ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਦਾ ਖਜ਼ਾਨਾ ਪੂਰੀ ਤਰ੍ਹਾਂ ਨਾਲ ਭਰੇ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਲੋਕਾਂ ਨੂੰ ਦਿੱਤੀਆਂ ਗਈਆਂ ਗਾਰੰਟੀਆਂ ਪੈਸੇ ਨਾਲ ਹੀ ਪੂਰੀਆਂ ਕੀਤੀਆਂ ਜਾ ਰਹੀਆਂ ਹਨ | ਸਰਕਾਰ ਸਿਰ ਲਗਾਤਾਰ ਵਧ ਰਹੇ ਕਰਜ਼ੇ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ | ਇਸ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਕਰਜ਼ੇ ਨੂੰ ਘਟਾਉਣ ਲਈ ਵੱਡੀ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ | ਇਸ ਮੌਕੇ ਉਨ੍ਹਾਂ ਪੰਜਾਬ ਦੇ ਮਾਲੀਏ 'ਚ ਵੀ ਰਿਕਾਰਡ ਵਾਧੇ ਦਾ ਦਾਅਵਾ ਕਰਦਿਆਂ ਕਿਹਾ ਕਿ ਇਕ ਸਮੇਂ ਟੈਕਸ ਉਗਰਾਹੀ ਦੇ ਮਾਮਲੇ 'ਚ ਪੰਜਾਬ ਪਿੱਛੇ ਸੀ ਪਰ ਅੱਜ ਪੰਜਾਬ ਨੇ ਜੀ. ਐਸ. ਟੀ. ਦੀ ਉਗਰਾਹੀ ਦੇ ਮਾਮਲੇ 'ਚ 44 ਫ਼ੀਸਦੀ ਦਾ ਰਿਕਾਰਡ ਵਾਧਾ ਦਰਜ ਕੀਤਾ ਹੈ | ਉਨ੍ਹਾਂ ਕਿਹਾ ਕਿ ਜਿੰਨਾ ਮਾਲੀਆ ਪਿਛਲੀ ਕਾਂਗਰਸ ਸਰਕਾਰ ਨੇ 5 ਸਾਲਾਂ 'ਚ ਇਕੱਠਾ ਕੀਤਾ ਸੀ, ਉਸ ਤੋਂ ਵੀ ਜ਼ਿਆਦਾ ਪੰਜਾਬ ਸਰਕਾਰ ਨੇ ਕੇਵਲ 3 ਸਾਲਾਂ 'ਚ ਹੀ ਇਕੱਠਾ ਕਰ ਲਿਆ ਹੈ |