ਇਕ ਇਤਿਹਾਸਕ ਵਾਕਿਆ ਸਾਲ 1739 ਈਸਵੀ ਦਾ ਹੈ, ਜਦ ਵਿਦੇਸ਼ੀ ਹਮਲਾਵਰ ਨਾਦਰਸ਼ਾਹ ਨੇ ਭਾਰਤ 'ਤੇ ਹਮਲਾ ਕੀਤਾ। ਖ਼ਾਸ ਕਰਕੇ ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਵੱਡੀ ਮਾਰਧਾੜ ਕੀਤੀ ਅਤੇ ਧਨ-ਦੌਲਤ ਸਮੇਤ ਔਰਤਾਂ ਨੂੰ ਜ਼ਬਰਦਸਤੀ ਉਧਾਲਦਿਆਂ ਵਾਪਸ ਆਪਣੇ ਵਤਨ ਪਰਤਣ ਲੱਗਾ। ਜਦ ਇਸ ਘਟਨਾ ਦਾ ਜੁਝਾਰੂ ਸਿੱਖਾਂ (ਖ਼ਾਲਸੇ) ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਵਾਪਸ ਪਰਤਦੇ ਨਾਦਰਸ਼ਾਹ ਅਤੇ ਉਸ ਦੇ ਸੈਨਿਕਾਂ 'ਤੇ ਜ਼ਬਰਦਸਤ ਹਮਲਾ ਕਰ ਕੇ ਲੁੱਟੇ ਹੋਏ ਮਾਲ ਦਾ ਇਕ ਵੱਡਾ ਹਿੱਸਾ ਖੋਹ ਲਿਆ ਤੇ ਉਸ ਦੀ ਕੈਦ 'ਚੋਂ ਔਰਤਾਂ ਨੂੰ ਆਜ਼ਾਦ ਕਰਵਾਇਆ। ਸਿੱਖਾਂ ਦੀ ਬਹਾਦਰੀ ਤੇ ਨਿੱਡਰਤਾ ਤੋਂ ਨਾਦਰਸ਼ਾਹ ਕਾਫ਼ੀ ਦਹਿਲ ਗਿਆ ਤੇ ਉਸ ਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੂੰ ਸਿੱਖਾਂ ਦੀ ਹੋਣ ਵਾਲੀ ਚੜ੍ਹਤ ਤੋਂ ਖ਼ਬਰਦਾਰ ਕਰਦਿਆਂ ਸਿੱਖਾਂ ਦਾ ਖ਼ੁਰਾ-ਖੋਜ ਮਿਟਾਉਣ ਦਾ ਹੁਕਮ ਚਾੜ੍ਹ ਦਿੱਤਾ। ਜ਼ਕਰੀਏ ਨੇ ਸਿੱਖਾਂ 'ਤੇ ਜ਼ੋਰ-ਜਬਰ ਤੇ ਜ਼ੁਲਮ ਦੇ ਅੰਨ੍ਹੇ ਦੌਰ ਨੂੰ ਹੋਰ ਤਿੱਖਾ ਕਰ ਦਿੱਤਾ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਤੇ ਸਿੱਖਾਂ ਦਾ ਸਾਥ ਜਾਂ ਸਹਾਇਤਾ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਐਲਾਨ ਦਿੱਤੀ। ਸਿੱਖਾਂ ਆਪਣੀ ਰਣਨੀਤੀ/ਪੈਂਤੜੇ ਤਹਿਤ ਜਰਵਾਣਿਆਂ ਦੀ ਨਜ਼ਰ ਤੋਂ ਕੁਝ ਸਮੇਂ ਓਹਲੇ ਤੇ ਸੰਗਠਿਤ ਹੋਣ ਲਈ ਬੀਕਾਨੇਰ ਦੇ ਜੰਗਲਾਂ ਵੱਲ ਕੂਚ ਕਰ ਗਏ।
