ਤਪਾ ਮੰਡੀ, 3 ਦਸੰਬਰ (ਪ੍ਰਵੀਨ ਗਰਗ)-ਆਮ ਆਦਮੀ ਪਾਰਟੀ ਹਲਕਾ ਭਦੌੜ ਦੇ ਵਿਧਾਇਕ ਸ: ਲਾਭ ਸਿੰਘ ਉੱਗੋਕੇ ਦੀ ਰਹਿਨੁਮਾਈ ਹੇਠ ਪਿੰਡ ਢਿਲਵਾਂ (ਨਾਭਾ) ਜ਼ੋਨ ਤੋਂ ਬਲਾਕ ਸੰਮਤੀ ਦੇ ਲਈ ਤੇਜਿੰਦਰ ਸਿੰਘ ਢਿਲਵਾਂ ਨੂੰ ਉਮੀਦਵਾਰ ਐਲਾਨਿਆ ਗਿਆ | ਪੱਤਰਕਾਰਾਂ ਨਾਲ ਹੋਈ ਗੱਲਬਾਤ ਦੌਰਾਨ ਤੇਜਿੰਦਰ ਸਿੰਘ ਢਿਲਵਾਂ ਨੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਇਲਾਕੇ ਦੇ ਹਰੇਕ ਵੋਟਰ ਦਾ ਭਰੋਸਾ ਜਿੱਤਣ ਲਈ ਮਿਹਨਤ ਜਾਰੀ ਰੱਖਣਗੇ ਅਤੇ ਢਿਲਵਾਂ (ਨਾਭਾ) ਜੋਨ ਵਿਚ ਵਿਕਾਸਕਾਰੀ ਸਿਆਸਤ ਨੂੰ ਨਵੀਂ ਦਿਸ਼ਾ ਦੇਣ ਦਾ ਯਤਨ ਕਰਨਗੇ | ਆਪ ਆਗੂਆਂ ਅਤੇ ਕਾਰਕੁਨਾਂ ਵਲੋਂ ਢਿਲਵਾਂ ਨੂੰ ਉਮੀਦਵਾਰ ਐਲਾਨੇ ਜਾਣ 'ਤੇ ਖ਼ੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਚੋਣਾਂ ਵਿਚ ਪਾਰਟੀ ਵਧੀਆ ਨਤੀਜੇ ਹਾਸਲ ਕਰੇਗੀ | ਦੱਸ ਦੇਈਏ ਕਿ ਤੇਜਿੰਦਰ ਸਿੰਘ ਢਿਲਵਾਂ ਪਾਰਟੀ ਪ੍ਰਤੀ ਇਕ ਵਫ਼ਾਦਾਰ ਸਿਪਾਹੀ ਦੀ ਤਰ੍ਹਾਂ ਕੰਮ ਕਰਦੇ ਆ ਰਹੇ ਹਨ | ਇਸ ਤੋਂ ਪਹਿਲਾਂ ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਤੇ ਪਾਰਟੀ ਦੇ ਕਾਫੀ ਸਰਗਰਮ ਆਗੂ ਹਨ |