ਬਰਨਾਲਾ, 3 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਟਰਾਈਡੈਂਟ ਗਰੁੱਪ ਵਲੋਂ ਸ਼ੁਰੂ ਕੀਤੇ ਗਏ 'ਮੁਫ਼ਤ ਮੈਗਾ ਮੈਡੀਕਲ ਕੈਂਪ-2025' ਦਾ ਅੱਜ ਛੇਵਾਂ ਅਤੇ ਆਖ਼ਰੀ ਪੜਾਅ ਸ਼ੁਰੂ ਹੋ ਗਿਆ ਹੈ | ਪਹਿਲੇ ਦਿਨ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਸੀ.ਐਮ.ਸੀ. ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਤੋਂ ਆਪਣਾ ਚੈੱਕਅੱਪ ਕਰਵਾਇਆ ਗਿਆ | ਲੋਕਾਂ ਨੇ ਟਰਾਈਡੈਂਟ ਗਰੁੱਪ ਦੇ ਇਸ ਸਮਾਜ ਸੇਵੀ ਕਾਰਜ ਦੀ ਦਿਲੋਂ ਤਾਰੀਫ਼ ਕੀਤੀ ਅਤੇ ਗਰੁੱਪ ਦੇ ਸੰਸਥਾਪਕ, ਰਾਜ ਸਭਾ ਮੈਂਬਰ ਪਦਮਸ੍ਰੀ ਰਾਜਿੰਦਰ ਗੁਪਤਾ, ਸੀ.ਐੱਸ.ਆਰ. ਹੈੱਡ ਮੈਡਮ ਮਧੂ ਗੁਪਤਾ ਅਤੇ ਸੀ.ਐਕਸ.ਓ. ਸ੍ਰੀ ਅਭਿਸ਼ੇਕ ਗੁਪਤਾ ਦਾ ਧੰਨਵਾਦ ਕੀਤਾ | ਕੈਂਪ 'ਚ ਅੱਖਾਂ ਦੀ ਜਾਂਚ ਕਰਵਾਉਣ ਪੁੱਜੇ ਬਜ਼ੁਰਗਾਂ ਸ਼ਮਸ਼ੇਰ ਸਿੰਘ ਪੁੱਤਰ ਰਾਮ ਸਿੰਘ, ਸ਼ਮਸ਼ੇਰ ਸਿੰਘ ਪੁੱਤਰ ਗੁਰਨਾਮ ਸਿੰਘ ਅਤੇ ਜੀਤ ਸਿੰਘ ਨੇ ਕਿਹਾ ਕਿ ਟਰਾਈਡੈਂਟ ਗਰੁੱਪ ਵਲੋਂ ਲਗਾਇਆ ਗਿਆ ਇਹ ਕੈਂਪ ਉਨ੍ਹਾਂ ਲਈ ਵਰਦਾਨ ਸਾਬਤ ਹੋਇਆ ਹੈ | ਪਿੰਡ ਪੰਡੋਰੀ ਤੋਂ ਪੁੱਜੇ ਕੇਵਲ ਸਿੰਘ ਅਤੇ ਮਨਦੀਪ ਕੌਰ ਨੇ ਕਿਹਾ ਕਿ ਉਹ ਅੱਖਾਂ ਤੇ ਪੇਟ ਦੀ ਜਾਂਚ ਕਰਵਾਉਣ ਲਈ ਕੈਂਪ 'ਚ ਪੁੱਜੇ ਹਨ | ਸੀ.ਐਮ.ਸੀ. ਲੁਧਿਆਣਾ ਵਰਗੇ ਵੱਡੇ ਹਸਪਤਾਲ ਵਿਚ ਜਾ ਕੇ ਇਲਾਜ ਕਰਵਾਉਣਾ ਸਾਡੀ ਪਹੁੰਚ ਤੋਂ ਬਹੁਤ ਦੂਰ ਸੀ | ਪਿੰਡ ਸੇਖਾ ਤੋਂ ਬਜ਼ੁਰਗ ਸਾਧਾ ਸਿੰਘ ਅਤੇ ਨਛੱਤਰ ਕੌਰ ਨੇ ਕਿਹਾ ਕਿ ਉਨ੍ਹਾਂ ਦੋਵਾਂ ਉਹ ਕਾਫ਼ੀ ਸਮੇਂ ਤੋਂ ਹੱਡੀਆਂ ਦੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ, ਪਰ ਵੱਡੇ ਹਸਪਤਾਲਾਂ ਦੇ ਖਰਚਿਆਂ ਤੋਂ ਡਰਦੇ ਸਨ | ਟਰਾਈਡੈਂਟ ਗਰੁੱਪ ਦੇ ਇਸ ਕੈਂਪ ਨੇ ਸਾਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ | ਕੈਂਪ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਟਰਾਈਡੈਂਟ ਗਰੁੱਪ ਦੇ ਸਟਾਫ਼ ਮੈਂਬਰ ਕੈਂਪ ਇੰਚਾਰਜ ਪਵਨ ਸਿੰਗਲਾ, ਚਰਨਜੀਤ ਸਿੰਘ, ਜਗਰਾਜ ਸਿੰਘ ਪੰਡੋਰੀ, ਗੁਰਵਿੰਦਰ ਕੌਰ ਤੇ ਰੁਪਿੰਦਰ ਕੌਰ ਮਰੀਜ਼ਾਂ ਦੀ ਸਹਾਇਤਾ ਲਈ ਹਮੇਸ਼ਾ ਤਤਪਰ ਰਹੇ ਤਾਂ ਜੋ ਕਿਸੇ ਨੂੰ ਵੀ ਕੋਈ ਮੁਸ਼ਕਿਲ ਪੇਸ਼ ਨਾ ਆਵੇ |