ਜ਼ਕਰੀਏ ਨੇ ਢੰਡੋਰਾ ਪਿਟਵਾ ਦਿੱਤਾ ਕਿ ਉਸ ਨੇ ਸਿੱਖ ਕੌਮ ਦਾ ਅੰਤ ਕਰ ਦਿੱਤਾ ਹੈ। ਜਦ ਇਸ ਢੰਡੋਰੇ ਦੀ ਭਿਣਕ ਅਣਖੀ ਯੋਧਿਆਂ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਦੇ ਕੰਨੀਂ ਪਈ ਤਾਂ ਉਨ੍ਹਾਂ ਜ਼ਾਲਮ ਹਕੂਮਤ ਨੂੰ ਚੁਣੌਤੀ ਦੇ ਕੇ ਦੱਸਣ ਦਾ ਨਿਸ਼ਚਾ ਕੀਤਾ ਕਿ ਖ਼ਾਲਸਾ ਪੰਥ ਹਮੇਸ਼ਾ ਜਿਊਂਦਾ ਰਹੇਗਾ। ਦੱਸਿਆ ਜਾਂਦਾ ਹੈ ਕਿ ਇਹ ਦੋਵੇਂ ਯੋਧੇ ਵਾਹੀਕਾਰ ਪਰਿਵਾਰ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਥੇ ਨਾਲ ਸੰਬੰਧਿਤ ਸਨ। ਉਨ੍ਹਾਂ ਦਿੱਲੀ ਤੋਂ ਲਾਹੌਰ ਨੂੰ ਜਾਂਦੇ ਮੁੱਖ ਮਾਰਗ 'ਤੇ ਪਿੰਡ ਨੂਰਦੀਨ ਸਰਾਂ (ਹੁਣ ਜ਼ਿਲ੍ਹਾ ਤਰਨ ਤਾਰਨ) ਦੇ ਕੋਲ ਖ਼ਾਲਸਾਈ ਨਿਸ਼ਾਨ ਸਾਹਿਬ ਗੱਡਿਆ ਅਤੇ ਖ਼ਾਲਸਾ ਸਰਕਾਰ ਲਈ ਯਕਾਤ (ਚੁੰਗੀ) ਦੀ ਉਗਰਾਹੀ ਲਈ ਨਾਕਾ ਲਾ ਦਿੱਤਾ। ਉੱਥੋਂ ਦੇ ਲੰਘਣ ਵਾਲੇ ਵਪਾਰੀਆਂ ਤੋਂ ਚੂੰਗੀ ਵਸੂਲਦਿਆਂ ਜ਼ਕਰੀਆ ਖ਼ਾਨ ਨੂੰ ਇਹ ਚਿੱਠੀ ਵੀ ਲਿਖ ਕੇ ਭੇਜ ਦਿੱਤੀ:
ਚਿੱਠੀ ਲਿਖੇ ਸਿੰਘ ਬੋਤਾ,
ਹੱਥ ਹੈ ਸੋਟਾ, ਵਿਚ ਰਾਹ ਖੜੋਤਾ,
ਆਨਾ ਲਾਯਾ ਗੱਡੇ ਨੂੰ,
ਪੈਸਾ ਲਾਯਾ ਖੋਤਾ,
ਆਖੋ ਭਾਬੀ ਖ਼ਾਨੋ ਨੂੰ,
ਯੌਂ ਆਖੇ ਸਿੰਘ ਬੋਤਾ।
ਜ਼ਿਕਰਯੋਗ ਹੈ ਕਿ ਇਹ ਵਸੂਲ ਲਾਉਣ ਦਾ ਮਤਲਬ ਧਨ ਇਕੱਠਾ ਕਰਨਾ ਨਹੀਂ, ਸਗੋਂ ਸਿੱਖਾਂ ਨੂੰ ਖ਼ਤਮ ਕਰਨ ਦੇ ਦਾਅਵੇ ਨੂੰ ਖ਼ਾਰਜ ਕਰਨਾ ਸੀ। ਜ਼ਕਰੀਏ ਨੂੰ ਜਦ ਇਹ ਖ਼ਬਰ ਮਿਲੀ ਤਾਂ ਉਹ ਹੈਰਾਨੀ ਭਰੀ ਬੁਖ਼ਲਾਹਟ 'ਚ ਆ ਗਿਆ ਤੇ ਉਸ ਨੇ ਅੱਗ-ਬਬੂਲਾ ਹੁੰਦਿਆਂ ਤਰੁੰਤ ਆਪਣੇ ਫ਼ੌਜਦਾਰ ਜਲਾਲੂਦੀਨ ਨੂੰ ਇਸ ਖ਼ਾਲਸਾ ਰਾਜ ਨੂੰ ਖਦੇੜਨ ਦੇ ਹੁਕਮ ਚਾੜ੍ਹ ਦਿੱਤੇ। ਜੁਲਾਈ 1739 ਨੂੰ ਹਥਿਆਰਬੰਦ ਸੈਂਕੜੇ ਸਿਪਾਹੀਆਂ ਨਾਲ ਫ਼ੌਜਦਾਰ ਜਲਾਲੂਦੀਨ ਨੇ ਜਾ ਘੇਰਿਆ ਪਾਇਆ। ਪਰ ਇਹ ਜਾਂਬਾਜ਼ ਨਾ ਡਰੇ ਤੇ ਨਾ ਭੱਜੇ, ਸਗੋਂ ਦ੍ਰਿੜ੍ਹਤਾ ਤੇ ਬਹਾਦਰੀ ਨਾਲ ਆਪਣੇ ਸਲੋਤਰੇ (ਮੋਟੇ ਸੋਟੇ)/ ਤੇਗ ਨਾਲ ਹੀ ਇਸ ਮੁਗ਼ਲ ਫ਼ੌਜ ਦਾ ਟਾਕਰਾ ਕਰਨ ਲਈ ਤਿਆਰ ਹੋ ਗਏ। ਫ਼ੌਜਦਾਰ ਜਲਾਲੂਦੀਨ ਸਿਰਫ਼ ਦੋ ਸਿੰਘਾਂ ਨੂੰ ਵੇਖ ਕੇ ਉਨ੍ਹਾਂ ਨੂੰ ਕਹਿਣ ਲੱਗਾ ਕਿ ਕਿਉਂ ਮੌਤ ਨੂੰ ਵੰਗਾਰ ਰਹੇ ਹੋ, ਮੁਗ਼ਲ ਦਰਬਾਰ 'ਚ ਹਾਜ਼ਰ ਹੋ ਕੇ ਮੁਆਫ਼ੀ ਮੰਗ ਲਵੋ। ਅੱਗੋਂ ਸਿੰਘਾਂ ਨੇ ਕਿਹਾ ਕਿ ਤੁਹਾਡਾ ਸੂਬੇਦਾਰ ਹੀ ਭੁਲੇਖੇ 'ਚ ਹੈ ਕਿ ਸਿੱਖ ਖ਼ਤਮ ਕਰ ਦਿੱਤੇ ਹਨ। ਫ਼ੌਜਦਾਰ ਨੇ ਸਿੱਖਾਂ ਨੂੰ ਫੜਨ ਲਈ ਕੁਝ ਸਿਪਾਹੀ ਅੱਗੇ ਕੀਤੇ ਤਾਂ ਦੋਹਾਂ ਸੂਰਮਿਆਂ ਨੇ ਉਨ੍ਹਾਂ ਦੀ ਪੇਸ਼ ਨਾ ਜਾਣ ਦਿੱਤੀ। ਇਹ ਵੇਖ ਫ਼ੌਜਦਾਰ ਨੇ ਸਾਰੇ ਸੈਨਿਕ ਨੂੰ ਇਕੱਠਿਆਂ ਹੀ ਧਾਵਾ ਬੋਲਣ ਦਾ ਹੁਕਮ ਦੇ ਦਿੱਤਾ। ਇਸ ਵੱਡੀ ਧਾੜ ਦੇ ਹਮਲੇ ਦਾ ਸਾਹਮਣਾ ਕਰਨ ਲਈ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੇ ਪਿੱਠਾਂ ਜੋੜਦਿਆਂ ਆਪਣੇ-ਆਪ ਨੂੰ ਬੰਨ੍ਹ ਲਿਆ ਤਾਂ ਕਿ ਪਿਛਲੇ ਪਾਸਿਓਂ ਹੋਣ ਵਾਲੇ ਹਮਲੇ ਤੋਂ ਕੁਝ ਬਚਾਅ ਹੁੰਦਾ ਰਹੇ। ਦੋਹਾਂ ਨੇ ਸੂਰਮਗਤੀ ਨਾਲ ਮੁਗਲ ਫ਼ੌਜ ਦੇ ਵੱਡੇ ਹਜ਼ੂਮ ਨਾਲ ਲੋਹਾ ਲੈਣਾ ਸ਼ੁਰੂ ਕਰ ਦਿੱਤਾ।
ਜਬ ਆਵ ਕੀ ਅਉਧ ਨਿਦਾਨ ਬਨੈ
ਅਤਿ ਹੀ ਰਨ ਮੈ ਤਬ ਜੂਝ ਮਰੋ॥
ਇਨ੍ਹਾਂ ਸ਼ਬਦਾਂ 'ਤੇ ਅਮਲ ਕਰਦਿਆਂ ਮੈਦਾਨ-ਏ-ਜੰਗ 'ਚ ਬਹਾਦਰੀ ਨਾਲ ਜੂਝਦਿਆਂ ਬਹੁਤ ਸਾਰੇ ਸਿਪਾਹੀਆਂ ਨੂੰ ਪਾਰ ਬੁਲਾਉਂਦਿਆਂ ਸਿਰ ਧੜ੍ਹ ਦੀ ਬਾਜ਼ੀ ਲਾ ਕੇ ਸ਼ਹਾਦਤ ਦਾ ਜਾਮ ਪੀ ਲਿਆ।
ਨਿਸਚੈ ਕਰਿ ਅਪੁਨੀ ਜੀਤ ਕਰੋ॥
ਅਨੁਸਾਰ ਸਿੱਖੀ ਦੇ ਸਵੈਮਾਣ, ਸਿੱਖੀ ਪਛਾਣ, ਸਿੱਖੀ ਹੋਂਦ ਅਤੇ ਸਿੱਖ ਕੌਮ ਦੀ ਦ੍ਰਿੜ੍ਹਤਾ ਦੀ ਨਿਸਚੇ ਨਾਲ ਫ਼ਤਹਿ ਹਾਸਲ ਕਰਨ ਵਾਲੇ ਇਨ੍ਹਾਂ ਮਹਾਨ ਸੂਰਬੀਰਾਂ ਸ਼ਹੀਦ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੂੰ ਸਿੱਖੀ ਦੀ ਆਨ ਤੇ ਸ਼ਾਨ ਦੇ ਰਖਵਾਲਿਆਂ ਵਜੋਂ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।
-ਹਾਲ ਵਾਸੀ ਸਿਡਨੀ (ਆਸਟ੍ਰੇਲੀਆ)
ਵਟਸਐਪ: 8764-74858