਾਲੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਪਹਿਲਾਂ ਤੋਂ ਹੀ ਆਪਣੀ ਛੱਤ ਦਾ ਨੁਕਸਾਨਿਆ ਹਿੱਸਾ ਮੁਰੰਮਤ ਕਰਵਾ ਕੇ ਤੇਜ਼ ਹਵਾ ਦੇ ਝੋਂਕਿਆਂ ਨੂੰ ਰੋਕਣ ਲਈ ਖਿੜਕੀਆਂ ਤੇ ਦਰਵਾਜ਼ਿਆਂ ਨੂੰ ਸੀਲ ਕਰਵਾਓ ਅਤੇ ਆਪਣੇ ਵਿਹੜੇ ਤੇ ਘਰ ਦੇ ਦੂਸਰੇ ਹਿੱਸਿਆਂ ਨੂੰ ਮਜ਼ਬੂਤ ਬਣਾਓ। ਜੇਕਰ ਤੁਹਾਡੀ ਛੱਤ ਜ਼ਿਆਦਾ ਪੁਰਾਣੀ ਹੈ, ਤਾਂ ਉਸ ਨੂੰ ਠੀਕ ਕਰਵਾ ਲਓ ਤੇ ਜੇਕਰ ਛੱਤ ਚੰਗੀ ਸਥਿਤੀ 'ਚ ਹੈ ਤਾਂ ਛੋਟੀ-ਛੋਟੀ ਮੁਰੰਮਤ ਦਾ ਕੰਮ ਖ਼ੁਦ ਹੀ ਕਰ ਲਉ। ਇਨ੍ਹਾਂ ਉਪਾਵਾਂ ਨਾਲ ਨਾ ਸਿਰਫ਼ ਤੁਸੀਂ ਆਪਣੇ ਘਰ ਤੇ ਬਾਹਰ ਦੇ ਵਾਤਾਵਰਨ ਨੂੰ ਗਰਮ ਰੱਖ ਸਕਦੇ ਹੋ, ਸਗੋਂ ਸਰਦੀ ਦੇ ਦਿਨਾਂ 'ਚ ਆਉਣ ਵਾਲੇ ਬਿਜਲੀ ਬਿਲ ਨੂੰ ਵੀ ਘੱਟ ਕਰ ਸਕਦੇ ਹੋ।
ਸਰਦੀਆਂ ਲਈ ਘਰ ਨੂੰ ਕਰ ਲਓ ਤਿਆਰ
ਅਜੀਤ ਡੈਸਕ
04-12-2025